ਮਨ ਉਪਰਾਮ

ਹਰਵਿੰਦਰ ਸਿੰਘ ਸਿੱਧੂ

(ਸਮਾਜ ਵੀਕਲੀ)

ਮਨ ਉਪਰਾਮ, ਹੈ ਕੱਲਮਕੱਲਾ ,ਬੋਝ ‘ਕਲਾਪਾ ਝੱਲ ਨਾ ਹੁੰਦਾ।
ਦੌੜ ਮਸ਼ੀਨੀ ਪੈਸੇ ਖਾਤਰ,ਸੰਗ ਰਿਸ਼ਤਿਆਂ ਚੱਲ ਨਾ ਹੁੰਦਾ।

ਇਕ ਇਕ ਕਰਕੇ ਹੱਥੋਂ ਕਿਰ ਗਏ,ਕਿੰਨੇ ਨਾਤੇ ਰੇਤੇ ਵਾਂਗਰ,
ਆਪਣਿਆਂ ਦੀ ਖ਼ੁਦਗ਼ਰਜ਼ੀ ਦਾ,ਦੁੱਖ ਜਿਗਰ ਤੋਂ ਝੱਲ ਨਾ ਹੁੰਦਾ।

ਬਚਪਨ ਦੇ ਵਿਚ ਆਪਾਂ ਹੁੰਦੇ ,ਵੱਡੇ ਹੋਏ ਮੈਂ ਮੈਂ ਹੋ ਗਏ,
ਮਹਿਕ ਮੁਹੱਬਤ ਮਾਣੀ ਜਿੱਥੇ,ਉਹ ਵਿਹੜਾ ਹੁਣ ਮੱਲ ਨਾ ਹੁੰਦਾ।

ਸਬਰ ਸਮਰਪਣ ਸ਼ੁਕਰ ਹਲੀਮੀ,ਵਿੱਚ ਹਯਾਤੀ ਸ਼ਾਮਲ ਹੁੰਦੇ
ਹਾਰ ਨਮੋਸ਼ੀ ਕਾਹਨੂੰ ਹੁੰਦੀ,ਜੇ ਜਿੱਤਣ ਦਾ ਝੱਲ ਨਾ ਹੁੰਦਾ।

ਰੁੱਖ ਜੰਗਲ ਦੇ ਅਕਸਰ ਐਵੇਂ ,ਇਕ ਦੂਜੇ ਨਾਲ ਰੁੱਸਦੇ ਰਹਿੰਦੇ,
ਜੇ ਕਦੇ ਪਰ ਵਾਅ ਰੁੱਸ ਜਾਂਦੀ,ਸੁੱਖ ਸੁਨੇਹਾ ਘੱਲ ਨਾ ਹੁੰਦਾ।

ਭੀੜ ਲਤੜ ਕੇ ਅੱਗੇ ਨਿਕਲੀ,ਸਹਿਜੇ ਸਹਿਜੇ ਚੱਲ ਰਿਹਾ ਸੀ,
ਖ਼ੁਦਕੁਸ਼ੀਆਂ ਜੋ ਕਰਨ ਤੁਰੇ ਨੇ,ਕਦਮ ਮਿਲਾਕੇ ਚੱਲ ਨਾ ਹੁੰਦਾ।

ਹੱਥੀਂ ਲਾਏ ਬਾਗ ਚੋਂ ਮਾਲੀ ,ਢਹਿੰਦੀ ਉਮਰੇ ਲਾਂਭੇ ਕੀਤਾ,
ਮਸਲਾ ਕਦਰ ਮੁਹੱਬਤ ਦਾ ਹੈ ,ਬਿਰਧ ਘਰਾਂ ਵਿਚ ਹੱਲ ਨਾ ਹੁੰਦਾ।

ਪੀੜ ਤੇਰੀ ਸੀ ਅਪਣੀ ਜਾਪੀ,ਮੋਏ ਸੁਪਨੇ ਤਾਜ਼ੇ ਹੋ ਗਏ,
ਛਮ ਛਮ ਕਾਹਨੂੰ ਹੰਝੂ ਵਹਿੰਦੇ,ਜੇਕਰ ਦਿਲ ਵਿਚ ਸੱਲ ਨਾ ਹੁੰਦਾ ।

ਅੰਤ ਵਿਗੋਚੇ ਵਿਚ ਝੁਰਨਾ ਸੀ ,ਮੈਂ ਗਰਦਸ਼ ਦੇ ਰਾਹ ਤੁਰਨਾ ਸੀ,
ਅਬ ਜੂਝਨ ਕੋ ਦਾਓ ਮੰਤਰ ,ਜੇਕਰ ਮੇਰੇ ਵੱਲ ਨਾ ਹੁੰਦਾ।

ਹਰਵਿੰਦਰ ਸਿੰਘ ਸਿੱਧੂ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleStrong cold wave to hit vast parts of China
Next articleਧੜਕਣ