ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਿਹਤ ਵਿਭਾਗ ਵੱਲੋਂ ਏਡਜ਼ ਦਿਵਸ ’ਤੇ ‘ਟੇਕ ਦਾ ਰਾਈਟ ਪਾਥ: ਮਾਈ ਹੈਲਥ, ਮਾਈ ਰਾਈਟ’ ਥੀਮ ’ਤੇ ਸਥਾਨਕ ਐਸ.ਡੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਤੋਂ ਵਾਕਾਥਾਨ ਕਰਵਾਈ ਗਈ। ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਅਤੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਹਰੀ ਝੰਡੀ ਦੇ ਕੇ ਵਾਕਾਥਾਨ ਨੂੰ ਰਵਾਨਾ ਕੀਤਾ ਅਤੇ ਖੁਦ ਵੀ ਵਾਕਾਥਾਨ ਵਿਚ ਸ਼ਾਮਿਲ ਹੋਏ। ਵਾਕਾਥਾਨ ਐਸ.ਡੀ ਸੀਨੀਅਰ ਸੈਕੰਡਰੀ ਸਕੂਲ ਤੋਂ ਹੁੰਦੇ ਹੋਏ ਗਊਸ਼ਾਲਾ ਬਜਾਰ, ਸਬਜ਼ੀ ਮੰਡਰੀ, ਘੰਟਾ ਘਰ, ਕਸ਼ਮੀਰੀ ਬਜਾਰ, ਪ੍ਰਤਾਪ ਚੌਂਕ, ਕਣਕ ਮੰਡੀ ਤੋਂ ਹੁੰਦੀ ਹੋਈ ਵਾਪਸ ਐਸ.ਡੀ ਸੀਨੀਅਰ ਸੈਕੰਡਰੀ ਸਕੂਲ ਜਾ ਕੇ ਸਮਾਪਤ ਹੋਈ। ਵਾਕਾਥਾਨ ਦਾ ਉਦੇਸ਼ ਸਮਾਜ ਵਿਚ ਐਚ.ਆਈ.ਵੀ/ਏਡਜ਼ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ। ਵਾਕਾਥਾਨ ਤੋਂ ਪਹਿਲਾ ਸਕੂਲ ਵਿਚ ਜਾਗਰੂਕਤਾ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਐਚ.ਆਈ.ਵੀ/ਏਡਜ਼ ਵਰਗੀ ਗੰਭੀਰ ਬੀਮਾਰੀ ਪ੍ਰਤੀ ਜਾਗਰੂਕਤਾ ਫੈਲਾਉਣਾ ਸਮੇਂ ਦੀ ਮੰਗ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਨਾ ਕੇਵਲ ਜਾਣਕਾਰੀ ਪ੍ਰਦਾਨ ਕਰਦੇ ਹਨ ਬਲਕਿ ਲੋਕਾਂ ਨੂੰ ਇਸ ਦੇ ਬਚਾਅ ਅਤੇ ਇਲਾਜ ਪ੍ਰਤੀ ਜਾਗਰੂਕ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਏ.ਆਰ.ਟੀ ਕੇਂਦਰਾਂ ਵਿਚ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ ਮਰੀਜ਼ਾਂ ਦੀ ਪਹਿਚਾਣ ਵੀ ਗੁਪਤ ਰੱਖੀ ਜਾਂਦੀ ਹੈ। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਏਡਜ਼ ਵਰਗੀ ਮਿਲਾਰੀ ਤੋਂ ਬਚਣ ਦਾ ਇਕੋ ਇਕ ਤਰੀਕਾ ਸਹੀ ਜਾਣਕਾਰੀ ਅਤੇ ਬਚਾਅ ਦੇ ਤਰੀਕਿਆਂ ਨੂੰ ਅਪਣਾਉਣਾ ਹੈ। ਉਨ੍ਹਾਂ ਕਿਹਾ ਕਿ ਐਚ.ਆਈ.ਵੀ ਪੀੜਤ ਵਿਅਕਤੀਆਂ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ ਬਲਕਿ ਉਨ੍ਹਾਂ ਨਾਲ ਹਮਦਰਦੀ ਕਰਦੇ ਹੋਏ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਵਿਅਕਤੀਆਂ ਨੂੰ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਪ੍ਰੋਗਰਾਮ ਵਿਚ ਨੌਜਵਾਨਾਂ ਦੀ ਭਾਗੀਦਾਰੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਨੌਜਵਾਨ ਵਰਗ ਇਸ ਸੰਦੇਸ਼ ਨੂੰ ਦੇ ਪ੍ਰਚਾਰ-ਪ੍ਰਸਾਰ ਵਿਚ ਅਹਿਮ ਭੂਮਿਕਾ ਨਿਭਾਅ ਸਕਦਾ ਹੈ। ਸਿਵਲ ਸਰਜਨ ਡਾ. ਪਵਨ ਕੁਮਾਰ ਨੇ ਦੱਸਿਆ ਕਿ ਏਡਜ਼ ਵਰਗੀ ਬੀਮਾਰੀ ਨੂੰ ਖਤਮ ਕਰਨ ਲਈ ਸਿਹਤ ਵਿਭਾਗ ਵੱਲੋਂ ਮੁਫ਼ਤ ਟੈਸਟ, ਕਾਊਂਸਲਿੰਗ ਅਤੇ ਦਵਾਈਆਂ ਦੀ ਸਹੂਲਤ ਉਪਲਬੱਧ ਕਰਵਾਈ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਤਰ੍ਹਾਂ ਦੀ ਜਾਗਰੂਕਤਾ ਮੁਹਿੰਮ ਨਿਯਮਿਤ ਤੌਰ ਕੀਤੇ ਜਾਣਗੇ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਦਾ ਲਾਭ ਹੋ ਸਕੇ। ਇਸ ਤੋਂ ਪਹਿਲਾ ਪੁਨਰਵਾਸ ਕੇਂਦਰ ਦੀ ਪ੍ਰਬੰਧਕ ਨਿਸ਼ਾ ਰਾਣੀ ਨੇ ਵਿਦਿਆਰਥੀਆਂ ਨੂੰ ਏਡਜ਼ ਦੇ ਕਾਰਨਾਂ, ਲੱਛਣਾਂ, ਇਲਾਜ ਦੇ ਬਾਰੇ ਵਿਚ ਵਿਸਥਾਰਪੂਰਕ ਜਾਣਕਾਰੀ ਦਿੱਤੀ। ਵਾਕਾਥਾਨ ਵਿਚ ਵਿਦਿਆਰਥੀਆਂ, ਅਧਿਆਪਕਾਂ, ਸਿਹਤ ਕਰਮੀਆਂ ਅਤੇ ਸਮਾਜਿਕ ਸੰਸਥਾਵਾਂ ਦੇ ਮੈਂਬਰਾਂ ਨੇ ਵੱਡੀ ਸੰਖਿਆ ਵਿਚ ਭਾਗ ਲਿਆ। ਇਸ ਮੌਕੇ ਸ੍ਰੀ ਸਨਾਤਮ ਧਰਮ ਸਭਾ ਦੇ ਪ੍ਰਧਾਨ ਕਮਲੇਸ਼ ਸ਼ਰਮਾ, ਸਕੱਤਰ ਡਾ. ਬਿੰਦੂਸਾਰ ਸ਼ੁਕਲਾ, ਚੇਅਰਮੈਨ ਵਿਸ਼ਣੂ ਦਿਗੰਬਰ ਸੂਦ, ਸਕੱਤਰ ਮਲਹੋਤਰਾ, ਮਧੂਸੂਦਨ ਕਾਲੀਆ, ਸਕੂਲ ਪ੍ਰਿੰਸੀਪਲ ਪੁਨੀਤ ਕੁਮਾਰ ਸਚਦੇਵਾ, ਡਾ. ਮਹਿਮਾ ਮਿਨਹਾਸ, ਡਿਪਟੀ ਮਾਸ ਮੀਡੀਆ ਅਧਿਕਾਰੀ ਰਮਨਦੀਪ ਕੌਰ ਅਤੇ ਕਾਊਂਸਲਿੰਗ ਪ੍ਰਸ਼ਾਂਤ ਆਦੀਆ ਵੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly