Mission 2022, U.P. – ਬਹੁਜਨ ਸਮਾਜ ਪਾਰਟੀ ਜਾਂ ਆਜਾਦ ਸਮਾਜ ਪਾਰਟੀ

(ਸਮਾਜ ਵੀਕਲੀ)

ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ, 2022 ‘ਚ ਹੋਣਗੀਆਂ।
ਪਿਛਲੀਆਂ ਕਈ ਚੋਣਾਂ ‘ਚ ਹਾਰ ਦਾ ਮੂੰਹ ਵੇਖ ਚੁਕੀ, “ਬਹੁਜਨ ਸਿਆਸਤ” – ਕੀ ਕਰਵਟ ਲਵੇਗੀ ਜਾਂ ਫਿਰ ਇਸਦਾ ਨਿਘਾਰ ਜਾਰੀ ਰਹੇਗਾ ? ਆਜਾਦ ਸਮਾਜ ਪਾਰਟੀ ਅਤੇ ਉਸ ਦੇ ਆਗੂ, ਐਡਵੋਕੇਟ ਚੰਦਰ ਸ਼ੇਖਰ ਦੇ ਚੋਣਾਂ ਲੜਨ ਦੇ ਫੈਸਲੇ ਨੇ, ਇਹ ਸਵਾਲ ਫਿਰ ਛੇੜਤਾ ਹੈ।
ਬਹੁਜਨ ਸਮਾਜ(ਪੱਛੜੀਆਂ ਜਾਤਾਂ, ਅਨੁਸੂਚਿਤ ਜਾਤਾਂ, ਘੱਟਗਿਣਤੀਆਂ, ਆਦਿਵਾਸੀ) ਨੂੰ ਦੇਸ਼ ਦਾ ਹੁਕਮਰਾਨ ਬਨਾਉਣ ਲਈ, ਬਾਬਾਸਾਹਿਬ ਅੰਬੇਡਕਰ ਨੇ RPI ਬਣਾਈ, ਜੋ ਉਨ੍ਹਾਂ ਦੇ ਬਾਅਦ ਅਸਫਲ ਹੋਈ। ਦੂਜੀ ਵੱਡੀ ਕੋਸ਼ਿਸ਼, 14 ਅਪ੍ਰੈਲ 1984 ਨੂੰ ਸਾਹਿਬ ਕਾਂਸ਼ੀ ਰਾਮ ਨੇ BSP ਜ਼ਰੀਏ ਕੀਤੀ। ਲੇਕਨ ਉਨ੍ਹਾਂ ਦੇ ਬਾਅਦ, ਇਸ ਦਾ ਹਸ਼ਰ ਵੀ RPI ਵਾਲਾ ਹੀ ਹੋਇਆ। ਹੁਣ 2022 ‘ਚ ਐਡਵੋਕੇਟ ਚੰਦਰ ਸ਼ੇਖਰ, ASP ਰਾਹੀਂ ਇੱਕ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਨ।
RPI ਅਤੇ BSP ਦੇ ਬਾਅਦ – ਕੀ ASP ਬਹੁਜਨ ਸਮਾਜ ਨੂੰ ਸਿਆਸੀ ਬਦਲ ਦੇ ਸਕੇਗੀ ?
ਇਸ ਵਿਸ਼ੇ ਤੇ ਕਈ ਤਰ੍ਹਾਂ ਦੇ ਵਿਚਾਰ ਸੁਣਨ ਨੂੰ ਮਿਲ ਰਹੇ ਨੇ।
ਕੁੱਝ ਲੋਕਾਂ ਦਾ ਮੰਨਣਾ ਹੈ ਕਿ ASP ਦੇ ਚੋਣਾਂ ਲੜਨ ਨਾਲ, ਪਹਿਲਾਂ ਹੀ SP – BSP ਵਿੱਚ ਵੰਡਿਆ ਬਹੁਜਨ ਸਮਾਜ, ਹੁਣ ਹੋਰ ਵਖਰੇਵੇ ਦਾ ਸ਼ਿਕਾਰ ਹੋਵੇਗਾ।
ਐਡਵੋਕੇਟ ਚੰਦਰ ਸ਼ੇਖਰ ਤੇ ਜਲਦਬਾਜੀ ਕਰਨ ਦੇ ਇਲਜਾਮ ਵੀ ਲੱਗ ਰਹੇ ਨੇ। ਕੁੱਝ ਲੋਕ ਉਨ੍ਹਾਂ ਨੂੰ ਹਜੇ ਸਮਾਜੀ ਪੱਧਰ ਤੇ ਹੀ ਸੰਘਰਸ਼ ਕਰਨ ਦੀ ਅਤੇ ਸਿਆਸਤ, BSP ਲਈ ਛੱਡ ਦੇਣ ਦੀ ਵੀ ਸਲਾਹ ਦੇ ਰਹੇ ਹਨ।
ਉਨ੍ਹਾਂ ਵਲੋਂ ਬਹੁਜਨ ਸਮਾਜ ਲਈ ਕੀਤੇ ਗਏ ਸੰਘਰਸ਼ ਦੀ ਸ਼ੋਭਾ ਵੀ ਹੋ ਰਹੀ ਹੈ; ਲੇਕਨ ਇਹ ਵੋਟਾਂ ‘ਚ ਤਬਦੀਲ ਹੋਵੇਗਾ, ਇਸ ਤੇ ਲੋਕਾਂ ਨੂੰ ਸ਼ੱਕ ਹੈ ।
ਪਰ ਜਿਸ ਤਰ੍ਹਾਂ ਅੱਜ RSS – BJP ਦਾ ਉਭਾਰ ਹੋਇਆ ਹੈ, ਜੇਕਰ ਜਲਦ ਹੀ ਕੁੱਝ ਨਹੀਂ ਕੀਤਾ ਗਿਆ, ਤਾਂ ਓਹ ਸੰਵਿਧਾਨ ਵੀ ਬਦਲ ਸਕਦੇ ਹਨ। ਫਿਰ ਬਹੁਜਨ ਸਮਾਜ ਚਾਹੇ ਨਵੀਆਂ ਪਾਰਟੀਆਂ ਬਣਾਏ ਜਾਂ ਆਗੂ ਤਿਆਰ ਕਰੇ, ਕੁੱਝ ਹਾਸਿਲ ਨਹੀਂ ਹੋਵੇਗਾ।
ਜੇਕਰ ਅਸੀਂ ਇਹ ਮੰਨ ਲਈਏ ਕਿ ASP ਚੋਣਾਂ ਨਹੀਂ ਲੜ ਰਹੀ, ਤਾਂ ਕਿ BSP 2022 ‘ਚ RSS – BJP ਨੂੰ U.P. ਵਿੱਚ ਰੋਕ ਸਕੇਗੀ ?
2017 ‘ਚ ਉਸਦੇ ਇਕੱਲਿਆਂ ਲੜਨ ਤੇ, RSS – BJP ਨੇ ਬੜੀ ਆਸਾਨੀ ਨਾਲ ਸਰਕਾਰ ਬਣਾ ਲਈ ਸੀ, ਜਦਕਿ BSP ਦੇ 403 ਵਿੱਚੋਂ ਸਿਰਫ਼ 19 MLA ਹੀ ਜਿੱਤ ਸਕੇ।
ਇਸ ਹਾਰ ਤੋਂ ਸਬਕ ਲੈਂਦਿਆ, BSP ਨੇ 2019 ਦੀਆਂ ਲੋਕ ਸਭਾ ਚੋਣਾਂ, ਸਮਾਜਵਾਦੀ ਪਾਰਟੀ ਨਾਲ ਮਿਲਕੇ ਲੜੀਆਂ। ਇਹ ਗੱਠਜੋੜ ਵੀ RSS – BJP ਨੂੰ ਨਹੀਂ ਰੋਕ ਸਕਿਆ, ਉਹ 80 ਵਿੱਚੋਂ 62 MP ਦੀਆਂ ਸੀਟਾਂ ਜਿੱਤ ਗਏ।
ਇਸ ਕਰਕੇ ਜੇਕਰ 2022 ਦੀਆਂ ਵਿਧਾਨ ਸਭਾ ਚੋਣਾਂ BSP ਇਕੱਲੇ ਲੜਦੀ ਹੈ, ਤਾਂ ਉਸਦਾ ਸਫ਼ਾਇਆ ਹੋ ਸਕਦਾ ਹੈ। ਲੇਕਨ ਜੇਕਰ ਉਹ ਕਿਸੇ ਨਾਲ ਸਮਝੌਤਾ ਕਰਕੇ ਲੜੇ, ਤਾਂ ਵੀ 2019 ਦੀਆਂ ਚੋਣਾਂ ਨੂੰ ਵੇਖਦੇ ਹੋਏ, ਉਹ RSS – BJP ਨੂੰ ਨਹੀਂ ਰੋਕ ਸਕੇਗੀ।
ਇਸ ਸਾਰੀ ਸਿਆਸੀ ਉਥਲ-ਪੁਥਲ ਵਿੱਚ, ਜਿੱਥੇ ਬਹੁਗਿਣਤੀ ਬਹੁਜਨ ਸਮਾਜ ਹਾਸ਼ੀਏ ਤੇ ਚਲਾ ਗਿਆ ਹੈ ਅਤੇ ਘੱਟਗਿਣਤੀ ਸਵਰਨ (ਬ੍ਰਾਹਮਣ, ਬਾਣਿਆ, ਖੱਤਰੀ) ਸਮਾਜ ਸਿਖਰ ਤੇ; ਕਈ ਲੋਗ ਇਸ ਦਾ ਕਾਰਨ EVM ਮਸ਼ੀਨਾਂ ‘ਚ ਧਾਂਦਲੀ ਦੱਸਦੇ ਹਨ।
ਲੇਕਨ, RSS – BJP ਦੀ ਕਾਮਯਾਬੀ ਦਾ ਮੁੱਖ ਕਾਰਣ, EVM ‘ਚ ਧਾਂਦਲੀ ਹੀ ਨਹੀਂ ਸਗੋਂ ਉਸਦੇ ਕੋਲ ਜ਼ਮੀਨੀ ਆਗੂਆਂ ਦਾ ਹੋਣਾ ਵੀ ਹੈ। ਜਦ ਕਿ ਲਗਭਗ ਸਾਰੀਆਂ ਵਿਰੋਧੀ ਪਾਰਟੀਆਂ, ਪਰਿਵਾਰਵਾਦ ਦਾ ਸ਼ਿਕਾਰ ਹਨ। RSS – BJP ਦੇ ਆਗੂਆਂ ਦੇ ਸਾਹਮਣੇ, ਇਨ੍ਹਾਂ ਦੇ ਸ਼ਹਿਜ਼ਾਦੇ – ਅੱਜ ਮਜਾਕ ਬਣ ਚੁਕੇ ਨੇ। ਸੂਬਿਆਂ ਦੀਆਂ ਚੋਣਾਂ ਹੋਣ ਜਾਂ ਕੇਂਦਰ ਦੀਆਂ; ਪਾਰਟੀਆਂ ਨਾਲੋਂ ਜ਼ਿਆਦਾ – ਅੱਜ ਚਿਹਰਿਆਂ ਤੇ ਲੜੀਆਂ ਜਾ ਰਹੀਆਂ ਹਨ। ਜਿਸ ਕੌਮ ਦੇ ਕੋਲ, ਜਿੰਨਾਂ ਦਮਦਾਰ ਅਤੇ ਵਿਲੱਖਣ ਆਗੂ ਹੋਵੇਗਾ, ਸਰਕਾਰ ਬਨਾਉਣ ਦੀ ਉਸਦੀ ਸੰਭਾਵਨਾ – ਉਣੀ ਹੀ ਜ਼ਿਆਦਾ ਹੋਵੇਗੀ। ਇਸ ਕਰਕੇ ਅੱਜ ਬਹੁਜਨ ਸਮਾਜ ਨੂੰ ਜ਼ਮੀਨੀ ਸੰਘਰਸ਼ ਕਰਨ ਵਾਲੇ ਆਗੂਆਂ ਦੀ ਵੀ ਸਖਤ ਲੋੜ ਹੈ ।
ਇਨ੍ਹਾਂ ਹਾਲਾਤਾਂ ‘ਚ ਕਿ ਬਹੁਜਨ ਸਮਾਜ, ASP ਰਾਹੀਂ ਇੱਕ ਨਵਾਂ ਸਿਆਸੀ ਤਜਰਬਾ ਕਰਨ ਵੱਲ ਅੱਗੇ ਵਧੇਗਾ ? ਇਸ ਦਾ ਜਵਾਬ ਤਾਂ 2022 ਦੇ ਚੋਣ ਨਤੀਜੇ ਹੀ ਬਿਹਤਰ ਦੇ ਸਕਣਗੇ।
ਫਿਲਹਾਲ – ਕਾਫੀ ਸਮੇਂ ਤੋਂ ਮਝਦਾਰ ‘ਚ ਫਸੀ ਬਹੁਜਨ ਸਿਆਸਤ, ਇਸ ‘ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੀ ਹੋਈ ਜਰੂਰ ਨਜ਼ਰ ਆ ਰਹੀ ਹੈ।

– ਸਤਵਿੰਦਰ ਮਨਖ

 

Previous articleWeather improves in J&K, Ladakh, to stay dry till Jan 31
Next articleNetaji’s India was socialists, secular and inclusive