ਮਿੰਨੀ ਕਹਾਣੀ/ਅਮਰ ਪ੍ਰੇਮ

ਪ੍ਰੋਫੈਸਰ ਸਾ਼ਮਲਾਲ ਕੌਸ਼ਲ

(ਸਮਾਜ ਵੀਕਲੀ) – ਨਿਤਾਸ਼ਾ ਅਤੇ ਸਰਵੇਸ਼ ਇੱਕੋ ਹੀ ਦਫ਼ਤਰ ਵਿੱਚ ਕੰਮ ਕਰਦੇ ਹਨ। ਦਫ਼ਤਰ ਦੇ ਜ਼ਿਆਦਾਤਰ ਕਰਮਚਾਰੀ ਮਿਲ ਕੇ ਲੰਚ ਕਰਦੇ ਹਨ ਅਤੇ ਆਪਸ ਵਿੱਚ ਗੱਲਾਂ ਬਾਤਾਂ ਵੀ ਕਰਦੇ ਹਨ। ਉਂਝ ਵੀ ਇਨ੍ਹਾਂ ਦੋਹਾਂ ਦੀਆਂ ਸੀਟਾਂ ਦਫ਼ਤਰ ਵਿੱਚ ਨਾਲ ਨਾਲ ਹਨ। ਇਹ ਦੋਵੇਂ ਸਮੇਂ ਸਮੇਂ ਤੇ ਇਕ ਦੂਜੇ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਗੱਲਬਾਤ ਕਰਦੇ ਰਹਿੰਦੇ ਹਨ। ਦੋਵੇਂ ਹੀ ਅਜੇ ਕੁਂਆਰੇ ਹਨ। ਦੋਹਾਂ ਦਾ ਇੱਕ ਦੂਜੇ ਵੱਲ ਅਕਰਸ਼ਣ ਸਾਫ ਦਿਖਾਈ ਦਿੰਦਾ ਹੈ। ਦੋਹਾਂ ਦਾ ਅੱਗੇ ਪਿੱਛੇ ਕੋਈ ਵੀ ਨਹੀਂ ਹੈ। ਦੋਵੇਂ ਲਵ ਮੈਰਿਜ ਕਰਕੇ ਆਪਣੀ ਘਰ ਗ੍ਰਹਿਸਤੀ ਵਸਾ ਲੈਂਦੇ ਹਨ। ਇਹ ਪਿਆਰ ਵੀ ਅਜੀਬ ਚੀਜ ਹੈ। ਇਸ ਦਾ ਬੁਖਾਰ ਜਿੰਨੀ ਤੇਜ਼ੀ ਨਾਲ ਚੜ੍ਹਦਾ ਹੈ ਉਤਨੀ ਹੀ ਤੇਜ਼ੀ ਨਾਲ ਉਤਰਨ ਵੀ ਲੱਗਦਾ ਹੈ। ਨਿਤਾਸ਼ਾ ਅਤੇ ਸਰਵੇਸ਼ ਨਾਲ  ਵੀ ਕੁਝ ਇਹੋ ਜਿਹਾ ਹੋਇਆ। ਦੋਹਾਂ ਵਿਚਕਾਰ ਜਲਦੀ ਹੀ ਅਹੰਕਾਰ ਜਾਂ ਈਗੋ ਦਾ ਟਕਰਾ ਸ਼ੁਰੂ ਹੋ ਗਿਆ। ਗੱਲ ਗੱਲ ਤੇ ਇੱਕ ਦੂਜੇ ਨਾਲ ਬਹਿਸ ਕਰਨਾ ਅਤੇ ਆਪਣੇ ਆਪ ਨੂੰ ਦੂਜੇ ਦੇ ਮੁਕਾਬਲੇ ਜਿਆਦਾ ਠੀਕ ਹੋਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਕਈ ਵਾਰ ਲੜਾਈ ਝਗੜਾ ਵੀ ਹੋ ਜਾਇਆ ਕਰਦਾ ਸੀ ਅਤੇ ਗੱਲਬਾਤ ਦੇ ਦਰਵਾਜ਼ੇ ਬੰਦ ਹੋ ਜਾਇਆ ਕਰਦੇ ਸੀ। ਇੱਕ ਦਿਨ ਕਿਸੇ ਗੱਲ ਤੇ ਬਹਿਸ ਛਿੜ ਗਈ ਅਤੇ ਦੋਹਾਂ ਨੇ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੱਤਾ। ਉਸ ਦੇ ਬਾਅਦ ਉਨ੍ਹਾਂ ਦੀ ਆਪਸ ਵਿੱਚ ਗੱਲਬਾਤ ਬੰਦ ਹੋ ਗਈ। ਲੇਕਿਨ ਉਹਨਾਂ ਦੋਹਾਂ ਵਿੱਚ ਲੜਾਈ ਝਗੜੇ ਦੇ ਬਾਵਜੂਦ ਵੀ ਇਹ ਸਿਫਤ ਦੇਖੀ ਕਿ ਉਹ ਇਕੱਠੇ ਹੀ ਖਾਣਾ ਖਾਂਦੇ ਹੁੰਦੇ ਸਨ। ਗਰਮੀ ਦੀ ਰਾਤ ਦੇ 12 ਵਜੇ ਹਨ, ਸਰਵੇਸ਼ ਨੂੰ ਪਿਆਸ ਲੱਗਦੀ ਹੈ, ਉਹ ਉਠਦਾ ਹੈ ਅਤੇ ਫਰਿੱਜ ਵਿਚੋਂ ਪਾਣੀ ਦਾ ਜੱਗ ਕੱਢ ਕੇ ਪਾਣੀ ਪੀਣਾ ਸ਼ੁਰੂ ਕਰਦਾ ਹੈ। ਉਸਦੀ ਪਤਨੀ ਜਿਹੜੀ ਲੜਾਈ ਝਗੜੇ ਦੇ ਬਾਦ ਕ੍ਰੋਧ ਵਿਚ ਸੀ, ਅਜੇ ਜਾਗ ਰਹੀ ਸੀ। ਸਰਵੇਸ਼ ਨੂੰ ਪਾਣੀ ਪੀਂਦਾ ਦੇਖ ਕੇ ਉਹ ਤੇਜ਼ੀ ਨਾਲ ਉਸ ਵੱਲ ਵਧੀ ਅਤੇ ਉਸਦੇ ਮੋਢੇ ਨੂੰ ਜੋਰ ਨਾਲ ਫੜ ਕੇ ਕਹਿਣ ਲੱਗੀ,,, ਲੜਾਈ ਝਗੜਾ ਆਪਣੀ ਜਗ੍ਹਾ ਹੁੰਦਾ ਹੈ ਅਤੇ ਮਿਲ ਜੁਲ ਕੇ ਖਾਣਾ ਪੀਣਾ ਵੱਖਰੀ ਗੱਲ ਹੁੰਦੀ ਹੈ। ਤੁਹਾਡੀ ਸੇਵਾ ਕਰਕੇ ਮੈਨੂੰ ਬਹੁਤ ਸੁੱਖ ਸ਼ਾਂਤੀ ਮਿਲਦੀ ਹੈ। ਇਹ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਮੈਨੂੰ ਪਾਣੀ ਦੇਣ ਵਾਸਤੇ ਨਹੀਂ ਸੀ ਕਹਿ ਸਕਦੇ? ਇਸ ਦੇ ਬਾਅਦ ਰੋਂਦੇ ਹੋਏ ਉਸਦੀਆਂ ਅੱਖਾਂ ਵਿੱਚ ਹੰਜੂਆਂ ਦਾ ਹੜ੍ਹ ਆ ਗਿਆ। ਇਹ ਸਾਰਾ ਦੇਖ ਕੇ ਸਰਵੇਸ਼ ਵੀ ਪਿਘਲ ਗਿਆ ਅਤੇ ਉਸ ਨੇ ਨਿਤਾਸ਼ਾ ਨੂੰ ਪਿਆਰ ਨਾਲ ਗਲਵਕੜੀ ਪਾਈ ਅਤੇ ਝਗੜਾ ਖਤਮ ਹੋ ਗਿਆ। ਅੱਜ ਦਸ ਸਾਲ ਦੇ ਬਾਅਦ ਗਰਮੀ ਦੇ ਰਾਤ ਦੇ 12 ਵਜੇ ਹਨ, ਉਸਨੂੰ ਪਿਆਸ ਲੱਗੀ ਹੋਈ ਹੈ। ਉਹ ਪਾਣੀ ਪੀਣ ਵਾਸਤੇ ਫਰਿੱਜ ਵਿੱਚੋਂ ਜਗ ਕੱਢ ਕੇ ਜਿਓ ਹੀ ਪਾਣੀ ਪੀਣ ਲੱਗਦਾ ਹੈ ਉਸ ਦੀ ਨਜ਼ਰ ਸਾਹਮਣੇ ਦੀਵਾਰ ਤੇ ਟੰਗੀ ਅਤੇ ਹਾਰ ਪਾਈ ਹੋਈ ਆਪਣੀ ਸਵਰਗਵਾਸੀ
ਪਤਨੀ ਦੀ ਫੋਟੋ ਤੇ ਜਾ ਪੈਂਦੀ ਹੈ। ਉਸਨੂੰ ਇਵੇਂ ਜਾਪਦਾ ਹੈ ਜਿਵੇਂ ਕਿ ਉਸਦੀ ਪਤਨੀ, ਨਿਤਾਸ਼ਾ ਉਸ ਨੂੰ ਕਹਿ ਰਹੀ ਹੋਵੇ,,, ਜੇ ਤੁਹਾਨੂੰ ਪਿਆਸ ਲੱਗੀ ਸੀ ਮੈਨੂੰ ਕਹਿ ਨਹੀਂ ਸੀ ਸਕਦੇ? ਤੁਹਾਨੂੰ ਪਤਾ ਨਹੀਂ ਕਿ ਤੁਹਾਡੀ ਸੇਵਾ ਕਰਕੇ ਮੈਨੂੰ ਕਿਤਨੀ ਸੁੱਖ ਸ਼ਾਂਤੀ ਮਿਲਦੀ ਹੈ। ਆਪਣੀ ਪਤਨੀ ਦੇ ਅਮਰ ਪ੍ਰੇਮ ਦੀਆਂ ਇਹ ਗੱਲਾਂ ਯਾਦ ਕਰਕੇ ਉਸਦੀਆਂ ਅੱਖਾਂ ਵਿੱਚ ਹੰਜੂਆਂ ਦਾ ਬੰਨ੍ਹ ਟੁੱਟ ਜਾਂਦਾ ਹੈ ਅਤੇ ਉਹ ਬਿਨਾਂ ਪਾਣੀ ਪੀਤੇ ਹੀ ਆਪਣੇ ਬਿਸਤਰ ਤੇ ਸੌਣ ਲਈ ਚਲਾ ਜਾਂਦਾ ਹੈ।

ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ 94 16 35 9 0 4 5
ਰੋਹਤਕ -124001(ਰੋਹਤਕ)

        ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤੇ ਮੇਰੀ ਮੌਤ ਹੋ ਗਈ
Next articleਕਵਿਤਾ / ਤਲਾਸ਼