ਮਿੰਨੀ ਕਹਾਣੀ/ ਵੋਟ ਦਾ ਮੁੱਲ

ਰਣਜੀਤ ਸਿੰਘ ਨੂਰਪੁਰਾ
ਰਣਜੀਤ ਸਿੰਘ ਨੂਰਪੁਰਾ 
(ਸਮਾਜ ਵੀਕਲੀ)  ” ਉਜਾਗਰਾ, ਤੇਰਾ ਉਲਾਂਭਾ ਆਇਆ ਭਾਈ——ਤੂੰ ਪੂਰਨ ਦੇ ਜਿੰਦਰ ਤੋਂ ਜਾਤੀ ਸਰਟੀਫਿਕੇਟ ਆਲੇ ਫਾਰਮ ‘ਤੇ ਮੋਹਰ ਲਾਉਣ ਬਦਲੇ ਤਿੰਨ ਸੌ ਰੁਪਏ ਲਏ ਨੇ,” ਇਹ ਉਲਾਂਭਾ ਉਸ ਮੋਹਤਬਰ ਨੇ ਦਿੱਤਾ ਜਿਸ ਨੇ ਉਜਾਗਰ ਸਿੰਘ ਨੂੰ ਸਰਪੰਚ ਬਣਾਉਣ ਬਦਲੇ ਘਰ-ਘਰ ਜਾ ਕੇ ਵੋਟਾਂ ਮੰਗੀਆਂ ਸਨ।
    ” ਕੌਣ ਐ ਬਾਈ ਜੀ ਉਲਾਂਭਾ ਦੇਣ ਆਲਾ ——-ਰਾਮਦਾਸੀਏ ਭਾਈਚਾਰੇ ‘ਚੋਂ ਆ ਜਾਂ ਜੱਟਾਂ ਆਲ਼ੇ ਪਾਸਿਓਂ?” ਸਰਪੰਚ ਸੋਚੀਂ ਪੈ ਗਿਆ।
     ” ਰਾਮਦਾਸੀਆ ਭਾਈਚਾਰੇ ‘ਚੋਂ ਆ ਦੱਸਣ ਆਲ਼ਾ। ਕੀ ਤੂੰ ਸੱਚਮੁੱਚ ਲਏ ਆ ਪੈਸੇ?” ਮੋਹਤਬਰ ਤਲਖ਼ੀ ‘ਚ ਬੋਲਿਆ।
      ” ਬਾਈ ਜੀ, ਮੈਂ ਸ਼ੰਭੂ ਤੋਂ ਤਿੰਨ ਸੌ ਰੁਪਏ ਲਏ ਨੇ ਫ਼ਾਰਮ ‘ਤੇ ਮੋਹਰ ਲਾਉਣ ਬਦਲੇ…….ਉਹ ਵੀ ਏਸ ਕਰਕੇ ਲਏ ਨੇ ਕਿ ਪੰਚਾਇਤ ਚੋਣਾਂ ਵੇਲੇ ਇਨ੍ਹਾਂ ਦੇ ਲਾਣੇ ਨੇ ਇੱਕ ਵੋਟ ਅੱਠ ਸੌ ਰੁਪਏ ‘ਚ ਦਿੱਤੀ ਸੀ। ਘਰ ਗਏ ਨੂੰ ਬਿਨਾਂ ਕਿਸੇ ਲੁੱਕ ਲਪੇਟ ਤੋਂ ਇਨ੍ਹਾਂ ਆਖ ਦਿੱਤਾ ਸੀ ਕਿ ਅਸੀਂ ਤਾਂ ਪੈਸੇ ਲੈ ਕੇ ਵੋਟਾਂ ਪਾਉਣੀਆਂ ਨੇ। ਇਨ੍ਹਾਂ ਦੀਆਂ ਅੱਠ ਵੋਟਾਂ ਨੇ ਜਿਨ੍ਹਾਂ ਦਾ ਚੌਂਹਠ ਸੌ ਰੁਪਿਆ ਮੈਂ ਘਰੇ ਫੜ੍ਹਾ ਕੇ  ਆਇਆ ਸੀ ਤੇ ਤਾਂ ਇਨ੍ਹਾਂ ਮੈਨੂੰ ਵੋਟਾਂ ਪਾਈਆਂ ਸਨ।ਦੇ’ਚ ਦਿੱਤੀ ਆ ਤੇ ਪੈਸੇ ਵੀ ਨਗਦ ਲਏ ਨੇ। ਆਹ ਮੁੰਡਾ ਸ਼ੰਭੂ, ਜਿਹੜਾ ਮੋਹਰ ਲਵਾ ਕੇ ਗਿਆ , ਇਸ ਨੇ ਆਪਣਾ ਅੱਠ ਸੌ ਰੁਪਿਆ ਅਲੱਗ ਲਿਆ ਸੀ।……. ਹੁਣ ਤੁਸੀਂ ਆਪ ਈ ਦੱਸ ਦਿਓ ਕਿ ਫ਼ਾਰਮ ‘ਤੇ ਮੈਂ ਕਿਉਂ ਮੋਹਰ ਮੁਫ਼ਤ ਲਾ ਕੇ ਦੇਵਾਂ। ਮੈਂ ਵੀ ਤਾਂ ਆਪਣੇ ਪੈਸੇ ਪੂਰੇ ਕਰਨੇ ਹੀ ਨੇ। ਇਨ੍ਹਾਂ ਨੂੰ ਮੈਂ ਖੁਸ਼ੀ ਨਾਮੇ ਤਿੰਨ ਹਜ਼ਾਰ ਰੁਪਏ ਦਿੰਦਾ ਸੀ  ਪਰ ਇਨ੍ਹਾਂ ਨੇ ਅੜਕੇ ਪੈਸੇ ਲਏ ਸੀ। “—– ਸਰਪੰਚ ਮੂੰਹੋਂ ਹਕੀਕਤ ਸੁਣ ਮੋਹਤਬਰ ਵਿਅਕਤੀ ‘ ਚੁੱਪ ‘ ਕਰ ਗਿਆ। ਉਹ ਸੋਚ ਰਿਹਾ ਸੀ ਕਿ ਸ਼ੰਭੂ ਕੇ ਲਾਣੇ ਨੇ ਉਲਾਂਭਾ ਦੇਣ ਲੱਗਿਆਂ ਇਹ ਗੱਲ ਕਿਉਂ ਨੀਂ ਦੱਸੀ ਕਿ ਅਸੀਂ ਸਰਪੰਚ ਦੀ ਚੋਣ ਸਮੇਂ ਆਪਣੀ ਮੱਤ ਦਾ ਦਾਨ ਨਹੀਂ ਸੀ ਕੀਤਾ ਬਲਕਿ ਉਸ ਦਾ ਮੁੱਲ ਵੱਟਿਆ ਸੀ!!”
         ਮੋਹਤਬਰ ਵਿਅਕਤੀ ਕੋਲ ਚੁੱਪ ਰਹਿਣ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸ਼ੋਸ਼ਲ ਮੀਡੀਆ ਤੇ ਸਮਾਜ
Next articleਸ਼ੁਭ ਸਵੇਰ ਦੋਸਤੋ