ਮਿੰਨੀ ਕਹਾਣੀ – ਰਿਸ਼ਤਿਆਂ ਵਿਚਲਾ ਅਹਿਮ

ਜਸਵਿੰਦਰ ਪਾਲ ਸ਼ਰਮਾ 
(ਸਮਾਜ ਵੀਕਲੀ)  ਜ਼ਿੰਦਗੀ ਕਦੇ ਵੀ ਇੱਕ ਸਾਰ ਨਹੀਂ ਚਲਦੀ ਜਿਵੇਂ ਦਿਨ ਮਗਰੋਂ ਰਾਤ, ਧੁੱਪ ਮਗਰੋਂ ਛਾਂ ਦਾ ਹੋਣਾ ਮੁਮਕਿਨ ਹੈ। ਉਸੇ ਹੀ ਤਰ੍ਹਾਂ ਜਿੰਦਗੀ ਵਿੱਚ ਸੁੱਖਾਂ ਮਗਰੋਂ ਦੁੱਖ ਤੇ ਦੁੱਖਾਂ ਮਗਰੋਂ ਸੁੱਖਾਂ ਦਾ ਆਉਣਾ ਵੀ ਨਿਸ਼ਚਿਤ ਹੈ।
 ਪਰ ਕੁਝ ਸੁੱਖ-ਦੁੱਖ ਅਜਿਹੇ ਹੁੰਦੇ ਹਨ, ਜੋ ਸਾਡੇ ਦੁਆਰਾ ਆਪਣੇ ਅਹਿਮ ਨੂੰ ਰਿਸ਼ਤਿਆਂ ਤੋਂ ਮੁੱਖ ਰੱਖਦੇ ਹੋਏ ਆਪਣੀ ਜ਼ਿੰਦਗੀ ਵਿੱਚ ਲਿਆਂਦੇ ਜਾਂਦੇ ਹਨ।
 ਮੇਰੀ ਜ਼ਿੰਦਗੀ ਵਿੱਚ ਵੀ ਅਜਿਹਾ ਹੀ ਹੋਇਆ। ਵਿਆਹ ਤੋਂ ਕੁਝ ਸਾਲਾਂ ਬਾਅਦ ਇੱਕ ਬੇਟੀ ਨੇ ਜਨਮ ਲਿਆ। ਬੇਟੀ ਦੇ ਜਨਮ ਤੋਂ ਬਾਅਦ ਮੇਰੇ ਪਤੀ ਤੇ ਮੇਰੇ ਵਿਚਕਾਰ ਕਈ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਮਨ ਮੁਟਾਵ ਰਹਿਣ ਲੱਗ ਪਿਆ।
 ਪਤਾ ਹੀ ਨਹੀਂ ਚੱਲਿਆ ਕਿ ਇਹ ਛੋਟੇ-ਛੋਟੇ ਮਨ ਮੁਟਾਵ ਵੱਡੀ ਲੜਾਈ ਵਿੱਚ ਕਦ ਬਦਲ ਗਏ। ਇਹਨਾਂ ਲੜਾਈ-ਝਗੜਿਆਂ ਵਿੱਚ ਮਸਲਾ ਭਾਵੇਂ ਕੋਈ ਵੱਡਾ ਨਹੀਂ ਹੁੰਦਾ, ਹੁੰਦਾ ਹੈ ਤਾਂ ਸਿਰਫ ਅਹਿਮ ਪ੍ਰਧਾਨ, ਤੇ ਇੱਕ-ਦੂਜੇ ਦਾ ਨਾ ਝੁਕਣਾ।
           ਸਮਾਂ ਬੀਤਦਾ ਗਿਆ ਤੇ ਪਤਾ ਹੀ ਨਾ ਲੱਗਿਆ ਕਿ ਅਸੀਂ ਕੋਰਟ ਤੱਕ ਚਲੇ ਗਏ। ਕਈ ਸਾਲਾਂ ਤੱਕ ਕੋਰਟ ਕੇਸ ਚੱਲਿਆ। ਬੇਟੀ ਬਾਰਾਂ ਸਾਲ ਦੀ ਹੋ ਚੁੱਕੀ ਸੀ। ਕੋਰਟ ਕੇਸਾਂ ਦੇ ਚਲਦੇ -ਚਲਦੇ ਮੇਰੇ ਪਤੀ ਟਿਊਮਰ ਗ੍ਰਸਤ ਹੋ ਚੁੱਕੇ ਸਨ। ਮੈਡੀਸਨ ਲਗਾਤਾਰ ਚੱਲ ਰਹੀ ਸੀ।
           ਆਖਰ ਅੱਜ ਦਾ ਦਿਨ ਬਹੁਤ ਫੈਸਲਾਕੁੰਨ ਦਿਨ ਸੀ। ਅੱਜ ਕੋਰਟ ਨੇ ਆਪਣਾ ਹੁਕਮ ਸੁਣਾਉਣਾ ਸੀ ਤੇ ਇਹ ਹੁਕਮ ਸ਼ਾਇਦ ਸਾਡੇ ਦੋਹਾਂ ਦੇ ਹੱਕ ਵਿੱਚ ਹੀ ਸੀ। ਸਾਡਾ ਤਲਾਕ ਹੋ ਚੁੱਕਾ ਸੀ।
    Vਕੋਰਟ ਦੇ ਫੈਸਲਾ ਸੁਣਾਉਣ ਤੋਂ ਬਾਅਦ ਮੇਰੇ ਪਤੀ ਕੋਰਟ ਦੇ ਬਾਹਰ ਆ ਕੇ ਚਾਹ ਦੀ ਸਟਾਲ ਤੇ ਬੈਠ ਗਏ। ਮੈਂ ਵੀ ਕੋਲ ਹੀ ਆ ਕੇ ਨਾਲ ਵਾਲੇ ਬੈਂਚ ਤੇ ਬੈਠ ਗਈ। ਮੈਨੂੰ ਕੋਲ ਬੈਠੇ ਦੇਖ ਕੇ ਪਤੀ ਨੇ ਚਾਹ ਵਾਲੇ ਨੂੰ ਕਿਹਾ, “ਯਾਰ ਦੋ ਕੱਪ ਅਦਰਕ ਵਾਲੀ ਚਾਹ ਬਣਾ ਦੇ।” ਉਹਨਾਂ ਨੂੰ ਪਤਾ ਸੀ ਕਿ ਮੈਨੂੰ ਅਦਰਕ ਵਾਲੀ ਚਾਹ ਪਸੰਦ ਹੈ।
ਚਾਹ ਦੇ ਕੱਪ ਫੜ ਕੇ ਅਸੀਂ ਚਾਹ ਪੀ ਰਹੇ ਸੀ। ਦੋਹਾਂ ਵਿੱਚ ਕੋਈ ਗੱਲਬਾਤ ਨਹੀਂ ਹੋ ਰਹੀ ਸੀ। ਚੁੱਪ ਨੂੰ ਤੋੜਦੇ ਹੋਏ ਮੈਂ ਪਤੀ ਨੂੰ ਕਿਹਾ, “ਦਵਾਈ ਸਮੇਂ ਸਿਰ ਲੈਂਦੇ ਰਹਿਣਾ।” ਪਤੀ ਨੇ ਕਿਹਾ, “ਹਾਂ ਲੈਂਦਾ ਰਹਾਂਗਾ, ਬਾਕੀ ਡਾਕਟਰ ਨੇ ਕਿਹਾ ਹੈ ਕਿ ਇੱਕ ਸਾਲ ਹੈ ਤੇਰੇ ਕੋਲ ਤੇ ਕੱਲ ਤੋਂ ਕੀਮੋ ਵੀ ਸਟਾਰਟ ਕਰਨੀ ਹੈ।” ਇਹ ਗੱਲ ਸੁਣ ਕੇ ਮੈਂ ਕੁਝ ਸਮੇਂ ਲਈ ਮੰਨੋ ਕੌਮਾਂ ਵਿੱਚ ਚਲੀ ਗਈ ਹੋਵਾਂ।
 ਪਤੀ ਨੇ ਕਿਹਾ, “ਕੋਰਟ ਨੇ ਹੁਕਮ ਦਿੱਤਾ ਹੈ ਕਿ ਮੈਂ ਤੁਹਾਨੂੰ ਪੰਜ ਲੱਖ ਰੁਪਏ ਦੇਣੇ ਹਨ। ਹੁਣ ਮੇਰੇ ਕੋਲ ਇੰਨੇ ਰੁਪਏ ਨਹੀਂ ਹਨ। ਸੋ ਇਸ ਤਰ੍ਹਾਂ ਕਰ ਮੇਰਾ ਚੰਡੀਗੜ੍ਹ ਵਾਲਾ ਫਲੈਟ ਆਪਣੇ ਨਾਂ ਕਰਵਾ ਲੈ। ਬਾਕੀ ਜੋ ਗਹਿਣੇ ਹਨ ਉਹ ਵੀ ਤੂੰ ਹੀ ਰੱਖ ਲੈ ਬੇਟੀ ਦੇ ਵਿਆਹ ਸਮੇਂ ਕੰਮ ਆਉਣਗੇ। ਆਪਣਾ ਘਰ ਵੀ ਮੈਂ ਤੇਰੇ ਨਾਮ ਹੀ ਕਰ ਦੇਵਾਂਗਾ ਮੇਰੇ ਮਰਨ ਤੋਂ ਬਾਅਦ ਉਹ ਤੇਰਾ ਹੋ ਜਾਵੇਗਾ।”
 ਉਹਨਾਂ ਦੀਆਂ ਇਹ ਗੱਲਾਂ ਸੁਣ ਕੇ ਮੈਂ ਭਾਵੁਕ ਹੋ ਕੇ ਕਿਹਾ, “ਚੁੱਪ! ਜੇ ਕੁਝ ਅੱਗੇ ਬੋਲੇ ਤਾਂ। ਮੈਂ ਤੁਹਾਨੂੰ ਛੱਡ ਕੇ ਕਿਤੇ ਨਹੀਂ ਜਾਣ ਵਾਲੀ। ਤੁਸੀਂ ਕੀ ਸਮਝਦੇ ਹੋ ਜਿਵੇਂ ਤੁਸੀਂ ਚਾਹੋਗੇ ਉਵੇਂ ਹੀ ਹੋਵੇਗਾ।” ਮੇਰੀਆਂ ਅੱਖਾਂ ਦੇ ਵਿੱਚ ਅਥਰੂ ਆ ਗਏ। ਮੇਰੀਆਂ ਅੱਖਾਂ ਵਿੱਚ ਅੱਥਰੂ ਦੇਖ ਕੇ ਮੇਰੇ ਪਤੀ ਉੱਚੀ- ਉੱਚੀ ਰੋਣ ਲੱਗ ਪਏ। ਉਹ ਕਹਿਣ ਲੱਗੇ ਮੈਨੂੰ ਇਕੱਲੇ ਨੂੰ ਛੱਡ ਕੇ ਨਾ ਜਾਓ। ਮੈਂ ਅਜੇ ਮਰਨਾ ਨਹੀਂ ਚਾਹੁੰਦਾ।
   ਇਹ ਦੇਖਦੇ ਹੋਏ ਮੈਂ ਉਹਨਾਂ ਦੇ ਅੱਥਰੂ ਪੂੰਝੇ ਤੇ ਆਪਣੇ ਸਹੁਰੇ ਘਰ ਉਹਨਾਂ ਨਾਲ ਵਾਪਸ ਆ ਗਈ।
ਜਸਵਿੰਦਰ ਪਾਲ ਸ਼ਰਮਾ 
ਸਸ ਮਾਸਟਰ 
ਸਸਸਸ ਹਾਕੂਵਾਲਾ 
ਸ੍ਰੀ ਮੁਕਤਸਰ ਸਾਹਿਬ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਬੱਤ ਦਾ ਭਲਾ ਟਰੱਸਟ’ ਨੇ ਪਿੰਡ ਬੈਰਮਪੁਰ ਵਿਖੇ ਲੋੜਵੰਦ ਦੇ ਮਕਾਨ ਦਾ ਨੀਂਹ-ਪੱਥਰ ਰੱਖਿਆ 
Next articleਭਾਵਨਾਵਾਂ ਅਤੇ ਉਹਨਾਂ ਦਾ ਅਹਿਸਾਸ