ਮਿੰਨੀ ਲਿਖਤ

ਅਸੀਂ ਕਿਹੜੀ ਉਹ ਸ਼ੈਅ ਹਾਸਿਲ ਕਰਨੀ ਹੈ, ਜਿਹੜੀ ਸਾਨੂੰ ਪੰਜਾਬ ਨਾਲ ਧੋਖਾ ਕਰਕੇ ਹੀ ਮਿਲ ਸਕਦੀ ਹੈ ??

(ਸਮਾਜ ਵੀਕਲੀ)-ਬਾਹਰੋਂ ਅਸੀਂ ਕਿੰਨੇ ਸਿਆਣੇ, ਮਜ਼ਬੂਤ, ਦਲੇਰ, ਮਰਦ ਤੇ ਸੱਚੇ ਸੁੱਚੇ ਬਣੇ ਫਿਰਦੇ ਹਾਂ ਪਰ ਅੰਦਰੋਂ ਅਸੀਂ ਬਿਲਕੁਲ ਖੋਖਲੇ ਹੋ ਕੇ ਰਹਿ ਗਏ ਹਾਂ। ਸਿੱਧਾ ਪੰਜਾਬੀ ਵਿਚ ਕਹਿ ਸਕਦੇ ਹਾਂ ਕਿ ਸਾਡੇ ਕੋਲ ਜ਼ਮੀਰ ਨਾਂਅ ਦੀ ਚੀਜ਼ ਹੀ ਨਹੀਂ ਰਹਿ ਗਈ। ਆਪਣੇ ਆਪ ਨੂੰ ਪੰਜਾਬੀ ਤਾਂ ਅਖਵਾਉਣਾ ਚਾਹੁੰਦੇ ਹਾਂ, ਪਰ ਪੰਜਾਬ ਲਈ ਸੱਚੇ ਦਿਲ ਨਾਲ ਕੁਝ ਨਹੀਂ ਕਰਨਾ ਚਾਹੁੰਦੇ। ਹੋਰ ਤਾਂ ਹੋਰ ਪੰਜਾਬ ਲਈ ਕੁਝ ਕਰਨਾ ਲੋਚਦੇ ਨੌਜਵਾਨਾਂ ਨੂੰ ਅਸੀਂ ਜੇਲ੍ਹਾਂ ਦੇ ਰਹੇ ਹਾਂ। ਜਦੋਂ ਅਸੀਂ ਜੰਮਣਾ ਮਰਨਾ ਪੰਜਾਬ ਵਿੱਚ ਹੈ, ਫਿਰ ਕਿਉਂ ਪੰਜਾਬ ਨਾਲ ਖੜ੍ਹਨ ਦੀ ਬਜਾਇ ਸਰਕਾਰਾਂ ਨਾਲ ਖੜ੍ਹੇ ਹੋ ਰਹੇ ਹਾਂ। ਉਨ੍ਹਾਂ ਸਰਕਾਰਾਂ ਨਾਲ ਜਿੰਨ੍ਹਾਂ ਨੇ ਹਮੇਸ਼ਾ ਪੰਜਾਬ ਨੂੰ ਤਬਾਹ ਤੇ ਸੁਆਹ ਹੀ ਕੀਤਾ ਹੈ। ਮੈਂ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਮਾਨਸਾ ਦੇ ਐਸ ਐਸ ਪੀ ਵੱਲੋਂ ਸੋਸ਼ਲ ਮੀਡੀਆ ਦੇ ਪੇਜ਼ ਰਾਹੀਂ ਨੌਜਵਾਨ ਪਰਵਿੰਦਰ ਸਿੰਘ ਝੋਟੇ ਬਾਬਤ ਵੀਡੀਓ ਜਾਰੀ ਕੀਤੀ ਗਈ ਤਾਂ ਹੇਠਾਂ ਲੋਕਾਂ ਦੇ ਨੌਜਵਾਨ ਪਰਵਿੰਦਰ ਸਿੰਘ ਦੇ ਹੱਕ ਵਿੱਚ ਆ ਰਹੇ ਕੁਮੈਂਟਾਂ ਅਤੇ ਪੁਲਿਸ ਤੇ ਸਰਕਾਰ ਨੂੰ ਵਰ ਰਹੀ ਗਾਲ੍ਹ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ।

ਸੱਚ ਦਾ ਸਾਹਮਣਾ ਕਰਨ ਤੋਂ ਡਰਦਿਆਂ ਨੇ ਪੋਸਟ ‘ਤੇ ਕੁਮੈਂਟ ਬੰਦ ਕਰ ਦਿੱਤੇ। ਇਸ ਬਾਬਤ ਸੋਸ਼ਲ ਮੀਡੀਆ ਉੱਪਰ ਵੀ ਲਿਖਿਆ ਜਾ ਰਿਹਾ ਹੈ ਕਿ ਮਾਨਸਾ ਪੁਲਿਸ ਦੇ ਆਫੀਸ਼ੀਅਲ ਪੇਜ਼ ਤੋਂ ਪਰਮਿੰਦਰ ਸਿੰਘ ਝੋਟਾ ਵਾਲੇ ਮੁੱਦੇ ‘ਤੇ ਆਪਣਾ ਪੱਖ ਰੱਖਦਿਆਂ ਇੱਕ ਵੀਡਿਓ ਪਾਈ ਸੀ, ਜਿਸ ਉੱਪਰ ਆਏ ਵਿਰੋਧੀ ਕੁਮੈਂਟਾਂ ਕਰਕੇ ਪੋਸਟ ‘ਤੇ ਕੁਮੈਂਟ ਹੀ ਬੰਦ ਕਰਨੇ ਪੈ ਗਏ । ਹੈਰਾਨੀ ਵਾਲੀ ਗੱਲ ਹੈ ਕਿ ਇਸ ਸਾਰੇ ਵਰਤਾਰੇ ਰਾਹੀਂ ਛੋਟੇ ਛੋਟੇ ਬੱਚਿਆਂ ਨੂੰ ਵੀ ਸਮਝ ਪੈਂਦੀ ਹੈ ਕਿ ਨਸ਼ਾ, ਚੋਰੀ, ਗੁੰਡਾਗਰਦੀ ਅਤੇ ਲੁੱਟਾਂ ਖੋਹਾਂ ਤੋਂ ਲੋਕ ਬੁਰੀ ਤਰ੍ਹਾਂ ਅੱਕੇ ਹੋਏ ਹਨ ਪਰ ਪੁਲਿਸ ਤੇ ਸਰਕਾਰ ਨੂੰ ਕਿਉਂ ਨਹੀਂ ਦਿਖਾਈ ਦੇ ਰਿਹਾ। ਇਸ ਲਈ ਹਾਲੇ ਵੀ ਵਕਤ ਹੈ ਕਿ ਦਿੱਲੀ ਦਾ ਡਰ ਛੱਡ ਕੇ ਪੰਜਾਬ ਵਾਲੇ ਪਾਸੇ ਖੜ੍ਹਨ ਦੀ ਜੁਅੱਰਤ ਕਰੀਏ ਤੇ ਪੰਜਾਬ ਦੇ ਪੁੱਤ ਹੋਣ ਦਾ ਫਰਜ਼ ਅਦਾ ਕਰੀਏ। ਪੰਜਾਬ ਨੂੰ ਤਬਾਹ ਕਰਨ ਵਾਲੇ ਤਾਂ ਉਸਦੇ ਇਰਦ ਗਿਰਦ ਬਥੇੇੇੇਰੇ ਹਨ, ਅਸੀਂ ਤਾਂ ਨਾ ਉਹਦੀ ਬੁੱਕਲ ਵਿਚ ਬੈਠ ਕੇ ਉਹਦੇ ਸੀਨੇ ‘ਤੇ ਖ਼ੰਜ਼ਰ ਚਲਾਈਏ। ਅਸੀਂ ਤਾਂ ਉਹਦੇ ਆਪਣੇ ਹਾਂ। ਅਸੀਂਂ ਕਿਹੜੀ ਉਹ ਸ਼ੈਅ ਹਾਸਿਲ ਕਰਨੀ ਹੈ, ਜਿਹੜੀ ਪੰਜਾਬ ਨਾਲ ਧੋਖਾ ਕਰਕੇ ਹੀ ਸਾਨੂੰ ਮਿਲ ਸਕਦੀ ਹੈ ? ਪੰਜਾਬ ਦੇ ਨੌਜਵਾਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਕੇ ਹੀ ਸਾਨੂੰ ਨਸੀਬ ਹੋਣੀ ਹੈ ? ਕਿਹੜੀ ਉਹ ਅਜਿਹੀ ਸ਼ੈਅ ਹੈ, ਜੀਹਦੀ ਖ਼ਾਤਰ ਅਸੀਂ ਪੰਜਾਬ ਨਾਲ ਦਗੇਬਾਜੀਆਂ ‘ਤੇ ਉਤਰ ਆਏ ਹਾਂ। ਸਾਨੂੰ ਜਰੂਰ ਸੋਚਣਾ ਪਵੇਗਾ। ਕਿਹੜੀ ਜਿੱਤ ਅਸੀਂ ਪ੍ਰਾਪਤ ਕਰਨੀ ਚਾਹੁੰਦੇ ਹਾਂ,ਜਿਹੜੀ ਪੰਜਾਬ ਦੇ ਖ਼ਿਲਾਫ਼ ਜਾ ਕੇ ਹੀ ਜਿੱਤੀ ਜਾਵੇਗੀ।

                                 ਬੇਅੰਤ ਗਿੱਲ ਭਲੂਰ
                                 99143/81958
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬਹੁਤ ਜ਼ਰੂਰੀ ਹੈ ਕਿ ਖੇਤਾਂ ਦੇ ਨਿਰੀਖਣ ਕਰਨ ਦੇ ਤੁਰੰਤ ਕਿਸਾਨਾਂ ਦੀਆਂ ਜੇਬਾਂ ਵਿਚ ਪੈਸਾ ਵੀ ਪਵੇ 
Next articleਕਤਲ