ਜਨੂੰਨ
(ਸਮਾਜ ਵੀਕਲੀ) ਦੰਗਿਆਂ ਕਰ ਕੇ ਮਾਹੌਲ ਬਹੁਤ ਹੀ ਨਾਜ਼ੁਕ ਸੀ। ਹਰ ਪਾਸੇ ਸਭ ਨੁੰ ਮੌਤ ਹੀ ਮੌਤ ਨਜ਼ਰ ਆ ਰਹੀ ਸੀ।
ਇਸ ਭਿਆਨਕ ਮਾਹੌਲ ਵਿੱਚ ਉਹ ਘਰੋਂ ਬੇ-ਘਰ ਹੋਈ ਕਾਲੀ ਰਾਤ ਵਿੱਚ ਇਕੱਲੀ ਤੁਰੀ ਜਾ ਰਹੀ ਸੀ। ਉਸਦਾ ਸਰੀਰ ਭੁੱਖ ਤੇ ਪਿਆਸ ਨਾਲ ਕੰਬ ਰਿਹਾ ਸੀ । ਤੇ ਉਹ ਪਸੀਨੋ-ਪਸੀਨੀ ਹੋਈ ਪਈ ਸੀ।
ਅਚਾਨਕ….. ਉਸਨੂੰ ਇੱਕ ਬੇਹੱਦ ਥੋੜੀ ਜਿਹੀ ਰੋਸ਼ਨੀ ਨਜਰ ਆਈ…ਤੇ ਉਸਦੇ ਕਦਮ ਤੇਜ਼-ਤੇਜ਼ ਉੱਧਰ ਵਧਣ ਲੱਗੇ।
ਉਸਨੇ ਡਰਦਿਆਂ ਜਲਦੀ ਨਾਲ ਦਰਵਾਜ਼ਾ ਖੜਕਾਇਆ।
ਅੰਦਰੋ ਉਹ ਚੁਕੰਨਾ ਹੋ ਕੇ ਇਕਦਮ ਉੱਠ ਪਿਆ, “ਕੌਣ…?” ਉਸਨੇ ਤਿੱਖੇ ਸਵਰ ਵਿੱਚ ਕਿਹਾ।
“ਮੈ……ਮੈਂ…!”
ਕੰਬਦੀ ਹੋਈ ਜਨਾਨਾ ਆਵਾਜ਼ ਸੁਣਦੇ ਹੀ ਉਸ ਸਿੱਖ ਮੁੰਡੇ ਨੇ ਹੋਲੇ ਜਿਹੇ ਦਰਵਾਜਾ ਖੌਲਿਆ। ਤੇ ਟੱਡੀਆਂ ਅੱਖਾਂ ਨਾਲ ਕੁੜੀ ਨੂੰ ਦੇਖਣ ਲੱਗਾ
“ਵੀਰੇ……! ਇੱਕ ਗਿਲਾਸ ਪਾਣੀ ਮਿਲੇਗਾ….?”
ਸਿੱਖ ਮੁੰਡੇ ਨੇ ਅੰਦਰ ਆ ਕੇ ਘੜੇ ‘ਚੋ ਪੀਣ ਲਈ ਕਿਹਾ।
ਉਹ ਡਰਦੀ ਤੇ ਕੰਬਦੀ ਹੋਈ ਅੰਦਰ ਵੜੀ।
“ ਕੀ ਨਾਂ ਤੇਰਾ ?” ਮੁੰਡੇ ਨੇ ਸ਼ੱਕੀ ਲਹਿਜ਼ੇ ‘ਚ ਸਵਾਲ ਕੀਤਾ।
“ਸ਼..ਬ.ਨ.ਮ।”
“ਫਿਰ ਤਾਂ ਤੂੰ…. ਮੁਸਲਮਾਨ ਹੈਂ!! ਉਹ ਚੀਕਿਆ।
“ਨਹੀ ਵੀਰਾ……. ਮੈ ਇੱਕ ਇਨਸਾਨ ਆ ਤੇ ਤੂੰ ਵੀ ਇੱਕ ਇਨਸਾਨ…..। ਇਨਸਾਨੀਅਤ ਦੇ ਨਾਤੇ ਮੇਰੀ ਮਦਦ ਕਰ…. “ਤੇ ਕੁੜੀ ਰੋਣ ਲੱਗੀ।
ਉਸ ਨੇ ਇੱਕ ਟੱਕ ਕੁੜੀ ਦੇ ਭੋਲੇ ਚੇਹਰੇ ਵੱਲ ਵੇਖਿਆ। ਉਸਨੇ ਚੁੱਪ ਕਰਨ ਤੇ ਬੈਠਣ ਲਈ ਕਿਹਾ।
ਉਸਨੇ ਉਸਨੂੰ ਰੋਟੀ ਖਵਾਈ ਤੇ ਸੌਣ ਲਈ ਬਿਸਤਰਾ ਵੀ ਦਿੱਤਾ।
ਉਸਦੀ ਮਹਿਮਾਨ ਭੈਣ ਤੇ ਕੋਈ ਉਂਗਲ ਨਾ ਚੱਕ ਸਕੇ,ਇਸ ਲਈ ਉਹ ਮੰਜਾਂ ਡਾਹ ਕੇ ਬਾਹਰ ਪੈ ਗਿਆ।
ਕੁੜੀ ਨੇ ਬਥੇਰਾ ਕਿਹਾ ਪਰ ਓਹ ਨਾਂ ਮੰਨਿਆਂ।
ਅੱਧੀ ਕੁ ਰਾਤ ਵੇਲੇ ਰੌਲਾ ਪਿਆ ਤਾਂ ਉਹ ਭੱਜ ਕਿ ਬਾਹਰ ਨਿੱਕਲੀ।
ਸਿੱਖ ਭਰਾ ਦੀ ਲਾਸ਼ ਦੇਖਦੇ ਹੀ ਉਹ ਦੁੱਹੱਥੜੀ ਮਾਰ ਕੇ ਰੌਣ ਲੱਗੀ।
ਤੇ….ਅਚਾਨਕ ਹੀ ਮੁਸਲਮਾਨ ਧੜ੍ਹੇ ਵੱਲੋ ਜ਼ੋਰਦਾਰ ਵਜੀ ਕਿਰਪਾਨ ਨਾਲ ਉਹ ਵੀ ਧਰਤੀ ਤੇ ਚੁਫਾਲ ਢੇਰ ਹੋ ਗਈ।
ਮਨਪ੍ਰੀਤ ਕੌਰ ਭਾਟੀਆ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly