(ਸਮਾਜ ਵੀਕਲੀ)
ਸ਼ੀਸ਼ਾ ਹਾਂ,
ਸੱਚ ਦਿਖਾਉਣ ਦਾ ਕੰਮ ਕਰਦਾ ਹਾਂ,
ਪ੍ਰਦਰਸ਼ਿਤ ਕਰਦਾ ਹਾਂ ,
ਤੁਸੀਂ … ਬਾਹਰੋਂ ,ਤੇ ਅੰਦਰੋਂ ਕੀ ਹੋ?
ਤੁਹਾਡੇ ਅੰਦਰ ਦੀ ਆਤਮਾ…ਕੀ ਹੈ?
ਜੋ ਇੰਨਸਾਨ ਸਦਾ ਬਾਹਰ ਭਾਲਦਾ ਰਹਿੰਦਾ ਹੈ
ਉਹ ਸੱਚ ਤੁਹਾਨੂੰ ਆਪਣੇ ਵਿੱਚ ਦਿਖਾ ਦਿੰਦਾ ਹਾਂ।
ਸਿਰਫ਼ ਇਕ ਸ਼ੀਸ਼ਾ ਹਾਂ,
ਜੋ ਤੁਹਾਡੀ ਕੰਧ ਤੇ ਲਟਕਿਆਂ ਰਹਿੰਦਾ ਹਾਂ,
ਜਿਸ ਵਿੱਚੋਂ ਤੁਸੀਂ ਹਰ ਰੋਜ਼ ਆਪਣੇ ਆਪ ਨੂੰ ਵੇਖਦੇ ਹੋ,
ਵੇਖਣ ਤੇ …ਝੂਠ ਨਹੀਂ ਬੋਲਦਾ
ਰਿਸ਼ਵਤ ਲੈ ਕੇ ਕੁਝ ਬਦਲ ਨਹੀਂ ਦਿੰਦਾ ,
ਚਾਪਲੂਸੀ ਨਹੀਂ ਕਰਦਾ,
ਨਾ ਕੁਝ ਘੱਟ , ਨਾ ਕੁਝ ਵੱਧ ਦਿਖਾਉਂਦਾ ਹਾਂ,
ਨਾ ਕਿਸੇ ਅਮੀਰ -ਗ਼ਰੀਬ ਵਿੱਚ ਫ਼ਰਕ ਕਰਦਾ ਹਾਂ,
ਨਾ ਭਿਖ਼ਾਰੀ ਤੇ ਰਾਜੇ ਰੰਕ ਵਿੱਚ ਫ਼ਰਕ ਕਰਦਾ ਹਾਂ।
ਤੁਸੀਂ ਮੈਨੂੰ ਮਹਿੰਗੇ ਫ਼ਰੇਮ ਵਿੱਚ ਜੜਾਉ ਜਾਂ ਸਸਤੇ ਵਿੱਚ
ਸਿਰਫ਼ ਉਸ ਇੱਕ ਦਾ ਪ੍ਰਤੀਬਿੰਬ ਦਿੰਦਾ ਹਾਂ
ਜੋ ਮੇਰੇ ਸਾਮ੍ਹਣੇ ਹੁੰਦਾ ਹੈ,
ਨਿਰਣਾ ਨਹੀਂ ਕਰਦਾ ਨਾ ਕੋਈ ਮਾਪ ਡੰਡ
ਨਫ਼ਰਤ ਜਾਂ ਈਰਖ਼ਾ ਨਹੀਂ ਕਰਦਾ
ਆਲੋਚਨਾਂ ਜਾਂ ਸ਼ਿਕਾਇੱਤ ਨਹੀਂ ਕਰਦਾ
ਦੋਸ਼ ਜਾਂ ਸ਼ਰਮ ਨਹੀਂ ਕਰਦਾ
ਪ੍ਰਭਾਵਤ ਨਹੀਂ ਹੁੰਦਾ
ਬਦਸੂਰਤੀ ‘ਤੇ ਚੀਕਦਾ ਨਹੀਂ
ਸੁੰਦਰਤਾ ਨਾਲ ਖੁਸ਼ ਵੀ ਨਹੀਂ ਹੁੰਦਾ
ਮੈਨੂੰ ਗੁੱਸਾ ਨਹੀਂ ਆਉਂਦਾ
ਨਾ ਕਿਸੇ ਨਾਲ ਨਾਰਾਜ਼ ਹੁੰਦਾ ਹਾਂ,
ਜੋ ਆਪਣੇ ਸਾਹਮਣੇ ਵੇਖਦਾ ਹਾਂ
ਉਹ ਹੀ ਸਭ ਨੂੰ ਦਿਖਾਉਂਦਾ ਹਾਂ
ਕਿਉਂਕਿ ਇੱਕ ਸ਼ੀਸ਼ਾ ਹਾਂ
ਬਹੁਤ ਹੀ ਸ਼ਾਤ ਸੁਭਾਅ ਦਾ
ਫ਼ਰੇਮ ਨੂੰ ਪਾਲਿਸ਼ ਕਰ ਸਕਦੇ ਹੋ…
ਚਮਕਦਾਰ ਤੇ ਖੂਬਸੂਰਤ ਬਣਾ ਸਕਦੇ ਹੋ
ਪਰ ਫਿਰ ਵੀ ਸੱਚ ਦੀ ਮੂਰਤ ਬਣ ਕੇ
ਤੂਹਾਨੂੰ ਜੋ ਤੁਹਾਡੇ ਅੰਦਰ ਹੈ
ਉਹ ਵੀ ਦਿਖਾਵਾਂਗਾ।
ਆਪਣੇ ਗੁਨਾਹਾ ਦਾ ਸੱਚ ਦੇਖ ਕੇ
ਭਾਵੇਂ ਤੋੜ ਦਿਉ,
ਮੇਰੇ ਟੁਕੜੇ ਟੁਕੜੇ ਕਰ ਦਿਉ…
ਪਰ ਹਰ ਟੁਟਿਆਂ ਹੋਇਆ ਟੁਕੜਾ
ਤੂਹਾਨੂੰ ਸੱਚ ਦੀ ਮੂਰਤ ਬਣ ਕੇ
ਸਚਾਈ ਦੀ ਸੂਰਤ ਹੀ ਦਿਖਾਵੇਗਾ।
ਕਿਉਂਕਿ ਸਿਰਫ਼ ਸ਼ੀਸਾ ਹਾਂ
‘ਤੇ ਸਿਰਫ਼ ਉਹ ਹੀ ਵਿਖਾਅ ਸਕਦਾ ਹਾਂ
ਜੋ ਸਾਹਮਣੇ ਹੋਵੇਗਾ।
ਇਹ ਹੀ ਸੱਚ ਹੈ ।
ਸੁਰਜੀਤ ਸਿੰਘ ਫਲੋਰਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly