‘ਮਿਸ਼ਨ ਪੰਜਾਬ’: ਇਕਸੁਰ ਹੋਣ ਲੱਗੇ ਕੈਪਟਨ ਅਤੇ ਸਿੱਧੂ

Chief Minister Amarinder Singh meets Punjab Congress President Navjot Singh Sidhu

ਚੰਡੀਗੜ੍ਹ (ਸਮਾਜ ਵੀਕਲੀ):  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਗਾਮੀ ਵਿਧਾਨ ਸਭਾ ਚੋਣਾਂ ਦੀ ਤਿਆਰੀ ਲਈ ਸਿਆਸੀ ਸੁਰ ਮਿਲਾਉਣੇ ਸ਼ੁਰੂ ਕੀਤੇ ਹਨ। ਥੋੜ੍ਹਚਿਰੀ ਖਿੱਚੋਤਾਣ ਮਗਰੋਂ ਹੁਣ ਪੰਜਾਬ ਸਰਕਾਰ ਅਤੇ ਪੰਜਾਬ ਕਾਂਗਰਸ ਦਰਮਿਆਨ ਬਿਹਤਰ ਤਾਲਮੇਲ ਲਈ ਇਹ ਦੋਵੇਂ ਆਗੂ ਸਮੇਂ ਦੀ ਨਜ਼ਾਕਤ ਨੂੰ ਸਮਝਣ ਲੱਗੇ ਹਨ। ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਹਾਈਕਮਾਨ ਦੇ 18 ਨੁਕਾਤੀ ਏਜੰਡੇ ਅਤੇ ਸਰਕਾਰੀ ਪ੍ਰੋਗਰਾਮਾਂ ਤੇ ਸੁਧਾਰਾਂ ਨੂੰ ਅਮਲ ’ਚ ਲਿਆਉਣ ਲਈ ਇੱਕ 10-ਮੈਂਬਰੀ ‘ਰਣਨੀਤਕ ਨੀਤੀ ਸਮੂਹ’ ਕਾਇਮ ਕਰਨ ’ਤੇ ਸਹਿਮਤੀ ਬਣਾਈ ਹੈ।

ਰਣਨੀਤਕ ਨੀਤੀ ਸਮੂਹ ਦੀ ਪ੍ਰਧਾਨਗੀ ਮੁੱਖ ਮੰਤਰੀ ਕਰਨਗੇ ਅਤੇ ਸਥਾਨਕ ਸਰਕਾਰ ਮੰਤਰੀ ਬ੍ਰਹਮ ਮਹਿੰਦਰਾ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਮਾਜਿਕ ਸੁਰੱਖਿਆ ਮੰਤਰੀ ਅਰੁਣਾ ਚੌਧਰੀ, ਨਵਜੋਤ ਸਿੰਘ ਸਿੱਧੂ ਅਤੇ ਪਾਰਟੀ ਦੇ ਚਾਰ ਵਰਕਿੰਗ ਪ੍ਰਧਾਨਾਂ ਕੁਲਜੀਤ ਸਿੰਘ ਨਾਗਰਾ, ਸੁਖਵਿੰਦਰ ਸਿੰਘ ਡੈਨੀ, ਸੰਗਤ ਸਿੰਘ ਗਿਲਜੀਆਂ ਅਤੇ ਪਵਨ ਗੋਇਲ ਤੋਂ ਇਲਾਵਾ ਨਵ-ਨਿਯੁਕਤ ਜਨਰਲ ਸਕੱਤਰ ਪਰਗਟ ਸਿੰਘ ਇਸ ਸਮੂਹ ਦੇ ਮੈਂਬਰ ਹੋਣਗੇ। ਪਾਰਟੀ ਪ੍ਰਧਾਨ ਨਵਜੋਤ ਸਿੱਧੂ ਨੇ ਲੰਘੇ ਦਿਨਾਂ ’ਚ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗਾਂ ਉਪਰੰਤ ਇਹ ਮਹਿਸੂਸ ਕੀਤਾ ਹੈ ਕਿ ਪੰਜਾਬ ਸਰਕਾਰ ਬਿਨਾਂ ਮਸਲੇ ਕਿਸੇ ਤਣ-ਪੱਤਣ ਨਹੀਂ ਲੱਗਣੇ ਹਨ।

ਪਾਰਟੀ ਆਗੂਆਂ ਨੇ ਨਵਜੋਤ ਸਿੱਧੂ ਤੱਕ ਪਹੁੰਚ ਕਰਦਿਆਂ ਅਗਾਮੀ ਚੋਣਾਂ ਜਿੱਤਣ ਲਈ ਪਿਛਲੇ ਵਾਅਦਿਆਂ ਨੂੰ ਪੂਰਾ ਕਰਨ ਲਈ ਦਬਾਓ ਬਣਾਉਣ ਖਾਤਿਰ ਮੁੱਖ ਮੰਤਰੀ ਤੱਕ ਪਹੁੰਚ ਕਰਨ ਵਾਸਤੇ ਆਖਿਆ ਸੀ। ਅੱਜ ਨਵਜੋਤ ਸਿੰਘ ਸਿੱਧੂ, ਕੁਲਜੀਤ ਸਿੰਘ ਨਾਗਰਾ ਅਤੇ ਪਰਗਟ ਸਿੰਘ ਸਵੇਰ ਵਕਤ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸਿਸਵਾਂ ਫਾਰਮ ਹਾਊਸ ’ਤੇ ਪਹੁੰਚ ਗਏ। ਇਸ ਸਿਆਸੀ ਮੁਲਾਕਾਤ ’ਚ ਪਾਰਟੀ ਤੇ ਸਰਕਾਰ ਦਰਮਿਆਨ ਬਿਹਤਰ ਤਾਲਮੇਲ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਵਿਚ ਸਲਾਹ ਮਸ਼ਵਰੇ ਨਾਲ ਹਫ਼ਤਾਵਾਰੀ ਮੀਟਿੰਗਾਂ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ ਅਤੇ ਇਨ੍ਹਾਂ ਮੀਟਿੰਗਾਂ ਵਿਚ ਵੱਖੋ-ਵੱਖ ਪਹਿਲ ਕਦਮੀਆਂ ਬਾਰੇ ਚਰਚਾ ਅਤੇ ਸਮੀਖਿਆ ਹੋਇਆ ਕਰੇਗੀ ਅਤੇ ਸੁਝਾਓ ਵੀ ਪਾਰਟੀ ਵੱਲੋਂ ਰੱਖੇ ਜਾਇਆ ਕਰਨਗੇ।

ਨਵਜੋਤ ਸਿੱਧੂ ਨੇ ਅੱਜ ਮੁੱਖ ਮੰਤਰੀ ਨੂੰ ਪੱਤਰ ਦੇ ਕੇ ਹਫ਼ਤੇ ਦੇ ਪੰਜ ਦਿਨ ਰੋਜ਼ਾਨਾ ਇੱਕ ਮੰਤਰੀ ਦੀ ਡਿਊਟੀ ਪੰਜਾਬ ਕਾਂਗਰਸ ਭਵਨ ’ਚ ਲਗਾਏ ਜਾਣ ਦੀ ਮੰਗ ਕਰਕੇ ਇੱਕ ਕਦਮ ਵਧਾਇਆ। ਉਧਰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਸ ਮੰਗ ਨੂੰ ਮੰਨਣ ਤੋਂ ਇਲਾਵਾ ਰਣਨੀਤਕ ਨੀਤੀ ਸਮੂਹ ਦਾ ਗਠਨ ਕਰਕੇ ਦੋ ਕਦਮ ਅੱਗੇ ਵਧਾਏ ਹਨ। ਦੋਵਾਂ ਆਗੂਆਂ ’ਚ ਇਹ ਤਾਲਮੇਲ ਕਿੰਨਾ ਕੁ ਰੰਗ ਲਿਆਏਗਾ ਉਹ ਤਾਂ ਸਮਾਂ ਦੱਸੇਗਾ, ਪਰ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕੈਬਨਿਟ ਦੇ ਸਹਿਯੋਗੀਆਂ ਨੂੰ ਪ੍ਰਤੀ ਦਿਨ ਪੰਜਾਬ ਕਾਂਗਰਸ ਭਵਨ ਵਿਚ ਵਾਰੋ-ਵਾਰ ਮੌਜੂਦ ਰਹਿਣ ਲਈ ਕਿਹਾ ਹੈ ਤਾਂ ਜੋ ਵਿਧਾਇਕਾਂ ਅਤੇ ਪਾਰਟੀ ਦੇ ਹੋਰ ਅਹੁਦੇਦਾਰਾਂ ਵੱਲੋਂ ਉਠਾਏ ਜਾਂਦੇ ਮੁੱਦਿਆਂ ਅਤੇ ਸ਼ਿਕਾਇਤਾਂ ਨੂੰ ਹੱਲ ਕੀਤਾ ਜਾ ਸਕੇ।

ਹਫ਼ਤੇ ਦੇ ਪੰਜ ਦਿਨ ਕਾਂਗਰਸ ਭਵਨ ਿਵੱਚ ਬੈਠੇੇਗਾ ਇਕ ਮੰਤਰੀ

ਇੱਕ ਮੰਤਰੀ ਕਾਂਗਰਸ ਭਵਨ ਵਿੱਚ ਸੋਮਵਾਰ ਤੋਂ ਤਿੰਨ ਘੰਟਿਆਂ (ਸਵੇਰੇ 11:00 ਤੋਂ ਦੁਪਹਿਰ 02:00) ਵਜੇ ਤੱਕ ਮੌਜੂਦ ਰਹੇਗਾ ਅਤੇ ਜੇਕਰ ਕਿਸੇ ਖ਼ਾਸ ਦਿਨ ਲਈ ਤਾਇਨਾਤ ਮੰਤਰੀ ਕਿਸੇ ਕਾਰਨ ਉੱਥੇ ਮੌਜੂਦ ਰਹਿਣ ’ਚ ਅਸਮਰੱਥ ਰਹਿੰਦੇ ਹਨ, ਤਾਂ ਉਹ ਕਿਸੇ ਹੋਰ ਮੰਤਰੀ ਨਾਲ ਸਲਾਹ ਕਰ ਕੇ ਆਪਣਾ ਬਦਲ ਮੁਹੱਈਆ ਕਰਵਾਉਣਗੇ। ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰਬੰਧ ਹਫ਼ਤੇ ਵਿਚ ਪੰਜ ਦਿਨ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਲਾਗੂ ਹੋਵੇਗਾ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਰਾਬ ਪੀਣ ਤੋਂ ਰੋਕਣ ’ਤੇ ਪੁੱਤਰ ਦੀ ਹੱਤਿਆ
Next articleਪਠਾਨਕੋਟ ਦੇ ਮਾਮੂਨ ਫੌਜੀ ਸਟੇਸ਼ਨ ’ਤੇ ਸਿਖਲਾਈ ਦੌਰਾਨ ਫੌਜੀ ਜਵਾਨ ਦੀ ਮੌਤ, ਕੁਝ ਹੋਰਨਾਂ ਦੇ ਵੀ ਸੱਟਾਂ ਲੱਗੀਆਂ