(ਸਮਾਜ ਵੀਕਲੀ) ਪੇਂਡੂ ਮਾਹੌਲ ਵਿੱਚ ਜੰਮੀ ਪਲੀ ਉਸ ਦਲਿਤ ਕੁੜੀ ਨੇ ਗਰੀਬੀ ,ਲਚਾਰੀ ਤੇ ਤੰਗੀਆਂ ਤੁਰਸ਼ੀਆਂ ਨੂੰ ਸਰੀਰ ਤੇ ਹੰਡਾਉਂਦਿਆਂ ਆਪਣੀ ਮਿਹਨਤ ਨਾਲ ਚੰਗੀ ਪੜ੍ਹਾਈ ਕੀਤੀ ਤੇ ਸਰਕਾਰੀ ਦਫਤਰ ਵਿਚ ਨੌਕਰੀ ਤੇ ਜਾ ਲੱਗੀ। ਉਸਨੂੰ ਡਿਊਟੀ ਸਥਾਨ ਵੱਡੇ ਸ਼ਹਿਰ ਵਿੱਚ ਮਿਲਿਆ ਜਿੱਥੇ ਉਸ ਦੇ ਦਫਤਰ ਦਾ ਮੁਖੀ ਤੇ ਉਸਦੇ ਸਹਿਕਰਮੀ ਉਸ ਕੁੜੀ ਦੀ ਸਾਂਵਲੀ ਦਿੱਖ, ਪੇਂਡੂ ਰਹਿਣ ਸਹਿਣ ‘ਤੇ ਅਕਸਰ ਹੀ ਤੰਨਜਾਂ ਕੱਸਦੇ ਰਹਿੰਦੇ ਸਨ। ਦਫਤਰੀ ਮੁਖੀ ਸਮੇਤ ਸਾਰੇ ਮੁਲਾਜ਼ਮ ਉਸ ਕੁੜੀ ਦਾ ਗੋਤ ਕਨਾਲਾ ਆਪਣੇ ਵਿੱਚ ਕਰਨ ਤੋਂ ਪ੍ਰਹੇਜ਼ ਹੀ ਨਹੀਂ ਸਨ ਕਰਦੇ ਸਗੋਂ ਉਸ ਨੂੰ ਮਾਨਸਿਕ ਪੱਧਰ ਤੇ ਵੀ ਪ੍ਰੇਸ਼ਾਨ ਕਰਦੇ ਤੇ ਉਸ ਨੂੰ ਜਲੀਲ ਕਰਨ ਦਾ ਕੋਈ ਨਾ ਕੋਈ ਬਹਾਨਾ ਲੱਭਦੇ ਰਹਿੰਦੇ। ਆਪਣੇ ਬੌਸ ਤੇ ਸਹਿਕਰਮੀਆਂ ਦੀਆਂ ਇੰਨਾਂ ਕਾਰਵਾਈਆਂ ਤੋਂ ਤੰਗ ਉਸ ਕੁੜੀ ਨੇ ਜਥੇਬੰਦਕ ਰੂਪ ਵਿੱਚ ਆਪਣੇ ਮੁਖੀ ਖਿਲਾਫ ਆਪਣੀ ਸ਼ਿਕਾਇਤ ਉੱਚ ਅਫਸਰਾਂ ਕੋਲ ਦਰਜ ਕਰਵਾਈ ਤਾਂ ਪ੍ਰਸ਼ਾਸਨ ਨੇ ਇਨਕੁਆਰੀ ਸ਼ੁਰੂ ਕਰਦਿਆਂ ਉਸ ਦੇ ਬੌਸ ਸਮੇਤ ਉਸ ਦੀ ਵੀ ਆਰਜੀ ਬਦਲੀ ਹੋਰ ਕਿਸੇ ਹੋਰ ਦਫਤਰ ਵਿੱਚ ਕਰ ਦਿੱਤੀ। ਵਿਭਾਗੀ ਇਨਕੁਆਰੀ ਵਿੱਚ ਸ਼ਿਕਾਇਤੀ ਮੁਖੀ ਦੇ ਸਟਾਫ ਮੈਂਬਰਾਂ ਦੇ ਬਿਆਨ ਕਲਮਬੱਧ ਕੀਤੇ ਗਏ। ਸਿਆਸੀ ਪਹੁੰਚ, ਅਸਰ ਰਸੂਖ ਤੇ ਆਪਣੇ ਸਟਾਫ ਦੀ ਮਿਲੀ ਭੁਗਤ ਸਦਕਾ ਉਸ ਦਾ ਸਟਾਫ ਸ਼ਿਕਾਇਤ ਕਰਤਾ ਮੁਲਾਜ਼ਮ ਲੜਕੀ ਦੇ ਹੀ ਖਿਲਾਫ ਭੁਗਤਿਆ ।ਮਹਿਕਮੇ ਨੇ ਸ਼ਿਕਾਇਤੀਆ ਬੌਸ ਨੂੰ ਕਲੀਨ ਚਿੱਟ ਦੇ ਦਿੱਤੀ ਤੇ ਉਹ ਫਿਰ ਆਪਣੇ ਦਫਤਰ ਵਿੱਚ ਸ਼ਾਨੋ ਸ਼ੌਕਤ ਨਾਲ ਹਾਜ਼ਰ ਹੋ ਗਿਆ । ਹੁਣ ਸ਼ਿਕਾਇਤ ਕਰਨ ਵਾਲੀ ਮੁਲਾਜ਼ਮ ਲੜਕੀ ਨੇ ਆਪਣੇ ਦਮਨ ਖਿਲਾਫ ਕੀਤੇ ਸੰਘਰਸ਼ ਦੌਰਾਨ ਸਹਿਯੋਗ ਕਰਨ ਵਾਲਿਆਂ ਦਾ ਧੰਨਵਾਦ ਕਰਦਿਆਂ ਆਖਿਆ,” ਭਾਵੇਂ ਅੱਜ ਫਿਰ ਸੱਚ ਨੂੰ ਫਾਂਸੀ ਹੋਈ ਹੈ ਪਰ ਇਤਿਹਾਸ ਗਵਾਹ ਹੈ ਕਿ ਅੰਤ ਜਿੱਤ ਲੜਦੇ ਲੋਕਾਂ ਦੀ ਹੀ ਹੁੰਦੀ ਹੈ”। ਉਸ ਕੁੜੀ ਦੇ ਬੋਲੇ ਸ਼ਬਦ ਸਿਸਟਮ ਦੀ ਨਿਪੁੰਸਕਤਾ ਨੂੰ ਬਿਆਨ ਕਰ ਰਹੇ ਸਨ।
ਲੈਕਚਰਾਰ ਹਰਭਿੰਦਰ ਸਿੰਘ ਮੁੱਲਾਂਪੁਰ
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


