HOME *ਮੇਰਾ ਮੁਰਸ਼ਦ – (ਭਾ) ਗੁਰਸ਼ਰਨ ਸਿੰਘ*

*ਮੇਰਾ ਮੁਰਸ਼ਦ – (ਭਾ) ਗੁਰਸ਼ਰਨ ਸਿੰਘ*

2

ਮਿੱਤਰ ਸੈਨ ਮੀਤ

   (ਸਮਾਜ ਵੀਕਲੀ)  ਸਾਹਿਤ ਸਿਰਜਣ ਦੀ ਲਗਨ ਮੈਨੂੰ ਸਕੂਲ ਵਿੱਚ ਪੜ੍ਹਦਿਆਂ ਹੀ ਲੱਗ ਗਈ ਸੀ। ਦਸਵੀਂ ਜਮਾਤ ਵਿੱਚ ਪੜ੍ਹਦਿਆਂ (1968)  ਮੇਰੀਆਂ ਦੋ ਕਹਾਣੀਆਂ ਪ੍ਰੀਤ ਨਗਰ ਤੋਂ ਛਪਦੇ ‘ਬਾਲ ਸੰਦੇਸ਼’ ਰਸਾਲੇ ਵਿੱਚ ਛਪ ਗਈਆਂ ਸਨ। ਕਾਲਜ ਵਿੱਚ ਪੜ੍ਹਦਿਆਂ ਮੇਰੀ ਕਹਾਣੀਆਂ ਲਿਖਣ ਦੀ ਰਫ਼ਤਾਰ ਤੇਜ਼ ਹੋ ਗਈ।  ਸਧਾਰਨ ਵਿਸ਼ਿਆਂ ਨਾਲ ਸਬੰਧਤ ਹੋਣ ਦੇ ਬਾਵਜ਼ੂਦ ਕਹਾਣੀਆਂ ਉਸ ਸਮੇਂ ਦੇ ਪ੍ਰਸਿੱਧ ਦੋ ਸਪਤਾਹਿਕ ਅਖ਼ਬਾਰਾਂ ‘ਹਾਣੀ’ ਅਤੇ ‘ਸਮਰਾਟ’ ਵਿੱਚ ਛਪਦੀਆਂ ਰਹੀਆਂ। ਉਨਾਂ ਹੀ ਦਿਨਾਂ ਵਿੱਚ ਗੁਰਸ਼ਰਨ ਭਾ ਜੀ ਸਰਦਲ ਰਸਾਲੇ ਦੀ ਸੰਪਾਦਨਾ ਅਤੇ ਪ੍ਰਕਾਸ਼ਨਾ ਕਰ ਰਹੇ ਸਨ। ਸਰਦਲ ਰਸਾਲੇ ਵਿੱਚ ਛੱਪਣ ਦੀ ਤਾਂਘ ਨੇ ਮੈਨੂੰ ਕਿਸੇ ਵਿਚਾਰਧਾਰਾ ਅਨੁਸਾਰ ਲਿਖਣ ਦੀ ਸਮਝ ਦਿਤੀ ਅਤੇ ਮੈਂ ‘ਸਰਦਲ’ ਦੀ ਵਿਚਾਰਧਾਰਾ ਅਪਣਾ ਕੇ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਗੁਰਸ਼ਰਨ ਭਾ ਜੀ ਨੇ ਮੇਰੀ ਹਰ ਕਹਾਣੀ ਸਰਦਲ ਵਿੱਚ ਛਾਪੀ। ਇਸ ਮਾਣ ਸਤਿਕਾਰ ਨਾਲ ਮੇਰਾ ਹੌਸਲਾ  ਵਧਿਆ ਅਤੇ ਮੇਰੀ ਕਹਾਣੀਕਾਰ ਦੇ ਤੌਰ ਤੇ ਕੁਝ ਪਹਿਚਾਣ ਵੀ ਬਣ ਗਈ। 1971 ਵਿੱਚ ਮੈਂ ਆਪਣਾ ਪਹਿਲਾ ਨਾਵਲ ‘ਅੱਗ ਦੇ ਬੀਜ਼’ ਲਿਖਿਆ। ਇਸ ਨਾਵਲ ਨੂੰ ਗੁਰਸ਼ਰਨ ਭਾ ਜੀ ਨੇ ਛਾਪਿਆ। ਮੇਰਾ ਉਤਸ਼ਾਹ ਹੋਰ ਵਧਿਆ।