(ਸਮਾਜ ਵੀਕਲੀ)-ਭਾਨਾ ਸਾਰੀ ਦਿਹਾੜੀ ਜਿਮੀਦਾਰਾਂ ਨਾਲ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੁੰਦਾ। ਨਾ ਮੂੰਹ ਨਾ ਸਿਰ ਦੀ, ਪਹਿ ਪਾਟਣ ਨਾਲ ਖੇਤ ਵਿੱਚ ਜਾਣਾ ਤੇ ਤਾਰਿਆਂ ਦੀ ਛਾਵੇਂ ਘਰ ਆਉਣਾ। ਚਾਹੇ ਸਾਰੀ ਦਿਹਾੜੀ ਦਿਹ ਤੋੜ ਕੇ ਖੇਤੀ ਕੰਮ ਕਰਦਾ ਥਕੇਵੇਂ ਨਾਲ ਚੂਰ ਹੋ ਜਾਂਦਾ, ਪਰ ਮਜਬੂਰੀਆਂ ਕਿਥੇ ਥੱਕਣ ਦਿੰਦੀਆਂ। ਉਹ ਢਿੱਲ ਮੱਸ ਹੋਣ ਤੇ ਵੀ ਕੋਈ ਛੁੱਟੀ ਨਾ ਕਰਦਾ, ਕੋਈ ਵੀ ਸਕੀਰੀ ਵਿੱਚ
ਭਾਵ ਰਿਸ਼ਤੇਦਾਰੀਆਂ ਦੇ ਦੁੱਖ ਸੁੱਖ ਵਿੱਚ ਆਪਣੇ ਘਰ ਵਾਲੀ
ਨੂੰ ਭੇਜ ਦਿੰਦਾ। ਜੇ ਕਿਤੇ ਮਜਬੂਰੀ
ਵੱਸ ਜਾਣਾ ਹੁੰਦਾ, ਘਰ ਵਾਲਿਆ ਨੂੰ ਪਤਾ ਲੱਗ ਜਾਂਦਾ ਤਾਂ ਮਾਲਕਾਂ ਦੇ ਭਾ ਦੀ ਬਣੀ ਜਾਂਦੀ, ਬਈ ਖੇਤ ਤੇ ਘਰ ਦਾ ਕੰਮ ਕੌਣ ਕਰੂ। ਤੇ
ਕਹਿੰਦੇ ਭਾਨਿਆ ਜੇ ਸਰਦਾ ਤਾਂ ਸਾਰ ਲੈ। ਹੋਰ ਕਿਸੇ ਨੂੰ ਭੇਜ ਦੇ। ਪਰ ਭਾਨਾ ਸੋਚਦਾ ਜੇ ਮੈਂ ਅੱਜ ਕਿਸੇ ਦੇ ਨਾ ਗਿਆ ਤਾਂ ਕੱਲ ਮੇਰੇ ਕੌਣ ਆਊ। ਤਾਂ ਮਾਲਕ ਕਹਿੰਦੇ ਭਾਨਿਆ ਕਦੋਂ ਕ ਮੁੜੇਗਾ। ਪੱਠਿਆਂ ਦਾ ਮੁਸ਼ਕਲ ਹੋ ਜਾਣਾ, ਤੇ ਉੱਤੋਂ ਬੀਜ਼ ਬਿਜਾਈ ਦਾ ਜ਼ੋਰ ਆ। ਪਰ ਭਾਨਾ ਕੀ ਕਰੇ ਸਿਆਣਿਆਂ ਦੇ ਕਹਿਣ ਮੁਤਾਬਕ “ਸੱਪ ਦੇ ਮੂੰਹ ਵਿੱਚ ਕਿਰਲੀ ਵਾਲੀ ਗੱਲ, ਜੇ ਛੱਡੇ ਤਾਂ ਕੋਹੜੀ ਜੇ ਖਾਵੇ ਤਾਂ ਕਲੰਕੀ” ਭਾਨਾ ਕਿੱਧਰ ਜਾਵੇ ਕੀ ਕਰੇ। ਪਹਿਲਾਂ ਪਿਉ ਦੀ ਬਿਮਾਰੀ ਦਾ ਕਰਜ਼ਾ ਫਿਰ ਆਪਣੇ ਵਿਆਹ ਦਾ ਕਰਜ਼ਾ। ਪੰਡ ਵੀ ਭਾਰੀ ਸੀ। ਸਾਰਾ ਦਿਨ ਮਾਲਕ ਦੇ ਬਰਾਬਰ ਖੇਤ ਵਿੱਚ ਕੰਮ ਕਰਨਾ ਤੇ ਘਰ
