ਚਾਰ ਹਜ਼ਾਰ ਸਾਲ ਦੇ ਇਤਿਹਾਸ ਨੂੰ ਸਿਰਫ਼ ਚਾਲੀ ਸਾਲਾਂ ਵਿੱਚ ਹੀ ਬਦਲਣ ਵਾਲੀ ਸ਼ਖ਼ਸੀਅਤ ਸਨ ਡਾ ਬੀ ਆਰ ਅੰਬੇਡਕਰ -ਪੈਂਥਰ
ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਭਾਰਤੀ ਸੰਵਿਧਾਨ ਦੇ ਨਿਰਮਾਤਾ, ਗਿਆਨ ਦੇ ਪ੍ਰਤੀਕ ਬਾਬਾ ਸਾਹਿਬ ਡਾ.ਬੀ.ਆਰ.ਅੰਬੇਡਕਰ ਸੰਸਾਰ ਵਿੱਚ ਇੱਕ ਅਜਿਹੀ ਸ਼ਖ਼ਸੀਅਤ ਹੈ, ਜਿਨ੍ਹਾਂ ਨੇ ਚਾਰ ਹਜ਼ਾਰ ਸਾਲ ਦੇ ਇਤਿਹਾਸ ਨੂੰ ਸਿਰਫ਼ ਚਾਲੀ ਸਾਲਾਂ ਵਿੱਚ ਹੀ ਬਦਲ ਦਿੱਤਾ ਅਤੇ ਉਹ ਵੀ ਬਿਨਾਂ ਕਿਸੇ ਖ਼ੂਨ-ਖ਼ਰਾਬੇ ਦੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਾਬਾ ਸਾਹਿਬ ਡਾ. ਬੀ. ਆਰ. ਅੰਬੇਦਕਰ ਸੁਸਾਇਟੀ ਰਜਿ ਰੇਲ ਕੋਚ ਫੈਕਟਰੀ, ਕਪੂਰਥਲਾ ਦੇ ਜਨਰਲ ਸਕੱਤਰ ਧਰਮ ਪਾਲ ਪੈਂਥਰ ਨੇ ਮਿਸ਼ਨ ਅੰਬੇਡਕਰ ਗੁਰੱਪ ਪਿੰਡ ਬੂਲਪੁਰ ਵੱਲੋਂ 66ਵੇਂ ਮਹਾਂਪ੍ਰਨਿਰਵਾਨ ਦਿਵਸ ਮੌਕੇ ਬਾਬਾ ਸਾਹਿਬ ਅੰਬੇਡਕਰ ਜੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕੀਤਾ।
ਸਮਾਗਮ ਦੀ ਪ੍ਰਧਾਨਗੀ ਅੰਬੇਡਕਰ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ, ਚਿੰਤਕ ਨਿਰਵੈਰ ਸਿੰਘ, ਅੰਬੇਡਕਰ ਮਿਸ਼ਨ ਗਰੁੱਪ ਦੇ ਪ੍ਰਧਾਨ ਮਾਸਟਰ ਸੁਖਦੇਵ ਸਿੰਘ ਜੀਉਣਾ, ਮਾਸਟਰ ਬਲਵੰਤ ਸਿੰਘ ਅਤੇ ਸਮਾਜ ਸੇਵੀ ਦੇਸ ਰਾਜ ਨੇ ਸਾਂਝੇ ਤੌਰ ’ਤੇ ਕੀਤੀ। ਸਟੇਜ ਸੰਚਾਲਨ ਦੀ ਭੂਮਿਕਾ ਸਲਵਿੰਦਰ ਸਿੰਘ ਨੇ ਦੱਸਿਆ ਕਿ ਅੰਬੇਡਕਰ ਮਿਸ਼ਨ ਗਰੁੱਪ ਪਿਛਲੇ ਦੋ ਸਾਲਾਂ ਤੋਂ ਕੰਮ ਕਰ ਰਿਹਾ ਹੈ ਅਤੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਅੰਬੇਡਕਰ ਵਿਚਾਰਧਾਰਾ ਨਾਲ ਜੋੜਨ ਦਾ ਕੰਮ ਕੀਤਾ ਜਾ ਰਿਹਾ ਹੈ। ਪ੍ਰਧਾਨਗੀ ਮੰਡਲ ਵੱਲੋਂ ਬਾਬਾ ਸਾਹਿਬ ਦੀ ਤਸਵੀਰ ’ਤੇ ਫੁੱਲ ਮਾਲਾਵਾਂ ਭੇਂਟ ਕੀਤੀਆਂ ਗਈਆਂ।
ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਜੱਸਲ ਅਤੇ ਪੈਂਥਰ ਨੇ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਉੱਚ ਕੋਟੀ ਦੇ ਵਿਦਵਾਨ, ਕਾਨੂੰਨ ਸ਼ਾਸਤਰੀ, ਰਾਜਨੀਤਕ ਅਤੇ ਪ੍ਰਸਿੱਧ ਆਰਥਿਕ ਸੁਧਾਰਾਂ ਦੇ ਸਮਰਥਕ ਸਨ। ਬਾਬਾ ਸਾਹਿਬ ਨੇ ਭਾਰਤੀ ਸੰਵਿਧਾਨ ਬਣਾਉਣ ਸਮੇਂ ਦੇਸ਼ ਦੇ ਹਰ ਨਾਗਰਿਕ ਦਾ ਪੂਰਾ ਪੂਰਾ ਖਿਆਲ ਰੱਖਿਆ। ਅੱਜ ਕੁਝ ਲੋਕ ਭਾਰਤੀ ਸੰਵਿਧਾਨ ਨੂੰ ਬਦਲਣ ਦੀ ਗੱਲ ਕਰ ਰਹੇ ਹਨ ਜੋ ਕਿ ਗਲਤ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਦੇਸ਼ ਵਿੱਚ ਘਰੇਲੂ ਯੁੱਧ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਦੇਸ਼ ਵਾਸੀਆਂ ਨੂੰ ਇਸ ‘ਤੇ ਮਾਣ ਹੋਣਾ ਚਾਹੀਦਾ ਹੈ ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਦੇਸ਼ ਨੂੰ ਕਿਸੇ ਬਾਹਰੀ ਤਾਕਤ ਤੋਂ ਕੋਈ ਖਤਰਾ ਨਹੀਂ ਬਣਿਆ। ਅੱਜ ਅਸੀਂ ਬਾਬਾ ਸਾਹਿਬ ਨੂੰ ਯਾਦ ਕਰ ਰਹੇ ਹਾਂ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਵੱਲ ਵੀ ਧਿਆਨ ਦੇਣਾ ਹੈ ਕਿਉਂਕਿ ਉਨ੍ਹਾਂ ਨੇ ਕਿਹਾ ਸੀ ਕਿ ਬੇਟੇ ਨਾਲੋਂ ਬੇਟੀ ਨੂੰ ਵੱਧ ਪੜ੍ਹਾਇਆ ਜਾਵੇ। ਜੇਕਰ ਧੀਆਂ ਸਿੱਖਿਅਤ ਹੋਣਗੀਆਂ ਤਾਂ ਸਮਾਜ ਅਤੇ ਦੇਸ਼ ਤਰੱਕੀ ਕਰਨਗੇ।
ਮਾਸਟਰ ਬਲਵੰਤ ਸਿੰਘ ਨੇ ਕਿਹਾ ਬੇਸ਼ੱਕ ਇੱਕ ਰੋਟੀ ਘੱਟ ਖਾਓ ਪਰ ਬੱਚਿਆਂ ਨੂੰ ਸਿੱਖਿਅਤ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਵਿੱਦਿਆ ਮਨੁੱਖ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਦੀ ਹੈ। ਮਾਸਟਰ ਸੁਖਦੇਵ ਸਿੰਘ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਲੋਕ ਆਪਣੇ ਮਹਾਨ ਪੁਰਸ਼ਾਂ ਦੇ ਇਤਿਹਾਸ ਨੂੰ ਭੁੱਲ ਜਾਂਦੇ ਹਨ, ਉਹ ਨਵਾਂ ਇਤਿਹਾਸ ਨਹੀਂ ਸਿਰਜ ਸਕਦੇ। ਆਓ ਮਹਾਂਪੁਰਖਾਂ ਦੇ ਦਰਸਾਏ ਮਾਰਗ ‘ਤੇ ਚੱਲ ਕੇ ਕਾਫ਼ਲੇ ਨੂੰ ਅੱਗੇ ਤੋਰੀਏ। ਅੰਬੇਡਕਰ ਗਰੁੱਪ ਪਿੰਡ ਬੂਲਪੁਰ ਦੀ ਤਰਫੋਂ ਬੱਚਿਆਂ ਨੂੰ ਪੈੱਨ ਵੀ ਵੰਡੇ ਗਏ ਅਤੇ ਇਸ ਪੈੱਨ ਵਰਗੇ ਹਥਿਆਰ ਬਾਰੇ ਵੀ ਜਾਣਕਾਰੀ ਦਿੱਤੀ ਗਈ। ਸਮਾਗਮ ਨੂੰ ਸਫਲ ਬਣਾਉਣ ਵਿੱਚ ਸ਼੍ਰੀ ਹੰਸ ਰਾਜ ਬੱਸੀ, ਰਾਜ ਕੁਮਾਰ ਰਾਜਾ, ਅਮਨਦੀਪ ਕੌਰ, ਨਵਨੀਤ ਕੌਰ, ਗੁਰਮੀਤ ਕੌਰ ਅਤੇ ਜਗੀਰ ਕੌਰ ਆਦਿ ਨੇ ਅਹਿਮ ਭੂਮਿਕਾ ਨਿਭਾਈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly