ਮਿੰਨੀ ਕਹਾਣੀ – ਹੜ ਦੀ ਮਾਰ ਬੁਰੀ 

ਨਿਰਮਲ ਸਿੰਘ ਨਿੰਮਾ

(ਸਮਾਜ ਵੀਕਲੀ)- ਵਰਦੇ ਮੀਂਹ ਵਿੱਚ ਅਮਰੂ ਕੋਠੇ ਚੜ੍ਹ ਕੇ ਚੋ ਰਹੀ ਛੱਤ ਨੂੰ ਢਕਣ ਲਈ ਗਵਾਂਢੀ ਡਰਾਈਵਰ ਦਵਿੰਦਰ ਤੋਂ ਮੰਗੀ ਹੋਈ ਤਰਪਾਲ ਨੂੰ ਵਿਛਾ ਰਿਹਾ ਸੀ, ਦੂਰੋਂ ਵਹਿੰਦੇ ਹੜ੍ਹ ਦੇ ਪਾਣੀ ਨੂੰ ਦੇਖ ਕੇ ਸੋਚਾਂ ਵਿੱਚ ਪੈ ਗਿਆ…ਮਨ ਹੀ ਮਨ ਆਪਣੇ ਨਾਲ ਗੱਲਾਂ ਕਰਨ ਲੱਗਿਆ.. ਜੇ ਕਿਤੇ ਪਾਣੀ ਵੱਧ ਹੋ ਗਿਆ ਤਾਂ ਤੇਰਾ ਕੀ ਬਣੂ ਅਮਰ ਸਿਆਂ , ਤੇਰੇ ਤਾਂ ਘਰ ਦੀ ਛੱਤ ਵੀ ਕੱਚੀ ਹੈ ਤੇ ਖਸਤਾ ਹਾਲਤ ਵਿੱਚ ਹੈ ਤੇ ਘਰ ਵੀ ਬਹੁਤ ਨੀਵਾਂ ਹੈ… ਪਾਣੀ ਅੰਦਰ ਵੜ ਗਿਆ ਤਾਂ ਘਰ ਦਾ ਸਾਰਾ ਸਾਮਾਨ ਖ਼ਰਾਬ ਹੋ ਜਾਵੇਗਾ….  ਨਹੀਂ ਨਹੀਂ ਮੇਰਾ ਵਾਹਿਗੁਰੂ ਮੇਰੀ ਤੇ ਮੇਰੇ ਪਰਿਵਾਰ, ਘਰ ਦੀ ਰੱਖਿਆ ਕਰੇਗਾ…. ਮੈਂ ਕਿਹੜਾ ਕਦੇ ਕਿਸੇ ਦਾ ਮਾੜਾ ਕੀਤਾ ਹੈ।

    ਏਨੇ ਨੂੰ ਅਮਰੂ ਦੀ ਘਰਵਾਲੀ ਮਿੰਦੋ ਨੇ ਵਿਹੜੇ ਵਿੱਚ ਖੜ ਅਵਾਜ਼ ਮਾਰੀ.. ਮੈਂ ਕਿਹਾ ਜੀ, ਥੱਲੇ ਆ ਜਾਓ ਹੁਣ… ਗਾਂ ਲਈ ਹਰੇ ਦਾ ਵੀ ਇੰਤਜ਼ਾਮ ਕਰ ਲਵੋ ਥੱਲੇ ਆ ਕੇ… ਪੈਲ਼ੀਆਂ ਵਿੱਚ ਤਾਂ ਪਾਣੀ ਫਿਰਦਾ ਹੈ, ਮੈਂ ਕੱਖ ਵੱਢ ਕੇ ਕਿੱਥੋਂ ਲਿਆਵਾਂ , ਤੁਸੀਂ ਹੀ ਸਾਂਭੋ ਹੁਣ….. ਅਮਰੂ ਦੀ ਇੱਕ ਚਿੰਤਾ ਹਾਲੇ ਦੂਰ ਨਹੀਂ ਹੋਈ ਸੀ, ਮਿੰਦੋ ਨੇ ਇੱਕ ਹੋਰ ਚਿੰਤਾ ਪਾ ਦਿੱਤੀ ਸੀ…..
    ਸੋਚਣ ਲੱਗਾ ਗਰੀਬ ਦੇ ਤਾਂ ਭਾਗ ਹੀ ਮਾੜੇ ਹਨ… ਹਰ ਸਮੇਂ ਕੋਈ ਨਾ ਕੋਈ ਔਂਕੜ ਖੜੀ ਹੀ ਰਹਿੰਦੀ ਹੈ… ਅਮਰੂ ਛੱਤ ਤੋਂ ਥੱਲੇ ਆਉਂਦਾ ਉਸ ਤੋਂ ਪਹਿਲਾਂ ਹੀ ਗੁਰਦੁਆਰਾ ਸਾਹਿਬ ਦੇ ਭਾਈ ਜੀ ਨੇ ਸਪੀਕਰ ਤੇ ਮੁਨਿਆਦੀ ਕਰ ਦਿੱਤੀ… ਪਿੰਡ ਵਾਸੀਓ ਮੌਸਮ ਵਿਭਾਗ ਅਨੁਸਾਰ ਮੀਂਹ ਦੋ ਦਿਨ ਹੋਰ ਨਹੀਂ ਰੁਕਦਾ ਤੇ ਹੜ ਦਾ ਪਾਣੀ ਵੱਧ ਹੋ ਸਕਦਾ ਹੈ, ਜੋ ਨੀਵੇਂ ਤੇ ਕੱਚੇ ਘਰਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ… ਸੋ ਆਪਣਾ ਆਪਣਾ ਬੰਦੋਬਸਤ ਕਰੋ ਜੇ ਕੋਈ ਆਪਣੇ ਕਿਸੇ ਰਿਸ਼ਤੇਦਾਰ ਦੇ ਉੱਚੇ ਘਰ ਜਾਂ ਧਰਮਸ਼ਾਲਾ ਵਿੱਚ ਪਰਿਵਾਰ ਸਮੇਤ ਜਾ ਸਕਦਾ ਹੈ ਤਾਂ ਚਲਾ ਜਾਵੇ.. ਬਾਅਦ ਵਿੱਚ ਬਹੁਤ ਮੁਸ਼ਕਲ ਹੋ ਸਕਦੀ ਹੈ…. ਮਿੰਦੋ ਬੋਲੀ ਸੁਣ ਲਿਆ ਤੁਸੀਂ ਢਿੱਲੇ ਨਾ ਚੱਲੋ, ਜਲਦੀ ਕਰੋ ਜੋ ਕਰਨਾ ਹੈ…ਧੀ ਦੇ ਵਿਆਹ ਲਈ ਸਮਾਨ ਜੋੜ ਕੇ ਰੱਖੀ ਪੇਟੀ ਨੂੰ ਟਿਕਾਣੇ ਲਗਾਓ ਪਹਿਲਾਂ… ਨਹੀਂ ਤਾਂ ਕਈ ਸਾਲਾਂ ਵਿੱਚ ਜੋ ਕੁੱਝ ਜੋੜਿਆ ਹੈ ਸਭ ਮਿੱਟੀ ਹੋ ਜਾਵੇਗਾ…. ਅਮਰੂ ਨੇ ਪਿੰਡ ਦੀ ਪੰਚਾਇਤ ਵੱਲੋਂ ਬਣਾਈ ਧਰਮਸ਼ਾਲਾ ਵਿੱਚ ਜਾ ਕੇ ਟਿਕਾਣਾ ਮੱਲਣ ਦੀ ਸਲਾਹ ਕੀਤੀ, ਅਮਰੂ ਨੇ ਗਵਾਂਡੀ ਡਰਾਈਵਰ ਦਵਿੰਦਰ ਨੂੰ ਆਪਣੇ ਟੈਂਪੂ ਰਾਹੀਂ ਸਮਾਨ ਧਰਮਸ਼ਾਲਾ ਛੱਡ ਆਉਣ ਦੀ ਮਿੰਨਤ ਕੀਤੀ … ਦਵਿੰਦਰ ਭਲੇ ਦਿਲ ਵਾਲਾ ਇਨਸਾਨ ਸੀ ਜੋ ਲੋੜਵੰਦਾਂ ਦੀ ਹਮੇਸ਼ਾ ਮਦਦ ਕਰਦਾ ਰਹਿੰਦਾ ਸੀ…ਓਸ ਝੱਟ ਕਿਹਾ ਤੁਸੀਂ ਸਮਾਨ ਬਾਹਰ ਕੱਢੋ ਮੈਂ ਟੈਂਪੂ ਲੈ ਕੇ ਆਉਂਦਾ ਹਾਂ… ਮੀਂਹ ਕੁੱਝ ਘੱਟ ਹੋਇਆ ਤੇ ਘਰ ਦੇ ਤਿੰਨੇ ਜੀਅ ਸਮਾਨ ਚੁੱਕ ਕੇ ਟੈਂਪੂ ਵਿੱਚ ਲੱਦਣ ਲੱਗੇ…
ਮਿੰਦੋ ਚਾਹੁੰਦੀ ਸੀ ਧੀ ਦੇ ਵਿਆਹ ਦੀ ਪੇਟੀ ਪਹਿਲਾਂ ਟਿਕਾਣੇ ਲੱਗ ਜਾਵੇ ਪਰ ਮੂਹਰੇ ਘਰ ਦਾ ਹੋਰ ਬਹੁਤ ਸਮਾਨ ਪਿਆ ਸੀ..ਪੇਟੀ ਪਹਿਲਾਂ ਕੱਢਣੀ ਅਸੰਭਵ ਸੀ…
   ਅਮਰੂ ਦੇ ਪਰਿਵਾਰ ਵੱਲੋਂ ਅੱਧੇ ਤੋਂ ਵੱਧ ਟੈਂਪੂ ਵਿੱਚ ਲੱਦਿਆ ਜਾ ਚੁੱਕਾ ਸੀ ਤੇ ਪੇਟੀ ਮੂਹਰੇ ਪਿਆ ਕਣਕ ਦਾ ਡਰੱਮ ਪੇਟੀ ਨੂੰ ਅੜਿੱਕਾ ਲਾਈ ਬੈਠਾ ਸੀ…
   ਅਮਰੂ ਨੇ ਮਿੰਦੋ ਨੂੰ ਕਿਹਾ ਪਹਿਲਾਂ ਇੱਕ ਫੇਰਾ ਲੱਦੇ ਹੋਏ ਸਮਾਨ ਦਾ ਲਗਾ ਆਉਂਦੇ ਹਾਂ ਦੂਜੇ ਫ਼ੇਰੇ ਪੇਟੀ ਤੇ ਹੋਰ ਸਮਾਨ ਚੁੱਕ ਕੇ ਲੈ ਜਾਵਾਂ ਗੇ…
 ਮਿੰਦੋ ਲਈ ਵੀ ਮਜਬੂਰੀ ਬਣ ਗਈ ਸੀ ਤੇ ਉਹ ਪਹਿਲੇ ਫੇਰੇ ਵਿੱਚ ਸਮਾਨ ਛੱਡਣ ਧਰਮਸ਼ਾਲਾ ਵੱਲ ਨੂੰ ਚੱਲ ਪਏ, ਮਿੰਦੋ ਨੇ ਕਿੱਲੇ ਨਾਲ ਗਾਂ ਦਾ ਬੰਨਿਆ ਰੱਸਾ ਖੋਲਿਆ ਤੇ ਪੈਦਲ ਹੀ ਧਰਮਸ਼ਾਲਾ ਵੱਲ ਨੂੰ ਅਮਰੂ ਦੇ ਨਾਲ ਹੋ ਤੁਰੀ… ਜਿਵੇਂ ਜਿਵੇਂ ਅਮਰੂ ਹੋਣੀ ਧਰਮਸ਼ਾਲਾ ਲਾਗੇ ਜਾ ਰਹੇ ਸਨ ਮੀਂਹ ਤੇਜ਼ ਹੋਣ ਲੱਗ ਪਿਆ ਸੀ…
    ਧਰਮਸ਼ਾਲਾ ਤੱਕ ਪਹੁੰਚਦਿਆਂ ਕੁੱਝ ਸਮਾਨ ਭਿੱਜ ਵੀ ਗਿਆ, ਮੀਂਹ ਨੇ ਆਪਣਾ ਪੂਰਾ ਜ਼ੋਰ ਲਗਾ ਦਿੱਤਾ ਸੀ… ਜਦੋਂ ਤੱਕ ਸਮਾਨ ਧਰਮਸ਼ਾਲਾ ਵਿੱਚ ਉਤਾਰਦੇ ਹੜ ਦਾ ਪਾਣੀ ਅਮਰੂ ਦੇ ਘਰ ਤੱਕ ਪਹੁੰਚ ਗਿਆ ਸੀ…. ਏਨੇ ਨੂੰ ਪਿੰਡ ਦੇ ਚੋਕੀਦਾਰ ਨੇ ਆ ਕੇ ਉੱਚੀ ਆਵਾਜ਼ ਵਿੱਚ ਰੋਲਾ ਪਾ ਦਿੱਤਾ…ਅਮਰੂ ਦੇ ਘਰ ਪਾਣੀ ਵੜ ਗਿਆ…ਅਮਰੂ ਦੇ ਘਰ ਪਾਣੀ ਵੜ ਗਿਆ….ਘਰ ਦੀ ਛੱਤ ਢਹਿ ਢੇਰੀ ਹੋ ਗਈ ਹੈ…. ਅਜਿਹਾ ਸੁਨੇਹਾ ਸੁਣ ਕੇ ਅਮਰੂ ਤੇ ਮਿੰਦੋ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਸੀ …ਭਜ ਕੇ ਘਰ ਵੱਲ ਨੂੰ ਜਾਣ ਲੱਗੇ ਤਾਂ ਅੱਗੋਂ ਪਿੰਡ ਦੇ ਸਰਪੰਚ ਸੋਹਣ ਸਿੰਘ ਨੇ ਰੋਕ ਲਿਆ…ਅਮਰੂ ਤੁਸੀਂ ਅੱਗੇ ਨਹੀਂ ਜਾ ਸਕਦੇ, ਪਾਣੀ ਦਾ ਵਹਿਣਾ ਬਹੁਤ ਤੇਜ਼ੀ ਨਾਲ਼ ਵਹਿ ਰਿਹਾ ਹੈ… ਕਿਸੇ ਨੂੰ ਵੀ ਹੜਾ ਕੇ ਆਪਣੇ ਨਾਲ ਲੈ ਕੇ ਜਾ ਸਕਦਾ ਹੈ….
   ਹੁਣ ਅਮਰੂ ਤੇ ਮਿੰਦੋ ਬੇਵੱਸ ਹੋ ਗਏ ਸਨ…
ਮਿੰਦੋ ਦਾ ਰੋ ਰੋ ਕੇ ਬੁਰਾ ਹਾਲ ਸੀ…. ਅਮਰੂ ਦੇ ਪਰਿਵਾਰ ਨੇ ਪੂਰੀ ਰਾਤ ਧਰਮਸ਼ਾਲਾ ਵਿੱਚ ਜਾਗਦੇ ਹੋਏ ਕੱਟੀ, ਸਵੇਰ ਹੁੰਦਿਆਂ ਮੀਂਹ ਤੋਂ ਕੁੱਝ ਰਾਹਤ ਮਿਲੀ ਤੇ ਅਮਰੂ, ਮਿੰਦੋ ਨੇ  ਆਪਣੇ ਘਰ ਵੱਲ ਨੂੰ ਦੌੜ ਲਗਾ ਦਿੱਤੀ…
ਘਰ ਨੇੜੇ ਪਹੁੰਚ ਕੇ ਕੀ ਦੇਖਦੇ ਹਨ ਪਾਣੀ ਦੇ ਤੇਜ਼ ਵਹਾਅ ਨੇ ਮਕਾਨ ਦੀ ਸੱਜੇ ਪਾਸੇ ਵਾਲੀ ਕੰਧ ਪਾੜ ਕੇ ਛੱਤ ਮਲਬੇ ਵਿੱਚ ਤਬਦੀਲ ਕਰ ਦਿੱਤੀ ਸੀ, ਇੱਕ ਪਾਸੇ ਪੁੱਠੀ ਪਈ ਪੇਟੀ ਦਾ ਢੱਕਣ ਖੁੱਲ੍ਹਾ ਪਿਆ ਸੀ ਤੇ ਵਿਚਲਾ ਸਮਾਨ ਹੜ ਦਾ ਪਾਣੀ ਵਹਾ ਕੇ ਪਤਾ ਨਹੀਂ ਕਿੱਥੇ ਲੈ ਗਿਆ ਸੀ… ਪੇਟੀ ਵੀ ਨੁਕਸਾਨੀ ਗਈ ਸੀ… ਅਮਰੂ ਉੱਪਰ ਅਸਮਾਨ ਵੱਲ ਦੇਖ ਕੇ ਕਹਿਣ ਲੱਗਾ… ਰੱਬਾ ਮੈਂ ਕਿਹਦਾ ਮਾੜਾ ਕੀਤਾ ਸੀ ਘਰ ਦੀ ਛੱਤ ਢਹਿ ਢੇਰੀ ਕਰਨ ਦੇ ਨਾਲ ਨਾਲ ਸਾਡੀ ਧੀ ਦੇ ਵਿਆਹ ਦੇ ਸੁਪਨੇ ਵੀ ਢਹਿ ਢੇਰੀ ਕਰ ਦਿੱਤੇ ਹਨ, ਮਿੰਦੋ ਸੁੰਨ ਹੋਈ ਖੜ੍ਹੀ ਸੀ, ਉਹਦੇ ਮੂੰਹੋਂ ਬੋਲ ਨਹੀਂ ਨਿਕਲ਼ ਰਹੇ ਸਨ…. ਹੜ ਵੇਲੇ ਅਜਿਹਾ ਹੀ ਮੰਜ਼ਰ ਪੰਜਾਬ ਦੇ ਕਈ ਇਲਾਕਿਆਂ ਵਿੱਚ ਦੇਖਣ ਨੂੰ ਮਿਲਿਆ ਤੇ ਗਰੀਬ ਲੋਕਾਂ ਦਾ ਬਹੁਤ ਭਾਰੀ ਨੁਕਸਾਨ ਹੋ ਗਿਆ.
 ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ) ਮੋਬਾ:9914721831
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮਿੰਨੀ ਕਹਾਣੀ / ਚਾਹ ਦੀ ਘੁੱਟ
Next articleBajrang Punia, Vinesh Phogat return to India ahead of WFI polls