ਵਿਧਾਇਕ ਕਮਾਲੂ ਨੂੰ ਨਾਗਰਾ ਨੇ ਇੰਜ ਦਿੱਤਾ ‘ਮਾਣ’

ਚੰਡੀਗੜ੍ਹ (ਸਮਾਜ ਵੀਕਲੀ):  ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਨੇ ਅੱਜ ਇੱਥੇ ਕਾਂਗਰਸ ਭਵਨ ’ਚ ਹਲਕਾ ਮੌੜ ਤੋਂ ਵਿਧਾਇਕ ਜਗਦੇਵ ਸਿੰਘ ਕਮਾਲੂ ਨੂੰ ਕੁਰਸੀ ’ਤੇ ਬੈਠਣ ਤੋਂ ਰੋਕ ਦਿੱਤਾ| ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਪ੍ਰੈੱਸ ਕਾਨਫਰੰਸ ਦੌਰਾਨ ਜਦੋਂ ਖ਼ਾਲੀ ਕੁਰਸੀ ਦੇਖ ਕੇ ਵਿਧਾਇਕ ਜਗਦੇਵ ਸਿੰਘ ਕਮਾਲੂ ਬੈਠਣ ਲੱਗੇ ਤਾਂ ਕੁਲਜੀਤ ਨਾਗਰਾ ਨੇ ਉਨ੍ਹਾਂ ਨੂੰ ਬੈਠਣ ਨਾ ਦਿੱਤਾ| ਵਿਧਾਇਕ ਕਮਾਲੂ ਨੇ ਮੌਕੇ ’ਤੇ ਇੰਨੀ ਨਿਮਰਤਾ ਦਿਖਾਈ ਕਿ ਹੱਥ ਜੋੜ ਕੇ ਵਿਧਾਇਕ ਨਾਗਰਾ ਦਾ ਹੁਕਮ ਸਿਰ ਮੱਥੇ ਮੰਨ ਲਿਆ|

ਕਾਂਗਰਸ ਭਵਨ ’ਚ ਜਨਤਕ ਤੌਰ ’ਤੇ ਮੀਡੀਆ ਦੀ ਹਾਜ਼ਰੀ ਵਿਚ ਇੱਕ ਵਿਧਾਇਕ ਦੀ ਇਸ ਤਰ੍ਹਾਂ ਜ਼ਲਾਲਤ ਤੋਂ ਸਿਆਸੀ ਹਲਕੇ ਵੀ ਹੱਕੇ-ਬੱਕੇ ਰਹਿ ਗਏ| ਦੇਖਿਆ ਗਿਆ ਕਿ ਜਦੋਂ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਪ੍ਰੈੱਸ ਕਾਨਫਰੰਸ ਚੱਲ ਰਹੀ ਸੀ ਤਾਂ ਅਚਾਨਕ ਸਾਬਕਾ ਪੁਲੀਸ ਅਧਿਕਾਰੀ ਮੁਹੰਮਦ ਮੁਸਤਫ਼ਾ ਫੋਨ ਆਉਣ ’ਤੇ ਉੱਠ ਕੇ ਚਲੇ ਗਏ| ਇਸ ਮਗਰੋਂ ਵਿਧਾਇਕ ਜਗਦੇਵ ਕਮਾਲੂ ਪੁੱਜ ਗਏ ਜੋ ਨਾਗਰਾ ਕੋਲ ਖ਼ਾਲੀ ਪਈ ਕੁਰਸੀ ਦੇਖ ਕੇ ਬੈਠਣ ਲੱਗੇ ਤਾਂ ਵਿਧਾਇਕ ਨਾਗਰਾ ਨੇ ਉਨ੍ਹਾਂ ਨੂੰ ਫੌ਼ੌਰੀ ਰੋਕ ਦਿੱਤਾ|

ਵਿਧਾਇਕ ਕਮਾਲੂ ਹੱਥ ਜੋੜ ਕੇ ਨਜ਼ਦੀਕ ਪ੍ਰਾਜੈਕਟਰ ਕੋਲ ਖੜ੍ਹੇ ਤਾਂ ਉੱਥੋਂ ਵੀ ਉਨ੍ਹਾਂ ਨੂੰ ਇਸ਼ਾਰਾ ਕਰ ਕੇ ਪਾਸੇ ਕਰ ਦਿੱਤਾ ਗਿਆ| ਇਸ ਮਗਰੋਂ ਉਹ ਕਾਂਗਰਸ ਭਵਨ ’ਚੋਂ ਹੀ ਬਾਹਰ ਚਲੇ ਗਏ| ਅੱਜ ਮੌਕੇ ਤੇ ਸਿਆਸੀ ਲੋਕਾਂ ਨੇ ਇੱਕ ਵਿਧਾਇਕ ਦੀ ਦੁਰਗਤੀ ਦਾ ਬੁਰਾ ਮਨਾਇਆ| ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਵੀ ਇਸ ਦਾ ਕੋਈ ਨੋਟਿਸ ਨਾ ਲਿਆ|

ਚੇਤੇ ਰਹੇ ਕਿ ਹਲਕਾ ਮੌੜ ਤੋਂ ‘ਆਪ’ ਦੀ ਟਿਕਟ ’ਤੇ ਜਗਦੇਵ ਸਿੰਘ ਕਮਾਲੂ ਚੋਣ ਜਿੱਤੇ ਸਨ| ਕੁੱਝ ਸਮਾਂ ਪਹਿਲਾਂ ਉਹ ਆਪਣੇ ਸਾਥੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਵਿਧਾਇਕ ਪਿਰਮਲ ਸਿੰਘ ਸਣੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ ਸਨ| ਮੁੱਖ ਮੰਤਰੀ ਅਮਰਿੰਦਰ ਸਿੰਘ ਤਰਫ਼ੋਂ ਹਲਕਾ ਮੌੜ ਤੋਂ ਉਨ੍ਹਾਂ ਨੂੰ ਹਲਕਾ ਇੰਚਾਰਜ ਵਜੋਂ ਡਿਊਟੀ ਦਿੱਤੀ ਹੋਈ ਹੈ| ‘ਆਪ’ ਸਮਰਥਕਾਂ ਵੱਲੋਂ ਕਮਾਲੂ ਨੂੰ ਕੁਰਸੀ ਨਾ ਮਿਲਣ ’ਤੇ ਵਿਅੰਗ ਵੀ ਕਸੇ ਜਾ ਰਹੇ ਹਨ| ਦੂਸਰੀ ਤਰਫ਼, ਪੱਖ ਲੈਣ ਲਈ ਨਾਗਰਾ ਨੁੂੰ ਫੋਨ ਕੀਤਾ ਪਰ ਉਨ੍ਹਾਂ ਫੋਨ ਚੁੱਕਿਆ ਨਹੀਂ|

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਸਿਮ ਤੇ ਰੋਡੇ ਨੇ ਤੇਲ ਦਾ ਟੈਂਕਰ ਉਡਾਉਣ ਲਈ ਦਿੱਤੇ ਸਨ ਹੁਕਮ: ਡੀਜੀਪੀ
Next articleਬੀਬੀ ਜਗੀਰ ਕੌਰ ਤੇ ਜਥੇਦਾਰ ਰਘਬੀਰ ਸਿੰਘ ਅਸਤੀਫਾ ਦੇਣ: ਪਰਮਜੀਤ ਸਰਨਾ