(ਸਮਾਜ ਵੀਕਲੀ)
ਵੇਖੋ ਸਾਉਣ ਮਹੀਨਾ ਆਇਆ,
ਸਭਨਾਂ ਰਲ-ਮਿਲ ਸ਼ਗਨ ਮਨਾਇਆ।
ਚਾਅ ਫਿਰ ਸਾਡੇ ਮਨ ਵੀ ਆਇਆ,
ਅਸੀ ਵੀ ਹਾਲ ਏ ਬੁੱਕ ਕਰਾਇਆ।
ਅਸੀ ਆ ਵੱਡਿਆਂ ਘਰਾਂ ਦੀਆਂ ਜਾਈਆਂ,
ਤੀਆਂ ਹੋਟਲ ਵਿੱਚ ਲਗਾਈਆਂ।
ਹੱਥੀ ਚੂੜੀਆਂ, ਮਹਿੰਦੀ ਸਜਾਈ,
ਜਿਊਲਰੀ ਆਡਰ ਤੇ ਮੰਗਵਾਈ।
ਫੁਲਕਾਰੀ ਵਾਲਾ ਸੂਟ ਸਵਾਇਆ,
ਲਹਿੰਗਾ ਰੈੱਟ ਤੇ ਏ ਮੰਗਵਾਇਆ।
ਦਿਲ ਰੀਝਾਂ ਸਭ ਪੁਗਾਈਆਂ,
ਅਸੀ ਆ ਵੱਡਿਆਂ ਘਰਾਂ ਦੀਆਂ ਜਾਈਆਂ।
ਪੀਂਘ ਏ ਲੌਬੀ ਦੇ ਵਿੱਚ ਪਾਈ,
ਉੱਚੀ ਜਾਏ ਨਾ ਸਾਥੋਂ ਚੜਾਈ।
ਸੱਦੈ ਡੀ ਜੇ ਗਾਣਾ ਵਜਾਓ,
ਬੋਲੀਆਂ ਰੈਡੀਮੇਡ ਹੀ ਪਾਓ।
ਸਾਨੂੰ ਬੋਲੀਆਂ ਪਾਉਣੀਆਂ ਨਾ ਆਈਆ,
ਅਸੀ ਆ ਵੱਡਿਆਂ ਘਰਾਂ ਦੀਆਂ ਜਾਈਆਂ।
ਖੀਰ ਵੀ ਰਿੱਝੀ, ਪੂੜੇ ਪਕਾਏ,
ਹਲਵਾਈ ਦੂਰੋਂ ਅਸੀ ਮੰਗਾਏ।
ਕੋਨਟੀਨੈਟਲ ਫੂਡ ਮੰਗਾਓ,
ਤੜਕਾ ਚਾਈਨੀਜ਼ ਦਾ ਵੀ ਲਾਓ,
ਪੀ ਜੇ ਬਰਗਰ ਦੀਆਂ ਭਰਮਾਈਆਂ,
ਅਸੀ ਆਂ ਵੱਡਿਆਂ ਘਰਾਂ ਦੀਆਂ ਜਾਈਆਂ।
ਵਿਰਸਾ ਉੱਡ ਰਿਹਾ ਵਾਂਗ ਹਨੇਰੀ,
ਰੀਤਾਂ ਮੁੱਠੀ ਵਿੱਚ ਰੇਤ ਦੀ ਢੇਰੀ।
ਨੀਂਦੋਂ ਜਾਗੋ,ਥੋੜਾ ਸੰਭਾਲੋ,
ਜੋ ਏ ਬੱਚਦਾ, ਉਹੀ ਬਚਾ ਲੋ।
ਵਿਰਸਾ ਮਰਦਾ ਪਾਉਂਦਾ ਦੁਹਾਈਆਂ,
ਅਸੀ ਆ ਵੱਡਿਆਂ ਘਰਾਂ ਦੀਆਂ ਜਾਈਆਂ।
ਸਤਨਾਮ ਕੌਰ ਤੁਗਲਵਾਲਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly