ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਮਿਡ ਡੇਅ ਮੀਲ ਚਲਾਉਣ ਲਈ ਪਿਛਲੇ ਤਿੰਨ ਮਹੀਨਿਆਂ ਤੋਂ ਕੋਈ ਵੀ ਰਕਮ ਨਾ ਭੇਜਣ ਕਾਰਣ ਸਕੂਲਾਂ ਵਿੱਚ ਮਿਡ ਡੇ ਮੀਲ ਸਕੀਮ ਬੰਦ ਹੋਣ ਕਿਨਾਰੇ ਪਹੁੰਚ ਗਈ ਹੈ। ਇਸ ਸਬੰਧੀ ਈ ਟੀ ਟੀ ਯੂਨੀਅਨ ਪੰਜਾਬ ਦੇ ਸੂਬਾ ਕਾਰਜਕਾਰੀ ਪ੍ਰਧਾਨ ਰਸ਼ਪਾਲ ਸਿੰਘ ਵੜੈਚ , ਜ਼ਿਲ੍ਹਾ ਪ੍ਰਧਾਨ ਗੁਰਮੇਜ ਸਿੰਘ ਤਲਵੰਡੀ ਚੌਧਰੀਆਂ , ਇੰਦਰਜੀਤ ਸਿੰਘ ਬਿਧੀਪੁਰ, ਜਸਵਿੰਦਰ ਸਿੰਘ ਸ਼ਿਕਾਰਪੁਰ , ਈ ਟੀ ਯੂ ਦੇ ਸੂਬਾਈ ਆਗੂ ਰਵੀ ਵਾਹੀ , ਅਪਿੰਦਰ ਸਿੰਘ , ਹਰਜਿੰਦਰ ਸਿੰਘ ਢੋਟ , ਬੀ ਐੱਡ ਫਰੰਟ ਦੇ ਆਗੂ ਸਰਤਾਜ ਸਿੰਘ , ਡੀ ਟੀ ਐਫ ਆਗੂ ਸੁਖਚੈਨ ਸਿੰਘ ਬੱਧਣ, ਬਲਜੀਤ ਸਿੰਘ ਬੱਬਾ , ਸੁਖਦੇਵ ਸਿੰਘ ਬੂਲਪੁਰ,ਕੁਲਦੀਪ ਠਾਕੁਰ, ਅਸ਼ਵਨੀ ਕੁਮਾਰ,ਸਰਬਜੀਤ ਸਿੰਘ, ਵੀਨੂੰ ਸੇਖਡ਼ੀ ਆਦਿ ਆਗੂਆਂ ਨੇ ਸਾਂਝੇ ਪ੍ਰੈੱਸ ਬਿਆਨ ਵਿੱਚ ਕਿਹਾ ਹੈ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਮਿਡ ਡੇ ਮੀਲ ਦੀ ਰਾਸ਼ੀ ਸਕੂਲਾਂ ਵਿੱਚ ਨਾ ਆਉਣ ਕਾਰਨ ਅਧਿਆਪਕ ਆਪਣੀਆਂ ਜੇਬਾਂ ਵਿੱਚੋਂ ਮਿੱਡ ਡੇ ਮੀਲ ਸਕੀਮ ਨੂੰ ਚਲਾ ਰਹੇ ਹਨ ਤੇ ਜਿਸ ਦੇ ਚੱਲਦੇ ਸਾਂਝਾ ਅਧਿਆਪਕ ਫਰੰਟ ਨੇ ਵਿਸ਼ੇਸ਼ ਮੀਟਿੰਗ ਕਰ ਇਹ ਫ਼ੈਸਲਾ ਲਿਆ ਹੈ ਕਿ ਜੇਕਰ ਸਰਕਾਰ ਅਤੇ ਵਿਭਾਗ ਵੱਲੋਂ ਬਣਦੀ ਬਕਾਇਆ ਰਾਸ਼ੀ ਅਤੇ ਪੇਸ਼ਗੀ ਰਾਸ਼ੀ ਤੇ ਰਾਸ਼ਨ ਇਕ ਹਫ਼ਤੇ ਵਿੱਚ ਨਹੀਂ ਆਉਂਦਾ ਤਾਂ 11 ਅਕਤੂਬਰ ਤੋਂ ਸਮੂਹ ਸਕੂਲਾਂ ਵਿੱਚ ਮਿਡ ਡੇ ਮੀਲ ਬੰਦ ਕਰ ਦਿੱਤਾ ਜਾਵੇਗਾ ।
ਉਕਤ ਆਗੂਆਂ ਨੇ ਕਿਹਾ ਕਿ ਵਿਭਾਗ ਵੱਲੋਂ ਜੇਕਰ ਇੱਕ ਹਫਤੇ ਵਿੱਚ ਮਿਡ ਡੇ ਮੀਲ ਦੀ ਬਕਾਇਆ ਰਾਸ਼ੀ, ਪੇਸ਼ਗੀ ਰਾਸ਼ੀ ਅਤੇ ਰਾਸ਼ਨ ਸਕੂਲਾਂ ਵਿਚ ਪਹੁੰਚ ਜਾਵੇਗਾ ਤਾਂ ਮਿਡ ਡੇ ਮੀਲ ਚਾਲੂ ਰੱਖਿਆ ਜਾ ਸਕਦਾ ਹੈ। ਅਧਿਆਪਕ ਆਗੂਆਂ ਨੇ ਕਿਹਾ ਕਿ ਉਕਤ ਰਾਸ਼ੀ ਸਕੀਮ ਨੂੰ ਚਲਾਉਣ ਲਈ ਅਧਿਆਪਕ ਪਿਛਲੇ ਤਿੰਨ ਮਹੀਨਿਆਂ ਤੋਂ ਆਪਣੀ ਜੇਬ ਵਿੱਚੋਂ ਖਰਚ ਕਰਕੇ ਇਸ ਸਕੀਮ ਨੂੰ ਜਾਰੀ ਰੱਖ ਰਹੇ ਹਨ ।ਪ੍ਰੰਤੂ ਹੁਣ ਤੱਕ ਉਨ੍ਹਾਂ ਦੀਆਂ ਜੇਬਾਂ ਵਿੱਚੋਂ ਹਜ਼ਾਰਾਂ ਰੁਪਏ ਇਸ ਸਕੀਮ ਦੀ ਭੇਂਟ ਚੜ੍ਹ ਚੁੱਕੇ ਹਨ। ਅਧਿਆਪਕਾਂ ਨੇ ਵਿਭਾਗ ਨੂੰ ਅਪੀਲ ਕੀਤੀ ਹੈ , ਕਿ ਜਲਦੀ ਤੋਂ ਜਲਦੀ ਮਿਡ ਡੇ ਮੀਲ ਦੀ ਬਕਾਇਆ ਰਾਸ਼ੀ ਤੇ ਰਾਸ਼ਨ ਤੇ ਪੇਸ਼ਗੀ ਰਾਸ਼ੀ ਜਲਦ ਤੋਂ ਜਲਦ ਭੇਜੀ ਜਾਵੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly