ਚੰਡੀਗੜ੍ਹ (ਸਮਾਜ ਵੀਕਲੀ): 1971 ਦੀ ਭਾਰਤ-ਪਾਕਿਸਤਾਨ ਜੰਗ ਦੀ ਗੋਲਡਨ ਜੁਬਲੀ ’ਤੇ ਆਧਾਰਿਤ ਪੰਜਵੇਂ ਮਿਲਟਰੀ ਲਿਟਰੇਚਰ ਫੈਸਟੀਵਲ-2021 ਦੇ ਤੀਜੇੇ ਦਿਨ ਅੱਜ ਅਫ਼ਗਾਨਿਸਤਾਨ ਨਾਲ ਸਬੰਧਿਤ ਮੁੱਦਿਆਂ ਬਾਰੇ ਵਿਚਾਰ-ਚਰਚਾ ਕੀਤੀ ਗਈ। ਤਾਲਿਬਾਨ ਵੱਲੋਂ ਅਫ਼ਗਾਨਿਸਤਾਨ ’ਤੇ ਕਬਜ਼ਾ ਕਰ ਲਏ ਜਾਣ ਬਾਰੇ ਚਿੰਤਾ ਜ਼ਾਹਿਰ ਕਰਦਿਆਂ ਪੱਛਮੀ ਕਮਾਂਡ ਦੇ ਸਾਬਕਾ ਜੀਓਸੀ ਲੈਫਟੀਨੈਂਟ ਜਨਰਲ ਕੇ.ਜੇ. ਸਿੰਘ ਨੇ ਕਿਹਾ ਕਿ ਇਹ ਦੇਸ਼ ਲਈ ਘਾਤਕ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਵਿੱਚ ਸਹਿਣਸ਼ੀਲ ਸਰਕਾਰ ਦੀ ਲੋੜ ਹੈ ਤਾਂ ਜੋ ਗੁਆਂਢੀ ਦੇਸ਼ਾਂ ਵਿੱਚ ਸ਼ਾਂਤੀ ਕਾਇਮ ਰਹੇ।
ਲੈਫਟੀਨੈਂਟ ਜਨਰਲ ਨੇ 9/11 ਮਗਰੋਂ ਦੀਆਂ ਘਟਨਾਵਾਂ ਬਾਰੇ ਵੀ ਸੰਖੇਪ ਜਾਣਕਾਰੀ ਸਾਂਝੀ ਕੀਤੀ ਅਤੇ ਪਿਛਲੇ ਦਿਨਾਂ ਦੌਰਾਨ ਤਾਲਿਬਾਨ ’ਚ ਆਈਆਂ ਤਬਦੀਲੀਆਂ ਬਾਰੇ ਵੀ ਚਾਨਣਾ ਪਾਇਆ। ਜਰਮਨੀ ਅਤੇ ਇੰਡੋਨੇਸ਼ੀਆ ਵਿੱਚ ਭਾਰਤੀ ਰਾਜਦੂਤ ਰਹਿ ਚੁੱਕੇ ਗੁਰਜੀਤ ਸਿੰਘ, ਅਫ਼ਗਾਨਿਸਤਾਨ ਵਿੱਚ ਸਾਬਕਾ ਭਾਰਤੀ ਰਾਜਦੂਤ ਵਿਵੇਕ ਕਾਟਜੂ ਅਤੇ ਅਮਰੀਕੀ ਸਿਆਸੀ ਮਾਹਿਰ ਕ੍ਰਿਸਟੀਨ ਨੇ ਵੀ ਇਸ ਚਰਚਾ ਵਿੱਚ ਹਿੱਸਾ ਲਿਆ। ‘ਵੀਰ ਚੱਕਰ’ ਪੁਰਸਕਾਰ ਜੇਤੂ ਸਕੁਐਰਡਨ ਲੀਡਰ ਪੀਪੀਐੱਸ ਗਿੱਲ ਨੇ 1971 ਵਿੱਚ ਭਾਰਤ-ਪਾਕਿਸਤਾਨ ਜੰਗ ਦੀਆਂ ਯਾਦਾ ਸਾਂਝੀਆਂ ਕੀਤੀਆਂ। ਇਸ ਦੌਰਾਨ ਬ੍ਰਿਗੇਡੀਅਰ ਪੀਕੇ ਘੋਸ਼ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਦੱਸਣਯੋਗ ਹੈ ਕਿ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਮੰਤਵ ਦੇਸ਼ ਦੇ ਨੌਜਵਾਨਾਂ ਨੂੰ ਭਾਰਤੀ ਫੌਜ ਦੀਆਂ ਪੁਰਾਣੀਆਂ ਜੰਗਾਂ ਬਾਰੇ ਜਾਣੂੰ ਕਰਵਾਉਣਾ ਹੈ ਅਤੇ ਦੇਸ਼ ਦੀ ਸੁਰੱਖਿਆ ਲਈ ਉਤਸਾਹਿਤ ਕਰਨਾ ਹੈ। ਇਹ ਫੈਸਟੀਵਲ ਸਾਲ 2017 ਵਿੱਚ ਸ਼ੁਰੂ ਕੀਤਾ ਗਿਆ ਸੀ। ਇਸ ਫੈਸਟੀਵਲ ਦੇ ਪਿਛਲੇ ਤਿੰਨ ਸੈਸ਼ਨ ਵੀ ਚੰਡੀਗੜ੍ਹ ਵਿੱਚ ਕੀਤੇ ਗਏ ਸਨ। ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਸਾਲ 2020-21 ਦਾ ਸੈਸ਼ਨ ਵਰਚੁਅਲ ਕਰਵਾਇਆ ਜਾ ਰਿਹਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly