ਲੰਡਨ (ਸਮਾਜ ਵੀਕਲੀ): ਰੂਸ ਵੱਲੋਂ ਯੂਕਰੇਨ ’ਤੇ ਕੀਤੇ ਗਏ ਹਮਲੇ ਦੇ ਵਿਰੋਧ ਅਤੇ ਯੂਕਰੇਨੀ ਲੋਕਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਜਰਮਨੀ ਅਤੇ ਇੰਗਲੈਂਡ ’ਚ ਅੱਜ ਲੱਖਾਂ ਲੋਕਾਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤੇ। ਬਰਲਿਨ ’ਚ ਕਰੀਬ ਇਕ ਲੱਖ ਲੋਕਾਂ ਨੇ ਪ੍ਰਦਰਸ਼ਨ ’ਚ ਹਿੱਸਾ ਲਿਆ। ਸੈਂਟਰਲ ਬਰਲਿਨ ਦੇ ਬ੍ਰੈਂਡਨਬਰਗ ਗੇਟ ਦੇ ਆਲੇ-ਦੁਆਲੇ ਲੋਕ ਜੁੜੇ ਹੋਏ ਸਨ। ਐਤਵਾਰ ਨੂੰ ਹੋਇਆ ਪ੍ਰਦਰਸ਼ਨ ਸ਼ਾਂਤਮਈ ਰਿਹਾ ਜਿਸ ’ਚ ਬਹੁਤੇ ਪਰਿਵਾਰ ਅਤੇ ਬੱਚੇ ਵੀ ਹਾਜ਼ਰ ਸਨ। ਲੋਕਾਂ ਨੇ ਆਪਣੀ ਹਮਾਇਤ ਦਿੰਦਿਆਂ ਯੂਕਰੇਨ ਦੇ ਝੰਡੇ ਲਹਿਰਾਏ। ਕੁਝ ਲੋਕਾਂ ਨੇ ਤਖ਼ਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ’ਤੇ ‘ਯੂਕਰੇਨ ਤੋਂ ਲਾਂਭੇ ਹੋਵੋ’ ਅਤੇ ‘ਪੂਤਿਨ ਆਪਣਾ ਇਲਾਜ ਕਰਵਾਓ ਅਤੇ ਯੂਕਰੇਨ ਤੇ ਦੁਨੀਆ ਨੂੰ ਸ਼ਾਂਤੀ ਲਈ ਛੱਡ ਦਿਓ’ ਲਿਖਿਆ ਹੋਇਆ ਸੀ। ਬਰਲਿਨ ਦੇ ਵਿਗਿਆਨੀ ਵਜੋਂ ਕੰਮ ਕਰਦੀ ਬੀਟੇ ਸ਼ਮਿਡ ਨੇ ਕਿਹਾ ਕਿ ਯੂਕਰੇਨ ’ਚ ਭੈਣਾਂ, ਭਰਾਵਾਂ, ਪੁੱਤਰਾਂ ਅਤੇ ਪਤੀਆਂ ਨੂੰ ਰੂਸ ਖ਼ਿਲਾਫ਼ ਲੜਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਗਮਗੀਨ ਮਾਹੌਲ ਹੈ ਜਿਸ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਸੀ।
ਉਧਰ ਬ੍ਰਿਟੇਨ ਦੇ ਕਈ ਹਿੱਸਿਆਂ ’ਚ ਵੀ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਰੈਲੀਆਂ ਕੱਢੀਆਂ। ਲੰਡਨ ’ਚ ਰੂਸ ਦੇ ਸਫ਼ਾਰਤਖਾਨੇ ’ਤੇ ਲੋਕਾਂ ਨੇ ਅੰਡੇ ਸੁੱਟੇ ਅਤੇ ਦੀਵਾਰਾਂ ’ਤੇ ਜੰਗ ਖ਼ਤਮ ਕਰਨ ਸਬੰਧੀ ਨਾਅਰੇ ਲਿਖ ਦਿੱਤੇ। ਲੰਡਨ ’ਚ ਸ਼ਨਿਚਰਵਾਰ ਨੂੰ ਡਾਊਨਿੰਗ ਸਟਰੀਟ, ਮੈਨਚੈਸਟਰ ਅਤੇ ਐਡਿਨਬਰਾ ’ਚ ਪ੍ਰਦਰਸ਼ਨ ਹੋਏ ਸਨ। ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਕਿਹਾ ਕਿ ਕੌਮਾਂਤਰੀ ਭਾਈਵਾਲਾਂ ਨਾਲ ਮਿਲ ਕੇ ਉਨ੍ਹਾਂ ਰੂਸ ਨੂੰ ਆਲਮੀ ਵਿੱਤੀ ਪ੍ਰਣਾਲੀ ਤੋਂ ਬਾਹਰ ਕੱਢਣ ਲਈ ਕਾਰਵਾਈ ਕੀਤੀ ਹੈ। ਉਨ੍ਹਾਂ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਸਾਰੇ ਰਲ ਕੇ ਕੰਮ ਕਰਨ ਤਾਂ ਜੋ ਪੂਤਿਨ ਨੂੰ ਜੰਗ ਦੀ ਕੀਮਤ ਚੁਕਾਉਣੀ ਪਵੇ। ਬ੍ਰਿਟੇਨ ਦੀ ਵਿਦੇਸ਼ ਮੰਤਰੀ ਲਿਜ਼ ਟਰੱਸ ਨੇ ਕਿਹਾ ਕਿ ਸਰਕਾਰ ਹਰ ਉਸ ਬ੍ਰਿਟਿਸ਼ ਨਾਗਰਿਕ ਦੀ ਹਮਾਇਤ ਕਰੇਗੀ ਜੋ ਰੂਸੀਆਂ ਖ਼ਿਲਾਫ਼ ਲੜਾਈ ’ਚ ਯੂਕਰੇਨ ਦੇ ਲੋਕਾਂ ਨਾਲ ਸ਼ਾਮਲ ਹੋਣਾ ਚਾਹੁੰਦੇ ਹਨ ਅਤੇ ਉਹ ਖੁਦ ਹੀ ਇਹ ਫ਼ੈਸਲਾ ਲੈ ਸਕਦੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly