ਤਿਓੁਹਾਰਾਂ ਦੇ ਮੌਸਮ *ਚ ਮਿਲਾਵਟ ਦੀ ਖੇਡ

ਹਰਪ੍ਰੀਤ ਸਿੰਘ ਬਰਾੜ

(ਸਮਾਜ ਵੀਕਲੀ) ਤਿਓੁਹਾਰਾਂ ਦਾ ਮੌਸਮ ਸ਼ੁਰੂ ਹੁੰਦੇ ਹੀ ਸਾਰੇ ਦੇਸ਼ ਵਿਚ ਲੋਕਾਂ ਨੇ ਆਪੋ—ਆਪਣੇ ਪੱਧਰ *ਤੇ ਤਿਓੁਹਾਰ ਮਨਾਉਣ ਦੀ ਜ਼ੋਰ—ਸ਼ੋਰ ਨਾਲ ਤਿਆਰੀ ਸ਼ੁਰੂ ਕਰ ਦਿੱਤੀ ਹੈ। ਤਿਓੁਹਾਰਾਂ *ਤੇ ਹਰ ਕੋਈ ਆਪੋ—ਆਪਣੀ ਪਹੁੰਚ ਮੁਤਾਬਕ ਨਵੇਂ ਕੱਪੜੇ, ਗਹਿਣੇ, ਮਿਠਾਈਆਂ ਅਤੇ ਫਲ—ਫਰੂਟ ਖਰੀਦ ਦਾ ਹੈ। ਭਾਰਤ ਵਿਚ ਹਾਸੇ ਠੱਠੇ ਅਤੇ ਖੁਸ਼ੀ ਨਾਲ ਤਿਓਹਾਰ ਮਨਾਉਣ ਦੀ ਪਰੰਪਰਾ ਹੈ। ਅਕਤੂਬਰ ਮਹੀਨੇ *ਚ ਦਸ਼ਹਿਰੇ ਤੋਂ ਲੈਕੇ ਦਿਵਾਲੀ ਤੱਕ ਲਗਪਗ ਇਕ ਦਰਜ਼ਨ ਛੋਟੇ ਅਤੇ ਵੱਡੇ ਤਿਓਹਾਰ ਆਉਂਦੇ ਹਨ। ਸਾਰੇ ਤਿਓਹਾਰ ਸਾਡੀ ਲੋਕ ਸੰਸਕ੍ਰਿਤੀ *ਚ ਰਚੇ —ਵਸੇ ਹਨ। ਅਸੀਂ ਸ਼ੁਰੂ ਤੋਂ ਹੀ ਗੀਤ—ਸੰਗੀਤ, ਨੱਚਣ—ਗਾਉਣ ਅਤੇ ਖਾਣ —ਪੀਣ ਨਾਲ ਆਪਣੇ ਤਿਓਹਾਰ ਮਨਾਉਂਦੇ ਹਾਂ।

ਤਿਓਹਾਰਾ ਦੇ ਮੌਸਮ ਸ਼ੁਰੂ ਹੋਣ ਦੇ ਨਾਲ ਹੀ ਸੋਨੇ ਤੋਂ ਲੈਕੇ ਰਸੋਈ ਤੱਕ ਮਿਲਾਵਟਖੋਰ ਵੀ ਸਰਗਰਮ ਹੋ ਜਾਂਦੇ ਹਨ। ਹਰ ਚੀਜ ਵਿਚ ਮਿਲਾਵਟ ਜਿਵੇਂ ਆਮ ਗੱਲ ਹੋ ਗਈ ਹੈ। ਮਿਠਾਈ ਤੋਂ ਬਿਨਾਂ ਤਿਓਹਾਰ ਅਧੁਰਾ ਹੈ। ਤਿਓਹਾਰ ਆਵੇ ਅਤੇ ਅਸੀਂ ਮਿਠਾਈ ਨਾ ਖਾਈਏ ਇਹ ਹੋ ਨਹੀਂ ਸਕਦਾ। ਮਿਠਾਈ ਤਿਓਹਾਰਾਂ ਦੀ ਖੁਸ਼ੀ ਨੂੰ ਦੱੁਗਣਾ ਕਰ ਦਿੰਦੀ ਹੈ। ਮਿਲਾਵਟਖੋਰ ਵੀ ਇਸੇ ਇੰਤਜ਼ਾਰ *ਚ ਰਹਿੰਦੇ ਹਨ ।ਉਨ੍ਹਾਂ ਦੀਆ ਦੁਕਾਨਾਂ ਰੰਗ—ਬਿਰੰਗੀਆ ਮਿਠਾਈਆਂ ਨਾਲ ਸਜ ਜਾਂਦੀਆਂ ਹਨ ਅਤੇ ਅਸੀਂ ਉਨ੍ਹਾਂ ਮਿਠਾਈਆਂ ਨੂੰ ਬਿਨਾਂ ਜਾਂਚੇ —ਪਰਖੇ ਖਰੀਦ ਲੈ ਆਉਂਦੇ ਹਾਂ। ਮਿਲਾਵਟਖੋਰ ਜਿਆਦਾ ਮੁਨਾਫ਼ੇ ਦੇ ਚੱਕਰ *ਚ ਧੜੱਲੇ ਨਾਲ ਆਪਣਾ ਮਿਲਾਵਟੀ ਸਮਾਨ ਵੇਚਦੇ ਦੇਰ ਨਹੀਂ ਲਾਉਂਦੇ।ਮਿਲਾਵਟਖੋਰਾਂ ਨੂੰ ਨਿਯਮ—ਕਾਨੂੰਨ ਦਾ ਵੀ ਡਰ ਨਹੀਂ ਰਿਹਾ ਹੈ। ਖਾਸਕਰ ਖਾਣ—ਪੀਣ ਦੀਆ ਵਸਤਾਂ *ਚ ਅਸ਼ੁੱਧ, ਸਸਤੀਆ ਅਤੇ ਬੋਲੋੜੀਆਂ ਚੀਜ਼ਾਂ ਦੇ ਮਿਲਾਉਣ ਨੂੰ ਮਿਲਾਵਟ ਕਿਹਾ ਜਾਂਦਾ ਹੈ। ਅੱਜ ਸਮਾਜ ਵਿਚ ਹਰ ਪਾਸੇ ਮਿਲਾਵਟ ਹੀ ਮਿਲਾਵਟ ਦੇਖਣ ਨੂੰ ਮਿਲ ਰਹੀ ਹੈ। ਪਾਣੀ ਤੋਂ ਸੋਨੇ ਤੱਕ ਮਿਲਾਵਟ ਦੇ ਬਜਾਰ ਨੇ ਸਾਡੀ ਬੁਨਿਆਦ ਹੀ ਹਿਲਾ ਕੇ ਰੱਖ ਦਿੱਤੀ ਹੈ, ਪਹਿਲਾਂ ਸਿਰਫ ਦੁੱਧ *ਚ ਪਾਣੀ ਅਤੇ ਦੇਸ਼ੀ ਘਿਓ *ਚ ਵਨਸਪਤੀ (ਡਾਲਡਾ) ਦੀ ਮਿਲਾਵਟ ਦੀ ਗੱਲ ਸੁਣੀ ਜਾਂਦੀ ਸੀ, ਪਰ ਅੱਜ ਘਰ —ਘਰ ਵਿਚ ਲਗਪਗ ਹਰੇਕ ਚੀਜ਼ *ਚ ਮਿਲਾਵਟ ਦੇਖਣ ਨੂੰ ਮਿਲ ਰਹੀ ਹੈ।

ਮਿਲਾਵਟ ਦਾ ਮਤਲਬ ਕੁਦਰਤੀ ਤੱਤਾਂ ਜਾਂ ਪਦਾਰਥਾ *ਚ ਬਾਹਰੀ, ਬਣੌਟੀ ਜਾਂ ਹੋਰ ਮਾੜੀਆਂ ਚੀਜਾਂ ਦੇ ਮਿਸ਼ਰਣ ਤੋਂ ਹੈ। ਮੁਨਾਫ਼ਾਖੋਰੀ ਕਰਨ ਵਾਲੇ ਲੋਕ ਰਾਤੋਰਾਤ ਅਮੀਰ ਬਣਨ ਦੇ ਸੁਫ਼ਨੇ ਦੇਖਦੇ ਹਨ। ਆਪਣੇ ਇਹੋ ਜਿਹੇ ਸੁਫ਼ਨੇ ਸੱਚ ਕਰਨ ਕਰਨ ਦੇ ਲਈ ਉਹ ਬਿਨਾਂ ਸੋਚੇ ਸਮਝੇ ਮਿਲਾਵਟ ਦਾ ਸਹਾਰਾ ਲੈਂਦੇ ਹਨ।ਸਸਤੀਆ ਅਤੇ ਘਟੀਆ ਚੀਜਾਂ ਨਾਲ ਅਸਲ ਅਤੇ ਸ਼ੁੱਧ ਸਮਾਨ *ਚ ਮਿਲਾਵਟ ਕਰਕੇ ਮਹਿੰਗੀਆਂ ਕੀਮਤਾਂ *ਤੇ ਵੇਚਕੇ ਲੋਕਾਂ ਨੂੰ ਨਾ ਸਿਰਫ ਧੋਖਾ ਦਿੱਤਾ ਜਾਂਦਾ ਹੈ, ਸਗੋਂ ਸਾਡੀ ਸਿਹਤ ਨਾਲ ਵੀ ਖਿਲਵਾੜ ਕੀਤਾ ਜਾਂਦਾ ਹੈ। ਮਿਲਾਵਟੀ ਪਦਾਰਥਾਂ ਨਾਲ ਹਰੇਕ ਸਾਲ ਹਜਾਰਾਂ ਲੋਕ ਕਈ ਬਿਮਾਰੀਆਂ ਦੇ ਸ਼ਿਕਾਰ ਹੋਕੇ ਆਪਣੀ ਕੀਮਤੀ ਜਾਨ ਗਵਾ ਬਹਿੰਦੇ ਹਨ।

ਮਿਲਾਵਟ ਦਾ ਧੰਧਾ ਹਰ ਪਾਸੇ ਦੇਖਣ ਨੂੰ ਮਿਲ ਰਿਹਾ ਹੈ। ਦੁੱਧ ਵੇਚਣ ਅਤੇ ਮਿਲਾਵਟ ਕਰਨ ਵਾਲਿਆਂ ਤੋਂ ਲੈਕੇ ਨਾਮੀ ਕੰਪਨੀਆਂ ਤੱਕ ਨੇ ਮਿਲਾਵਟ ਦੇ ਬਜ਼ਾਰ *ਤੇ ਆਪਣਾ ਕਬਜ਼ਾ ਕਰ ਲਿਆ ਹੈ। ਸੱਚ ਤਾਂ ਇਹ ਹੈ ਕਿ ਅਸੀਂ ਜੋ ਕੁਝ ਵੀ ਖਾ ਰਹੇ ਹਾਂ, ਉਨ੍ਹਾਂ ਸਾਰੀਆ ਚੀਜਾਂ ਵਿਚ ਮਿਲਾਵਟ ਹੋ ਰਹੀ ਹੈ। ਦੁੱਧ, ਸੁੱਕੇ ਮੇਵੇ, ਘਿਓ, ਹਲਦੀ, ਲਾਲ ਮਿਰਚ, ਧਨੀਆਂ, ਫਲ—ਸਬਜੀਆਂ ਸਭ ਮਿਲਾਵਟ ਦੀ ਚਪੇਟ ਵਿਚ ਆ ਚੁੱਕੇ ਹਨ। ਅੱਜ ਖਾਣ—ਪੀਣ ਸਮੇਤ ਸਾਰੀਆਂ ਚੀਜਾਂ *ਚ ਧੜੱਲੇ ਨਾਲ ਮਿਲਾਵਟ ਹੋ ਰਹੀ ਹੈ। ਖਾਣ ਵਾਲੀ ਅਜਿਹੀ ਕੋਈ ਚੀਜ ਨਹੀਂ ਹੈ, ਜੋ ਜ਼ਹਿਰੀਲੇ ਕੀਟਨਾਸ਼ਕਾਂ ਅਤੇ ਮਿਲਾਵਟ ਤੋਂ ਮੁਕਤ ਹੋਵੇ। ਬਜਾਰ *ਚ ਪਪੀਤਾ, ਅੰਬ, ਕੇਲਾ, ਸੇਬ ਅਤੇ ਅਨਾਰ ਜਿਹੇ ਫਲਾਂ ਨੂੰ ਕੈਲਸ਼ੀਅਮ ਕਾਰਬਾਈਡ ਦੀ ਮਦਦ ਨਾਲ ਸਮੇਂ ਤੋਂ ਪਹਿਲਾਂ ਪਕਾਇਆ ਜਾਂਦਾ ਹੈ। ਡਾਕਟਰਾਂ ਅਤੇ ਸਿਹਤ ਮਾਹਿਰਾ ਦੇ ਮੁਤਾਬਕ ਅਜਿਹੇ ਫਲ ਸਿਹਤ ਲਈ ਬਹੁਤ ਹਾਨੀਕਾਰਕ ਹਨ। ਫਲਾਂ ਨੂੰ ਸੁਣਹਿਰਾ ਬਣਾਉਣ ਦੇ ਲਈ ਪੈਰਾਫੀਨ ਵੈਕਸ(ਮੋਮ) ਵੀ ਲਗਾਈ ਜਾ ਰਹੀ ਹੈ।ਇਨ੍ਹਾਂ ਫਲਾ ਨੂੰ ਖਾਣ ਨਾਲ ਕੈਂਸਰ ਅਤੇ ਡਾਇਰੀਏ ਜਿਹੀਆਂ ਬਿਮਾਰੀਆਂ ਹੁੰਦੀਆਂ ਹਨ।ਡੇਅਰੀ ਅਤੇ ਖੇਤੀ ਉਤਪਾਦਾਂ—ਖਾਸਕਰ ਕੱਚੀਆਂ ਸਬਜੀਆਂ *ਚ ਆੱਕਸਿਟੋਸਿਨ ਦਾ ਬਹੁਤ ਇਸਤੇਮਾਲ ਹੋ ਰਿਹਾ ਹੈ। ਸਾਡੇ ਦੇਸ਼ *ਚ ਮਿਲਾਵਟ ਕਰਨ ਨੂੰ ਇਕ ਗੰਭੀਰੀ ਜੁਰਮ ਮੰਨਿਆ ਗਿਆ ਹੈ।ਮਿਲਾਵਟ ਸਾਬਤ ਹੋਣ *ਤੇ ਭਾਰਤੀ ਕਾਨੂੰਨ ਦੀ ਧਾਰਾ 272 ਦੇ ਤਹਿਤ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਦੇਣ ਦਾ ਜ਼ਿਕਰ ਹੈ।

ਪਰ ਬਹੁਤ ਘਟ ਮਾਮਲਿਆਂ *ਚ ਸਜਾ ਅਤੇ ਜੁਰਮਾਨਾ ਹੋ ਪਾਉ਼ਂਦਾ ਹੈ। ਮਿਲਵਾਟੀ ਪਦਾਰਥਾਂ ਦੇ ਸੇਵਨ ਨਾਲ ਮਨੁੱਖ ਕਈ ਤਰ੍ਹਾਂ ਦੀਆ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਪੇਟ ਦੀਆਂ ਗੰਭੀਰ ਬਿਮਾਰੀਆਂ ਤੋਂ ਲੈਕੇ ਕੈਂਸਰ ਤੱਕ ਦੇ ਰੋਗ ਵੀ ਲੱਗ ਜਾਂਦੇ ਹਨ। ਅੱਖਾਂ ਦੀ ਨਜ਼ਰ ਚਲੇ ਜਾਣਾ ਅਤੇ ਅਪਾਹਜਤਾ ਨੂੰ ਵੀ ਝੱਲਣਾ ਪੈਂਦਾ ਹੈ। ਮਿਲਾਵਟ ਸਿੱਧ ਹੋਣ *ਤੇ ਕਈ ਵਾਰ ਛੋਟੇ—ਮੋਟੋ ਮਿਲਾਵਟਖੋਰਾਂ ਦੀ ਧਰ —ਪਕੜ ਦੀਆਂ ਖਬਰਾਂ ਜਰੂਰ ਪੜ੍ਹਨ ਅਤੇ ਸੁਣਨ ਨੂੰ ਮਿਲ ਜਾਂਦੀਆ ਹਨ ਪਰ ਮਿਲਾਵਟ ਦਾ ਥੋਕ ਵਪਾਰ ਕਰਨ ਵਾਲੇ ਲੋਕ ਅਕਸਰ ਕਾਨੁੰੂਨ ਦੀ ਪਹੁੰਚ ਤੋਂ ਦੂਰ ਰਹਿ ਜਾਂਦੇ ਹਨ।

ਹਰਪ੍ਰੀਤ ਸਿੰਘ ਬਰਾੜ

ਸਿਹਤ,ਸਿੱਖਿਆ ਅਤੇ ਸਮਾਜਿਕ ਲੇਖਕ

ਮੇਨ ਏਅਰ ਫੋਰਸ ਰੋਡ,ਬਠਿੰਡਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਿਰੋਗੀ ਜੀਵਨ ਤੇ ਲੰਬੀ ਉਮਰ.. (ਦੂਜਾ ਅੰਕ)
Next articleਆਮ ਆਦਮੀ ਦੀ ਆਮ ਜਿਹੀ ਜ਼ਿੰਦਗੀ