ਆ ਕੇ ਆਪ ਤਾਂ ਮਾਲਕਾਂ ਨੇ ਨਹਾ
ਧੋ ਕੇ ਸੱਥ ਵਿੱਚ ਬੈਠ ਜਾਣਾ ਤੇ ਭਾਨੇ ਨੂੰ ਘਰੇ ਬੁੜੀਆ ਨੇ ਕੰਮ
ਲਾ ਲੈਣਾ, ਭਾਨਿਆ ਆਟਾ ਚੱਕੀ ਤੋਂ ਦਾਣਾ ਚੱਕ ਲਿਆ। ਨਾਲੇ ਪਸ਼ੂਆਂ ਨੂੰ ਪੱਠੇ ਪਾ ਦੇ ਸਾਡਾ ਟਾਇਮ ਨੀ ਲੱਗਿਆ ਅਸੀਂ ਪਿੰਡ
ਚ ਕਿਸੇ ਫੰਕਸ਼ਨ ਤੇ ਗਈਆਂ ਸੀ, ਨਾਲੇ ਪਾਣੀ ਪਿਆ ਦੇ।
ਤੇ ਨਾਲੇ ਤੜਕੇ ਔਉਲ ਕੇ ਆ ਜਾਈਂ। ਭਾਵ (ਸੁਧੇਹਾ ਸਾਜਰੇ)
ਭਾਨਾ ਰਾਤ ਨੂੰ ਥਕੇਵੇਂ ਨਾਲ ਮਰ ਕੇ ਡਿੱਗਦਾ ਪਤਾ ਨੀ ਕਿਹੜੀ
ਚੀਜ਼ ਉਸਨੂੰ ਸਵੇਰੇ ਫੇਰ ਜਿਉਂਦਾ ਕਰ ਦਿੰਦੀ। ਘਰੇ ਜਵਾਕ ਛੋਟੇ।
ਸਾਰੀ ਆਪਣੇ ਘਰ ਦੀ ਵੀ ਜੁੰਮੇਵਾਰੀ ਉਸ ਦੀ। ਰਾਤ ਨੂੰ ਭਾਨੇ ਨੂੰ ਜਾਗ ਆ ਜਾਂਦੀ ਫੇਰ ਅੱਖ ਨਾ ਮਿਚਦੀ , ਭਾਨਾ ਕਈ
ਵਾਰੀ ਸੋਚਦਾ ਕੀ ਆ ਗਰੀਬ ਕਾਮੇ ਦੀ ਜ਼ਿੰਦਗੀ ਜੇ ਇੱਕ ਵਾਰੀ ਮੁਸੀਬਤ ਜਾਂ ਖੁਸ਼ੀ ਮਨਾ ਲਵੇ, ਸਾਰੀ ਉਮਰ ਕਰਜ਼ਾ ਨੀ ਉਤਰ ਦਾ। ਗਰੀਬ ਦਾ ਤਾਂ ਐਵੇਂ ਜ਼ਿੰਦਗੀ ਦਾ ਭਾਰ ਢੋਹਣ ਵਾਲੀ
ਗੱਲ ਹੈ। ਕਈ ਵਾਰੀ ਉਸ ਨੂੰ ਆਪਣੀ ਮੋਈ ਹੋਈ ਜ਼ਿੰਦਗੀ
ਮਹਿਸੂਸ ਹੁੰਦੀ।
ਇਹ ਸਾਰਾ ਕੁਝ ਸੋਚ ਡੂੰਘੀਆਂ
ਪੀੜਾਂ ਨੂੰ ਆਪਣੇ ਅੰਦਰ ਸਮਾ
ਘੁੱਟ ਜਿਹਾ ਭਰ ਮੋਢੇ ਦਾਤੀ ਤੇ
ਹੱਥ ਚਾਹ ਵਾਲਾ ਕੱਪ ਫੜ
ਜਿੰਮੀਦਾਰਾਂ ਦੇ ਘਰ ਵੱਲ ਨੂੰ ਤੁਰ ਪੈਂਦਾ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly