ਪਹਿਲੇ ਤਿੰਨ ਸਥਾਨਾਂ ‘ਤੇ ਆਉਣ ਵਾਲੇ ਜੇਤੂਆਂ ਨੂੰ ਨਕਦ ਇਨਾਮਾਂ ਨਾਲ ਕੀਤਾ ਗਿਆ ਸਨਮਾਨਿਤ
ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਯੁਵਕ ਸੇਵਾਵਾਂ ਵਿਭਾਗ, ਪੰਜਾਬ ਅਤੇ ਪੰਜਾਬ ਰਾਜ ਏਡਜ਼ ਕੰਟਰੋਲ ਸੋਸਾਇਟੀ ਦੇ ਸਹਿਯੋਗ ਨਾਲ ਅੱਜ ਆਈ.ਕੇ ਗੁਜਰਾਲ ਪੀ.ਟੀ.ਯੂ ਕੈਂਪਸ, ਹੁਸ਼ਿਆਰਪੁਰ ਵਿਖੇ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ ਪ੍ਰੀਤ ਕੋਹਲੀ ਦੀ ਅਗਵਾਈ ਹੇਠ ਰੈੱਡ ਰਨ ਮੈਰਾਥਨ ਆਯੋਜਿਤ ਕੀਤੀ ਗਈ। ਇਸ ਮੈਰਾਥਨ ਨੂੰ ਮੁੱਖ ਮਹਿਮਾਨ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। 5 ਕਿਲੋਮੀਟਰ ਦੀ ਇਸ ਮੈਰਾਥਨ ਵਿਚ 100 ਤੋਂ ਵੱਧ ਰੈੱਡ ਰਿਬਨ ਕਲੱਬਾਂ ਦੇ ਵਲੰਟੀਅਰ ਸ਼ਾਮਿਲ ਹੋਏ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਜਿੰਪਾ ਨੇ ਕਿਹਾ ਕਿ ਦੇਸ਼ ਦਾ ਭਵਿੱਖ ਨੌਜਵਾਨਾਂ ਦੇ ਹੱਥਾਂ ਵਿਚ ਹੈ ਅਤੇ ਉਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਬਹੁਤ ਜ਼ਰੂਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅਜੋਕੇ ਸਮੇਂ ਵਿਚ ਨਸ਼ਾਖੋਰੀ ਅਤੇ ਏਡਜ਼ ਵਰਗੀਆਂ ਗੰਭੀਰ ਚੁਣੌਤੀਆਂ ਨੂੰ ਰੋਕਣ ਲਈ ਜਾਗਰੂਕਤਾ ਸਭ ਤੋਂ ਸ਼ਕਤੀਸ਼ਾਲੀ ਸਾਧਨ ਹੈ। ਵਿਧਾਇਕ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਨਿਰਦੇਸ਼ ਦਿੱਤੇ ਕਿ ਅਜਿਹੀਆਂ ਜਾਗਰੂਕਤਾ ਮੁਹਿੰਮਾਂ ਜਾਰੀ ਰਹਿਣੀਆਂ ਚਾਹੀਦੀਆਂ ਹਨ। ਮੈਰਾਥਨ ਦੇ ਜੇਤੂਆਂ ਨੂੰ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਲੜਕੀਆਂ ਵਿਚ ਪਹਿਲੇ ਸਥਾਨ ‘ਤੇ ਜੀ.ਟੀ.ਬੀ ਖਾਲਸਾ ਕਾਲਜ ਦਸੂਹਾ ਦੀ ਪੂਜਾ, ਦੂਜੇ ਸਥਾਨ ‘ਤੇ ਮਨਦੀਪ ਕੌਰ ਅਤੇ ਕਿਰਨ ਕੁਮਾਰੀ ਤੀਜੇ ਸਥਾਨ ਤੇ ਰਹੀ। ਲੜਕਿਆਂ ਵਿਚੋਂ ਡੀ.ਏ.ਵੀ ਕਾਲਜ ਹੁਸ਼ਿਆਰਪੁਰ ਦੇ ਮੋਹਿਤ ਨੇ ਪਹਿਲਾ, ਆਈ.ਕੇ.ਜੀ.ਪੀ.ਟੀ.ਯੂ ਦੇ ਗੁਲਸ਼ਨ ਬੱਧਨ ਨੇ ਦੂਜਾ ਅਤੇ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਦੇ ਰੋਹਿਤ ਕੁਮਾਰ ਅਤੇ ਡੀ.ਏ.ਵੀ ਕਾਲਜ ਦੇ ਸਚਿਨ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂਆਂ ਨੂੰ ਕ੍ਰਮਵਾਰ 4,000 ਰੁਪਏ, 3,000 ਰੁਪਏ ਅਤੇ 2,000 ਰੁਪਏ ਦੇ ਇਨਾਮ ਦਿੱਤੇ ਗਏ।



