ਮੋਦੀ ਵੱਲੋਂ ਭਾਰਤੀ ਪੈਰਾਲੰਪਿਕ ਦਲ ਦੇ ਮੈਂਬਰਾਂ ਦਾ ਸਨਮਾਨ

ਨਵੀਂ ਦਿੱਲੀ (ਸਮਾਜ ਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦਾ ਇਤਿਹਾਸ ਰਚਣ ਵਾਲੇ ਪੈਰਾਲੰਪੀਅਨਾਂ ਦਾ ਸਨਮਾਨ ਕਰਨ ਲਈ ਅੱਜ ਇੱਥੇ ਆਪਣੀ ਰਿਹਾਇਸ਼ ਵਿਖੇ ਉਨ੍ਹਾਂ ਨੂੰ ਨਾਸ਼ਤੇ ’ਤੇ ਸੱਦਿਆ। ਇਸ ਦੌਰਾਨ ਖਿਡਾਰੀਆਂ ਨੇ ਆਪਣੇ ਹਸਤਾਖਰਾਂ ਵਾਲਾ ਇਕ ਸਟੋਲ ਸ੍ਰੀ ਮੋਦੀ ਨੂੰ ਭੇਟ ਕੀਤਾ।

ਟੋਕੀਓ ਤੋਂ ਪਰਤੇ ਇਹ ਭਾਰਤੀ ਪੈਰਾ ਅਥਲੀਟ ਪੰਜ ਸੋਨ ਤਗ਼ਮਿਆਂ, ਅੱਠ ਚਾਂਦੀ ਦੇ ਤਗ਼ਮਿਆਂ ਅਤੇ ਛੇ ਕਾਂਸੀ ਦੇ ਤਗ਼ਮਿਆਂ ਸਣੇ 19 ਮੈਡਲ ਜਿੱਤ ਕੇ ਆਏ ਹਨ ਜੋ ਪੈਰਾਲੰਪਿਕ ਵਿਚ ਹੁਣ ਤੱਕ ਦਾ ਭਾਰਤ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਭਾਰਤ ਤਗ਼ਮਿਆਂ ਦੀ ਸੂਚੀ ਵਿਚ 24ਵੇਂ ਸਥਾਨ ’ਤੇ ਰਿਹਾ।

ਅਥਲੀਟਾਂ ਵੱਲੋਂ ਪ੍ਰਧਾਨ ਮੰਤਰੀ ਨੂੰ ਸਾਰੇ ਤਗ਼ਮਾ ਜੇਤੂਆਂ ਦੇ ਹਸਤਾਖਰਾਂ ਵਾਲਾ ਇਕ ਸਟੋਲ ਭੇਟ ਕੀਤਾ ਗਿਆ ਜੋ ਕਿ ਸ੍ਰੀ ਮੋਦੀ ਦੇ ਗਲੇ ਵਿਚ ਪਹਿਨਿਆ ਦੇਖਿਆ ਗਿਆ। ਇਸ ਦੌਰਾਨ ਕਈ ਖਿਡਾਰੀਆਂ ਨੇ ਆਪੋ-ਆਪਣੇ ਹਸਤਾਖਰਾਂ ਵਾਲੇ ਉਹ ਖੇਡ ਉਪਕਰਨ ਵੀ ਪ੍ਰਧਾਨ ਮੰਤਰੀ ਨੂੰ ਭੇਟ ਕੀਤੇ ਜਿਨ੍ਹਾਂ ਨਾਲ ਉਨ੍ਹਾਂ ਨੇ ਤਗ਼ਮੇ ਜਿੱਤੇ। ਸ੍ਰੀ ਮੋਦੀ ਨੇ ਕੋਚਾਂ ਸਣੇ ਦਲ ਦੇ ਸਮੁੱਚੇ ਮੈਂਬਰਾਂ ਨਾਲ ਗੈਰ-ਰਸਮੀ ਗੱਲਬਾਤ ਦੌਰਾਨ ਕਿਹਾ ਕਿ ਇਹ ਖੇਡ ਉਪਕਰਨ ਨਿਲਾਮ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੈਰਾਲੰਪੀਅਨਾਂ ਦੀ ਇਸ ਉਪਲੱਬਧੀ ਨਾਲ ਦੇਸ਼ ਵਿਚ ਸਮੁੱਚੇ ਖੇਡ ਭਾਈਚਾਰੇ ਦਾ ਮਨੋਬਲ ਵਧਿਆ ਹੈ ਅਤੇ ਉੱਭਰਦੇ ਖਿਡਾਰੀਆਂ ਨੂੰ ਪ੍ਰੇਰਣਾ ਮਿਲੀ ਹੈ।

ਸ੍ਰੀ ਮੋਦੀ ਨੇ ਭਾਰਤੀ ਦਲ ਦੇ ਹਾਰ ਨਾ ਮੰਨਣ ਵਾਲੇ ਜਜ਼ਬੇ ਤੇ ਇੱਛਾ ਸ਼ਕਤੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਆਪਣੀ ਜ਼ਿੰਦਗੀ ਵਿਚ ਮੁਸ਼ਕਿਲਾਂ ਨਾਲ ਜੂਝਣ ਵਾਲੇ ਖਿਡਾਰੀਆਂ ਦੀ ਇਹ ਉਪਲਬਧੀ ਬੇਹੱਦ ਸ਼ਲਾਘਾਯੋਗ ਹੈ। ਉਨ੍ਹਾਂ ਤਗ਼ਮੇ ਜਿੱਤਣ ਵਿਚ ਅਸਫਲ ਰਹੇ ਖਿਡਾਰੀਆਂ ਦਾ ਮਨੋਬਲ ਵਧਾਉਂਦੇ ਹੋਏ ਕਿਹਾ ਕਿ ਜਿੱਤ ਜਾਂ ਹਾਰ ਤੋਂ ਘਬਰਾਏ ਬਿਨਾ ਅੱਗੇ ਵਧਦਾ ਰਹਿਣਾ ਹੈ।

ਪੈਰਾ ਅਥਲੀਟਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਨਾਲ ਇਕ ਮੇਜ ’ਤੇ ਬੈਠਣਾ ਹੀ ਵੱਡੀ ਉਪਲਬਧੀ ਹੈ। ਇਸ ਮੌਕੇ ਖੇਡ ਮੰਤਰੀ ਅਨੁਰਾਗ ਠਾਕੁਰ, ਸਾਬਕਾ ਖੇਡ ਮੰਤਰੀ ਅਤੇ ਮੌਜੂਦਾ ਕਾਨੂੰਨ ਤੇ ਨਿਆਂ ਮੰਤਰੀ ਕਿਰਨ ਰਿਜਿਜੂ ਵੀ ਮੌਜੂਦ ਸਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਸਾਨਾਂ ਦੀਆਂ ਜ਼ਿੰਦਗੀਆਂ ਵਿੱਚ ਕ੍ਰਾਂਤੀ ਲਿਆਉਣਗੇ ਨਵੇਂ ਖੇਤੀ ਕਾਨੂੰਨ: ਤੋਮਰ
Next articlePutin attributes Afghan crisis to imposition of foreign values