ਮੇਰੀ ਕਹਾਣੀ ਸਿਰਜਣ ਦੀ ਕਲਾ ਵਿੱਚ ਨਿਖ਼ਾਰ ਆਉਣ ਲੱਗ ਪਿਆ। ਮੇਰੀਆਂ ਕਹਾਣੀਆਂ ਥਾਂ ਥਾਂ ਛਪਣ ਲੱਗੀਆਂ। ਮੇਰਾ ਪਹਿਲਾ ਕਹਾਣੀ ਸੰਗ੍ਰਹਿ ‘ਲਾਮ’ ਵੀ ਗੁਰਸ਼ਰਨ ਭਾ ਜੀ ਵੱਲੋਂ ਹੀ ਛਾਪਿਆ ਗਿਆ। ‘ਕਾਫ਼ਲਾ’ ਨਾਵਲ ਵੀ ਉਨਾਂ ਹੀ ਪ੍ਰਕਾਸ਼ਿਤ ਕੀਤਾ। ਸਰਕਾਰੀ ਵਕੀਲ ਬਣਨ ਬਾਅਦ ਜਦੋਂ ਮੈਨੂੰ ਫੌਜਦਾਰੀ ਨਿਆ ਪ੍ਰਬੰਧ ਦੀਆਂ ਅੰਦਰਲੀਆਂ ਪਰਤਾਂ ਦੀ ਸਮਝ ਪਈ ਤਾਂ ਮੈਂ ਇੰਨਾ ਪਰਤਾਂ ਨੂੰ ਨਾਵਲਾਂ ਰਾਹੀਂ ਲੋਕਾਂ ਤੱਕ ਪਹੁੰਚਾਉਣ ਦਾ ਮਨ ਬਣਾਇਆ। ਇਸ ਪ੍ਰਬੰਧ ਦੀ ਪਹਿਲੀ ਕੜੀ ਪੁਲਿਸ ਬਾਰੇ ਮੈਂ ‘ਤਫਤੀਸ਼’ ਨਾਵਲ ਲਿਖਿਆ ਜੋ ਗੁਰਸ਼ਰਨ ਭਾ ਜੀ ਦੇ ਸ਼ਾਗਿਰਦ ਪੰਡਿਤ ਜੀ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ। ਇਸ ਨਾਵਲ ਨੂੰ  ਗੁਰਸ਼ਰਨ ਭਾ ਜੀ ਨੇ ਪਲਸ ਮੰਚ ਦੇ ਜਲੰਧਰ ਦੇ ਸਮਾਗਮ (ਜਨਵਰੀ 1990) ਵਿੱਚ ਲੋਕ ਅਰਪਣ ਕੀਤਾ ਅਤੇ ਨਾਵਲ ਦੀ ਖੁੱਲ੍ਹ ਕੇ ਤਾਰੀਫ਼ ਕੀਤੀ। ਫਿਰ ‘ਕਟਹਿਰਾ’, ‘ਕੌਰਵ ਸਭਾ’ ਅਤੇ :ਸੁਧਾਰ ਘਰ’ ਨਾਵਲ ਵੀ ਉਨ੍ਹਾਂ ਦੇ ਹੱਥੋਂ ਹੀ ਲੋਕ ਅਰਪਣ ਹੋਏ। ਹਰ ਨਾਵਲ ਨੂੰ ਉਹਨਾਂ ਨੇ ਰੀਝ ਨਾਲ ਪੜ੍ਹਿਆ ਅਤੇ  ਨਾਵਲਾਂ ਦੀ ਖੁੱਲ੍ਹ ਕੇ ਤਾਰੀਫ਼ ਕੀਤੀ। ਉਨ੍ਹਾਂ ਦੀ ਇਸ ਤਰੀਫ਼ ਨੇ ਮੇਰਾ ਹੌਸਲਾ ਵੀ ਵਧਾਇਆ ਅਤੇ ਮੈਨੂੰ ਇੱਕ ਸਮਰੱਥ ਨਾਵਲਕਾਰ ਦੇ ਤੌਰ ਤੇ ਵੀ ਸਥਾਪਿਤ ਕੀਤਾ। ਗੁਰਸ਼ਰਨ ਭਾ ਜੀ ਦੀ ਵਿਚਾਰਧਾਰਾ ਤੋਂ ਮੈਂ ਇਨ੍ਹਾਂ ਪ੍ਰਭਾਵਿਤ ਸੀ ਕਿ ਤਿੰਨ ਨਾਵਲਾਂ ਦੀ ਲੜੀ ਤਫਤੀਸ਼ ਕਟਹਿਰਾ ਅਤੇ ਸੁਧਾਰ ਘਰ ਦਾ ਮੁੱਖ ਨਾਇਕ ਗੁਰਸ਼ਰਨ ਸਿੰਘ ਭਾ ਜੀ ਨੂੰ ਹੀ ਬਣਾਇਆ। ਕੌਰਵ ਸਭਾ ਨਾਵਲ ਤੇ ਬੋਲਦਿਆਂ ਇੱਕ ਵਾਰ ਉਨ੍ਹਾਂ ਨੇ ਟਿੱਪਣੀ ਕੀਤੀ ਸੀ ਕਿ 35 ਸਾਲਾਂ ਵਿੱਚ ਜਿਨ੍ਹਾਂ ਤਿੰਨ ਨਾਵਲਾਂ ਨੇ ਉਨ੍ਹਾਂ ਨੂੰ ਪ੍ਰਭਾਵਿਤ ਕੀਤਾ ਹੈ ਉਹਨਾਂ ਵਿੱਚ ਨਾਨਕ ਸਿੰਘ ਦਾ ਨਾਵਲ ਪਵਿੱਤਰ ਪਾਪੀ ਗੁਰਦਿਆਲ ਸਿੰਘ ਦਾ ਮੜੀ ਦਾ ਦੀਵਾ ਅਤੇ ਹੁਣ ਕੌਰਵ ਸਭਾ ਹੈ। ਉਨਾਂ ਦੀ ਇਹ ਟਿੱਪਣੀ ਮੇਰੇ ਲਈ ਸੈਂਕੜੇ ਨੋਬਲ ਪੁਰਸਕਾਰਾਂ ਦੇ ਬਰਾਬਰ ਹੈ। ਕੌਰਵ ਸਭਾ ਦੇ ਕਈ ਸੰਸਕਰਣਾਂ ਤੇ ਮੈਂ ਇਹ ਟਿੱਪਣੀ ਫ਼ਖ਼ਰ ਨਾਲ  ਛਾਪਦਾ ਰਿਹਾ ਹਾਂ। ਸੁਧਾਰ ਘਰ ਲਈ ਜਦੋਂ ਸਾਹਿਤ ਅਕੈਡਮੀ (ਦਸੰਬਰ 2008) ਪੁਰਸਕਾਰ ਦਾ ਐਲਾਨ ਹੋਇਆ ਤਾਂ ਸੰਘਣੀ ਧੁੰਦ ਹੋਣ ਹੋਣ ਦੇ ਬਾਵਜੂਦ ਮੈਂ ਚੰਡੀਗੜ੍ਹ ਜਾ ਕੇ ਪੁਰਸਕਾਰ ਗੁਰਸ਼ਰਨ ਭਾ ਜੀ ਨੂੰ ਸਮਰਪਣ ਕਰਨ ਦਾ ਮਨ ਬਣਾਇਆ। ਘਰਦਿਆਂ ਨੇ ਕਿਹਾ ਵੀ ਕਿ ਪਹਿਲਾਂ ਫ਼ੋਨ ਕਰਕੇ ਪਤਾ ਕਰ ਲਵੋ ਕਿ ਉਹ ਘਰ ਹਨ ਵੀ ਜਾਂ ਨਹੀਂ। ਮੈਂ ਜਵਾਬ ਦਿੱਤਾ ਕਿ ਮੈਂ ਤਾਂ  ਉਨ੍ਹਾਂ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਨਾ ਹੈ। ਉਹ ਘਰ ਹੋਣ ਜਾਂ ਨਾ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਉਸ ਦਿਨ ਉਹ ਸੱਚ ਮੁੱਚ ਘਰ ਨਹੀਂ ਸਨ। ਮਾਤਾ ਜੀ ਨਾਲ ਖੁਸ਼ੀ ਸਾਂਝੀ ਕਰਕੇ ਮੈਂ ਵਾਪਸ ਮੁੜ ਆਇਆ। ਸ਼ਾਮ ਨੂੰ ਭਾ ਜੀ ਦਾ ਫ਼ੋਨ ਆ ਗਿਆ। ਸਮਾਂ ਨਿਸ਼ਚਿਤ ਕਰਕੇ ਮੈਂ ਉਨ੍ਹਾਂ ਦੇ ਚਰਨਾਂ ਵਿੱਚ ਜਾ ਬੈਠਿਆ। ਮੈਨੂੰ ਸਾਹਿਤ ਅਕੈਡਮੀ ਪੁਰਸਕਾਰ ਮਿਲਣ ਤੇ ਉਹਨਾਂ ਨੂੰ ਇੰਝ ਮਹਿਸੂਸ ਹੋ ਰਿਹਾ ਸੀ ਜਿਵੇਂ ਇਹ ਪੁਰਸਕਾਰ ਉਹਨਾਂ ਨੂੰ ਖੁਦ ਨੂੰ ਮਿਲਿਆ ਹੋਵੇ। ਖੁਸ਼ੀ ਉਹਨਾਂ ਤੋਂ ਸਾਂਭੀ ਨਹੀਂ ਸੀ ਜਾ ਰਹੀ। ” ਦੇਖ ਮੀਤ ਮੈਂ 1970 ਵਿੱਚ ਹੀ ਤੇਰੇ ਅੰਦਰਲੀ ਪ੍ਰਤਿਭਾ ਨੂੰ ਪਹਿਚਾਣ ਲਿਆ ਸੀ ਨਾ? ਇਹ ਪੁਰਸਕਾਰ ਤੈਨੂੰ ਨਹੀਂ  ਮੇਰੀ ਚੋਣ ਲਈ ਮੈਨੂੰ ਮਿਲਿਆ ਹੈ।” ਇਹ ਉਨ੍ਹਾਂ ਦੀ ਪਹਿਲੀ ਪ੍ਰਤੀਕਿਰਿਆ ਸੀ। ਫੇਰ ਉਹਨਾਂ ਨੇ ਕਿਹਾ “ਆਪਣੇ ਕਾਫ਼ਲੇ ਵਿੱਚ ਚਲੇ ਬਹੁਤ ਸਾਰੇ ਸਾਹਿਤਕਾਰਾਂ ਨੇ ਆਪਣੀ ਵਿਚਾਰਧਾਰਾ ਬਦਲ ਲਈ ਹੈ। ਮੈਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਹੈ ਕਿ ਤੂੰ ਅੱਜ ਤੱਕ ਆਪਣੀ ਵਿਚਾਰਧਾਰਾ ਤੇ ਪਹਿਰਾ ਦੇ ਰਿਹਾ ਹੈਂ ਅਤੇ ਇੱਕ ਵੀ ਸਤਰ ਇਧਰ ਉਧਰ ਨਹੀਂ ਲਿਖੀ।” ਮੈਨੂੰ ਫ਼ਖ਼ਰ ਹੈ ਕਿ ਮੇਰੇ ਅੰਦਰ ਗੁਰਸ਼ਰਨ ਭਾ ਜੀ ਦੀ   ਜੁਝਾਰੂ ਜੋਤ ਦਾ ਕੁੱਝ ਅੰਸ਼ ਅੱਜ ਵੀ ਪ੍ਰਚਲਤ ਹੈ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleSOLIDARITY STATEMENT – Bhumi Adhikar Andolan (BAA) in Support of the Central Trade Unions (CTUs)
Next articleਜ਼ਿਲ੍ਹਾ ਮਾਲੇਰਕੋਟਲਾ ਅੰਦਰ ਸਰਕਾਰੀ ਤੰਤਰ ਅਤੇ ਸੜਕਾਂ ਬਣਾਉਣ ਵਾਲਿਆਂ ਦੇ ਆਪਸੀ ਗੂੜ੍ਹੇ ਪਿਆਰ ਦੀ ਮੂੰਹ ਬੋਲਦੀ ਤਸਵੀਰ