ਮਿਸ਼ਰਾ ਨੇ ਪੱਤਰਕਾਰਾਂ ਨਾਲ ਬਦਸਲੂਕੀ ਕੀਤੀ

ਲਖੀਮਪੁਰ ਖੀਰੀ (ਸਮਾਜ ਵੀਕਲੀ): ਲਖੀਮਪੁਰ ਖੀਰੀ ਹੱਤਿਆ ਕਾਂਡ ਦੇ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਦਾ ਪਿਤਾ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਅੱਜ ਪੱਤਰਕਾਰਾਂ ਦੇ ਸਵਾਲਾਂ ਤੋਂ ਖਿੱਝ ਗਿਆ ਅਤੇ ਉਨ੍ਹਾਂ ਨੂੰ ‘ਚੋਰ’ ਆਖਦਿਆਂ ਧੱਕਾ-ਮੁੱਕੀ ਕੀਤੀ। ਪੱਤਰਕਾਰਾਂ ਵੱਲੋਂ ਦਿੱਤੇ ਗੲੇ ਮੰਗ ਪੱਤਰ ’ਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਕੇਂਦਰੀ ਮੰਤਰੀ ਨੇ ਇਕ ਰਿਪੋਰਟਰ ਦਾ ਮੋਬਾਈਲ ਫੋਨ ਵੀ ਖੋਹਣ ਦੀ ਕੋਸ਼ਿਸ਼ ਕੀਤੀ। ਪੱਤਰਕਾਰਾਂ ਦੇ ਵਫ਼ਦ ਨੇ ਬਾਅਦ ’ਚ ਰਾਸ਼ਟਰਪਤੀ ਦੇ ਨਾਮ ’ਤੇ ਜ਼ਿਲ੍ਹਾ ਮੈਜਿਸਟਰੇਟ ਨੂੰ ਮੰਗ ਪੱਤਰ ਸੌਂਪਿਆ ਹੈ ਜਿਸ ’ਚ ਕੇਂਦਰੀ ਮੰਤਰੀ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਪੱਤਰਕਾਰਾਂ ਨੂੰ ਸੁਰੱਖਿਆ ਦੇਣ ਲਈ ਕਿਹਾ ਗਿਆ ਹੈ।

ਜ਼ਿਕਰਯੋਗ ਹੈ ਕਿ ਵਿਸ਼ੇਸ਼ ਜਾਂਚ ਟੀਮ ਨੇ ਸਥਾਨਕ ਅਦਾਲਤ ਨੂੰ ਦੱਸਿਆ ਹੈ ਕਿ ਚਾਰ ਕਿਸਾਨਾਂ ਸਮੇਤ ਅੱਠ ਵਿਅਕਤੀਆਂ ਨੂੰ ਵਾਹਨ ਹੇਠਾਂ ਦਰੜਨ ਦੀ ਸੋਚੀ-ਸਮਝੀ ਸਾਜ਼ਿਸ਼ ਸੀ। ਅਦਾਲਤ ਨੇ ਸਿਟ ਨੂੰ ਮੰਤਰੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਅਤੇ 12 ਹੋਰਾਂ ਖ਼ਿਲਾਫ਼ ਹੱਤਿਆ ਦੀ ਕੋਸ਼ਿਸ਼ ਕਰਨ ਦੇ ਦੋਸ਼ ਜੋੜਨ ਦੀ ਇਜਾਜ਼ਤ ਦੇ ਦਿੱਤੀ ਹੈ। ਕੇਂਦਰੀ ਮੰਤਰੀ ਦੇ ਨਸ਼ਰ ਹੋਏ ਵੀਡੀਓ ’ਚ ਸਾਫ਼ ਦਿਖ ਰਿਹਾ ਹੈ ਕਿ ਉਹ ਪੱਤਰਕਾਰਾਂ ਦੇ ਸਵਾਲਾਂ ਤੋਂ ਭੜਕ ਗਿਆ। ਉਹ ਮੀਡੀਆ ਨੂੰ ‘ਚੋਰ’ ਆਖਦਾ ਹੋਇਆ ਸੁਣਾਈ ਦੇ ਰਿਹਾ ਹੈ। ਉਸ ਨੇ ਕਿਹਾ,‘‘ਮੂਰਖਾਂ ਵਾਂਗ ਸਵਾਲ ਨਾ ਪੁੱਛੋ। ਕੀ ਤੁਹਾਡਾ ਦਿਮਾਗ ਖ਼ਰਾਬ ਹੋ ਗਿਆ ਹੈੈ? ਤੁਸੀਂ ਕੀ ਜਾਨਣਾ ਚਾਹੁੰਦੇ ਹੋ? ਤੁਸੀਂ ਇਕ ਬੇਕਸੂਰ ਵਿਅਕਤੀ ਨੂੰ ਦੋਸ਼ੀ ਬਣਾ ਦਿੱਤਾ ਹੈ। ਤੁਹਾਨੂੰ ਸ਼ਰਮ ਨਹੀਂ ਆਉਂਦੀ?’’

ਗੁੱਸੇ ’ਚ ਇਕ ਪੱਤਰਕਾਰ ਵੱਲ ਵਧਦਿਆਂ ਉਹ ਉਸ ਨੂੰ ਮੋਬਾਈਲ ਫੋਨ ਬੰਦ ਕਰਨ ਲਈ ਆਖ ਰਿਹਾ ਹੈ। ਕੇਂਦਰੀ ਮੰਤਰੀ ਦਾ ਪੱਤਰਕਾਰਾਂ ’ਤੇ ਇਹ ਗੁੱਸਾ ਉਸ ਸਮੇਂ ਨਿਕਲਿਆ ਜਦੋਂ ਉਹ ਲਖੀਮਪੁਰ ਖੀਰੀ ਤੋਂ 15 ਕਿਲੋਮੀਟਰ ਦੂਰ ਸਰਕਾਰੀ ਸਿਹਤ ਕੇਂਦਰ ’ਚ ਆਕਸੀਜਨ ਪਲਾਂਟ ਦਾ ਉਦਘਾਟਨ ਕਰਨ ਲਈ ਗਿਆ ਸੀ। ਇਹ ਹਸਪਤਾਲ ਮਿਸ਼ਰਾ ਦੇ ਖੀਰੀ ਸੰਸਦੀ ਹਲਕੇ ’ਚ ਪੈਂਦਾ ਹੈ ਜਿਥੋਂ ਉਹ ਦੋ ਵਾਰ ਚੋਣ ਜਿੱਤ ਚੁੱਕਾ ਹੈ। ਇਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਜੈ ਮਿਸ਼ਰਾ ਨੇ ਕਰੋਨਾ ਮਹਾਮਾਰੀ ਨੂੰ ਕਾਬੂ ਕਰਨ ਲਈ ਸਰਕਾਰ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਦਾ ਹਵਾਲਾ ਦਿੱਤਾ। ਕੇਂਦਰੀ ਮੰਤਰੀ ਨੇ ਮੰਗਲਵਾਰ ਨੂੰ ਪੁੱਤਰ ਨਾਲ ਜ਼ਿਲ੍ਹਾ ਜੇਲ੍ਹ ’ਚ ਮੁਲਾਕਾਤ ਕੀਤੀ ਅਤੇ ਅੱਜ ਉਹ ਦਿੱਲੀ ਲਈ ਰਵਾਨਾ ਹੋ ਗਿਆ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹੈਲੀਕਾਪਟਰ ਹਾਦਸਾ: ਗਰੁੱਪ ਕੈਪਟਨ ਵਰੁਣ ਸਿੰਘ ਨੇ ਦਮ ਤੋੜਿਆ
Next articleਮਿਸ਼ਰਾ ਨੂੰ ਅਹੁਦੇ ਤੋਂ ਹਟਾਏ ਸਰਕਾਰ: ਰਾਹੁਲ