ਪਿੰਡ ਜੈਨਪੁਰ ਤੋਂ ਝੱਲ ਲੇਈ ਵਾਲਾ ਤੱਕ 50 ਲੱਖ ਰੁਪਏ ਦੀ ਲਾਗਤ ਨਾਲ ਬਣੇਗੀ ਸੜਕ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸੂਬੇ ਦੇ ਕਿਸੇ ਵੀ ਹਲਕੇ ਦੇ ਵਿਕਾਸ ਕਾਰਜਾਂ ‘ਚ ਸੁਲਤਾਨਪੁਰ ਲੋਧੀ ਹਲਕਾ ਨੰਬਰ 1 ਤੇ ਆਵੇਗਾ ਕਿਉਂਕਿ ਜੋ ਵਿਕਾਸ ਕਾਰਜ ਹੁਣ ਤੱਕ ਹਲਕੇ ਚ ਹੋ ਚੁੱਕੇ ਹਨ ਉਨ੍ਹਾਂ ਸ਼ਾਇਦ ਕਿਸੇ ਵੀ ਹਲਕੇ ਚ ਨਹੀਂ ਹੋਏ ਹੋਣਗੇ। ਇਹ ਦਾਅਵਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਅੱਜ ਪਿੰਡ ਜੈਨਪੁਰ ਵਿਖੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਉੱਘੇ ਕਾਂਗਰਸੀ ਆਗੂ ਨਰਿੰਦਰ ਸਿੰਘ ਜੈਨਪੁਰੀ ਦੀ ਅਗਵਾਈ ’ਚ ਪਿੰਡ ਜੈਨਪੁਰ ਤੋਂ ਝੱਲ ਲੇਈ ਵਾਲਾ ਨੂੰ 2 ਕਿਲੋਮੀਟਰ ਜਾਂਦੀ ਸੜਕ 50 ਲੱਖ ਰੁਪਏ ਦੀ ਲਾਗਤ ਨਾਲ ਪੂਰਾ ਕਰਨ ਦੇ ਕੰਮ ਦਾ ਨੀਂਹ ਪੱਥਰ ਰੱਖਣ ਉਪਰੰਤ ਕਹੇ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਦੀ ਇਹ ਮੰਗ ਲੰਮੇ ਸਮੇਂ ਤੋਂ ਚਲੀ ਆ ਰਹੀ ਸੀ ਜਿਸ ਨੂੰ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਨਰਿੰਦਰ ਸਿੰਘ ਜੈਨਪੁਰ ਨੇ ਹੁਣ ਪੂਰਾ ਕਰਵਾਇਆ ਹੈ।
ਉਨ੍ਹਾਂ ਕਿਹਾ ਕਿ ਇਸ ਸੜਕ ਦੇ ਬਣਨ ਨਾਲ 2 ਪਿੰਡਾਂ ਦੇ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ ਕਿਉਂਕਿ ਪਿੰਡ ਝੱਲ ਲੇਈ ਵਾਲਾ ਦੇ ਲੋਕਾਂ ਨੂੰ ਸੁਸਾਇਟੀ ਪਿੰਡ ਜੈਨਪੁਰ ‘ਚ ਪੈਂਦੀ ਹੈ ਅਤੇ ਰਸਤਾ ਕੱਚਾ ਹੋਣ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਸੜਕ ਦੇ ਬਣਨ ਨਾਲ ਜਿੱਥੇ ਲੋਕਾਂ ਦੀ ਸਮੱਸਿਆ ਹੱਲ ਹੋਵੇਗੀ ਉੱਥੇਹਲਕੇ ਦਾ ਹੋਰ ਵਿਕਾਸ ਹੋਵੇਗਾ। ਉਨ੍ਹਾਂ ਇਸ ਮੌਕੇ ਪਿੰਡ ਵਾਸੀਆਂ ਦੀ ਮੁੱਖ ਸੜਕ ਤੋਂ ਨਿਕਲ ਰਹੀ ਇੱਕ ਹੋਰ ਛੋਟੀ ਸੜਕ ਨੁੰ ਪੂਰਾ ਕਰਨ ਦੀ ਮੰਗ ਨੂੰ ਸਵਿਕਾਰ ਕਰਕੇ ਇਸ ਸਬੰਧੀ ਵੀ ਐਸਟੀਮੇਟ ਤੁਰੰਤ ਭੇਜਣ ਦੇ ਨਿਰਦੇਸ਼ ਦਿੱਤੇ। ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਰਿੰਦਰ ਸਿੰਘ ਜੈਨਪੁਰੀ ਨੇ ਵਿਧਾਇਕ ਚੀਮਾ ਵੱਲੋਂ ਪਿੰਡ ਵਾਸੀਆਂ ਦੀ ਲੰਮੇ ਸਮੇਂ ਤੋਂ ਚਲੀ ਆ ਰਹੀ ਮੰਗ ਨੂੰ ਪੂਰਾ ਕਰਨ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਡੇ ਹਲਕੇ ਦੇ ਵਿਕਾਸ ਦੇ ਮਸੀਹਾ ਵਿਧਾਇਕ ਚੀਮਾ ਨੂੰ ਪਹਿਲਾਂ ਨਾਲੋਂ ਵੀ ਵੱਧ ਲੀਡ ਤੇ ਜਿਤਾ ਕਿੇ ਵਿਧਾਨ ਸਭਾ ਵਿੱਚ ਭੇਜਾਂਗੇ।
ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਵਿਧਾਇਕ ਚੀਮਾ ਨੇ ਕਿਹਾ ਕਿ ਦੁਆਬੇ ਦੇ ਇਸ ਹਲਕੇ ‘ਚ ਹੋਰ ਵੀ ਚੱਲ ਰਹੀ ਸਿਆਸੀ ਹਲਚਲ ਦੇ ਸਵਾਲ ਦਾ ਜਵਾਬ ਦਿੰਦੇ ਕਿਹਾ ਕਿ ਕਾਰਪੋਰੇਟ ਘਰਾਣੇ ਨਾਲ ਸਬੰਧਤ ਇੱਕ ਮੰਤਰੀ ਰਲਕੇ ‘ਚ ਮਜ਼ਬੂਤ ਕਾਂਗਰਸ ਦੇ ਅਧਾਰ ਨੂੰ ਕਮਜੋਰ ਕਰਨ ਲਈ ਜੋ ਕੋਸ਼ਿਸ਼ ਕਰ ਰਿਹਾ ਹੈ ਉਸ ਦਾ ਸਭ ਨੂੰ ਪਤਾ ਹੈ। ਉਨ੍ਹਾਂ ਕਿਹਾ ਕਿ ਮੇਰੇ ਪਿਤਾ ਸਵ: ਗੁਰਮੇਲ ਸਿੰਘ ਚੀਮਾ ਨੇ ਅੱਤਵਾਦ ਦੇ ਉਸ ਕਾਲੇ ਦੌਰ ‘ਚ ਗੋਲੀਆਂ ਦੀ ਦਨਦਨ ਦੇ ਵਿਚਕਾਰ ਚੋਣ ਲੜੀ ਸੀ ਅਤੇ ਜੋ ਪਰਿਵਾਰ ਉਸ ਸਮੇਂ ਅੱਤਵਾਦ ਦੇ ਦੌਰ ‘ਚ ਨਹੀਂ ਡਰਿਆ ਉਹ ਹੁਣ ਕਿਵੇਂ ਡਰੇਗਾ। ਉਨ੍ਹਾਂ ਕਿਹਾ ਕਿ 2007 ਤੋਂ ਮੇਰੇ ਵੱਲੋਂ ਪਹਿਲੀ ਵਾਰ ਚੋਣ ਲੜਕ ਸਮੇਂ ਤੋਂ ਲੈ ਕੇ ਹੁਣ ਤੱਕ ਇਸ ਮੰਤਰੀ ਨੇ ਮੇਰਾ ਵਿਰੋਧ ਕੀਤਾ ਸੀ ਪ੍ਰੰਤੂ ਵਾਹਿਗੁਰੂ ਦੀ ਕ੍ਰਿਪਾ ਸਦਕਾ ਮੈਂ ਨਾ ਸਿਰਫ 2012 ਅਤੇ 2017 ਚ ਲਗਤਾਰ 2 ਵਾਰ ਚੋਣ ਜਿੱਤ ਕੇ ਅਕਾਲੀ ਦਲ ਦੀ ਪੰਥਕ ਕਿਲੇ੍ਹ ਨੂੰ ਤਹਿਸ ਨਹਿਸ ਕੀਤਾ ਬਲਕਿ ਕਾਂਗਰਸ ਪਾਰਟੀ ਦਾ ਹਰੇਕ ਚੋਣਾ ‘ਚ ਝੰਡਾ ਬੁਲੰਦ ਕੀਤਾ।
ਵਿਧਾਇਕ ਚੀਮਾਂ ਨੇ ਕਿਹਾ ਕਿ ਪਾਰਟੀ ਨਾਲ ਗਦਾਰੀ ਹਮੇਸ਼ਾਂ ਕਾਰਪੋਰੇਟ ਘਰਾਣੇ ਹੀ ਕਰਦੇ ਹਨ ਜੋ ਆਪਣੇ ਨਿੱਜੀ ਮੁਫਾਦਾਂ ਵਾਸਤੇ ਕਿਸੇ ਵੀ ਸਮੇਂ ਪਾਰਟੀ ਨੂੰ ਛੱਡਣ ਦੀਆਂ ਧਮਕੀਆਂ ਵੀ ਦੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਰਾਜ ‘ਚ 2012 ਤੋਂ 2017 ਤੱਕ ਸਿਰਫ ਸੁਲਤਾਨਪੁਰ ਲੋਧੀ ਹਲਕੇ ਤੋਂ ਇਕਲੌਤੀ ਨਗਰ ਕੌਂਸਲ ਬਣਵਾ ਕੇ ਆਪਣਾ ਲੋਹਾ ਮਨਵਾਇਆ ਸੀ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕੇ ‘ਚ ਜਿਸ ਮੰਤਰੀ ਦੀ ਲੀਡ 28 ਹਜ਼ਾਰ ਹੋਵੇ ਉਹ ਲੋਕ ਸਭਾ ‘ਚ ਘਟ ਕੇ 600 ਰਹਿ ਜਾਵੇ। ਇਸ ਲਈ ਕਿਸੇ ਦੂਸਰੇ ਹਲਕੇ ‘ਚ ਦਖਲ ਦੇਣ ਤੋਂ ਪਹਿਲਾਂ ਆਪਣਾ ਹਲਕੇ ਨੂੰ ਵੇਖਣਾ ਚਾਹੀਦਾ ਹੈ। ਅਕਾਲੀ ਦਲ ਦੇ ਹਲਕੇ ‘ਚ ਉੱਖੜ ਚੁੱਕੇ ਪੈਰਾਂ ਨੂੰ ਲੈ ਕੇ ਪੁੱਛੇ ਸਵਾਲ ਤੇ ਵਿਧਾਇਕ ਚੀਮਾ ਨੇ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਪੈਰਾਸ਼ੂਟ ਰਾਹੀਂ ਉਤਾਰੇ ਅਕਾਲੀ ਉਮੀਦਵਾਰ ਦੀ ਉਮੀਦਵਾਰੀ ਤੋਂ ਸਮੂਹ ਅਕਾਲੀ ਖੇਮਾ ਨਿਰਾਸ਼ ਬੈਠਾ ਹੈ ਅਤੇ ਇਹ ਵੀ ਹੋ ਸਕਦਾ ਹੈ ਕਿ ਅਕਾਲੀ ਦਲ ਕਿਤੇ ਆਪਣਾ ਉਮੀਦਵਾਰ ਹੀ ਨਾ ਬਦਲ ਲਵੇ।
ਆਮ ਆਦਮੀ ਪਾਰਟੀ ਤੇ ਤੰਜ ਕਰਦਿਆਂ ਸ੍ਰੀ ਚੀਮਾ ਨੇ ਕਿਹਾ ਕਿ ਇਸ ਪਾਰਟੀ ਦਾ ਮੁੱਖ ਆਗੂ ਕੇਜਰੀਵਾਲ ਜੋ ਨਿਰਾ ਝੂਠ ਤੇ ਗੱਪਾਂ ਦੀ ਪੰਡ ਹੈ ਤਾਂ ਇਸ ਤੋਂ ਬਾਅਦ ਹੇਠਲੇ ਆਗੂਆਂ ਦੇ ਬਾਰੇ ਕੀ ਕਹਿਣਾ ਜੋ ਆਗੂ ਸਿਰਫ ਟਿਕਰ ਪ੍ਰਾਪਤ ਕਰਨ ਲਈ ਮਾਂ ਪਾਰਟੀ ਨਾਲ ਗਦਾਰੀ ਕਰੇ ਉਸ ਤੋਂ ਲੋਕ ਕਿਵੇਂ ਉਮੀਦ ਰੱਖ ਸਕਦੇ ਹਨ। ਉਨ੍ਹਾਂ ਵਰਕਰਾਂ ਤੇ ਆਗੂਆਂ ਨੂੰ ਤਗੜੇ ਹੋ ਕੇ ਮਿਹਨਤ ਕਰਨ ਲਈ ਕਿਹਾ ਤਾਂ ਕਿ ਇਨ੍ਹਾਂ ਕਾਰਪੋਰੇਟ ਘਰਾਣਿਆਂ ਦਾ ਮੂੰਹ ਬੰਦ ਕਰ ਸਕੀਏ। ਇਸ ਮੌਕੇ ਚੇਅਰਮੈਨ ਕੰਬੋਜ ਵੈਲਫੇਅਰ ਬੋਰਡ ਪੰਜਾਬ ਐਡ ਜਸਪਾਲ ਸਿੰਘ ਧੰਜੂ, ਸਾਬਕਾ ਸਰਪੰਚ ਦਲੀਪ ਸਿੰਘ, ਐਨ ਆਰ ਆਈ ਪਿਆਰਾ ਸਿੰਘ, ਕਿਹਰ ਸਿੰਘ, ਹਰਦੀਪ ਸਿੰਘ, ਗਿਆਨ ਸਿੰਘ, ਸੋਹਣ ਲਾਲ ਸਾਬਕਾ ਸਰਪੰਚ, ਸਵਰਨ ਸਿੰਘ ਸਰੂਪ ਸਿੰਘ, ਅਮਰਜੀਤ ਸਿੰਘ, ਸਰਪੰਚ ਰਣਜੀਤ ਕੌਰ, ਮੇਹਰ ਸਿੰਘ ਵਿਰਕ, ਰਮੇਸ਼ ਡਡਵਿੰਡੀ, ਬਲਜਿੰਦਰ ਪੀਏ, ਸਰੂਪ ਸਿੰਘ, ਐੱਸ ਡੀ ਓ ਪੀ ਡਬਲਿਯੂ ਡੀ ਨੀਰਜ ਗੁਪਤਾ, ਜੇਈ ਸੰਤੋਖ ਸਿੰਘ ਵੀ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly