(ਸਮਾਜ ਵੀਕਲੀ) ਗੁਰਬਾਣੀ ਦੇ ਇਸ ਸ਼ਬਦ ਦੇ ਅਧਾਰ ‘ਤੇ ਪ੍ਰਚਾਰਕ, ਵਿਦਵਾਨ, ਲੀਡਰ ਆਦਿ ਅਜਿਹਾ ਪ੍ਰਚਾਰ ਕਰਦੇ ਹਨ ਕਿ ਗੁਰਬਾਣੀ ਦੇ ਸਿਧਾਂਤ ਅਨੁਸਾਰ ਕਿਸੇ ਵੀ ਦੁਨਿਆਵੀ, ਸਮਾਜਿਕ, ਰਾਜਨੀਤਕ, ਧਾਰਮਿਕ ਅਹੁਦੇ ਲਈ ਉਸ ਵਿਅਕਤੀ ਨੂੰ ਚੁਣਿਆ ਜਾਣਾ ਚਾਹੀਦਾ ਹੈ, ਜੋ ਉਸ ਅਹੁਦੇ ਦੇ ਲਾਇਕ ਹੋਵੇ। ਇਸ ਲਈ ਗੁਰੂ ਕਾਲ ਦੀਆਂ ਉਦਾਹਰਣਾਂ ਦਿੱਤੀਆਂ ਜਾਂਦੀਆਂ ਹਨ ਕਿ ਗੁਰੂ ਸਾਹਿਬਾਨ ਨੇ ਗੁਰਤਾ ਗੱਦੀ ਆਪਣੀ ਬੱਚਿਆਂ ਦੀ ਥਾਂ ਲਾਇਕ ਵਿਅਕਤੀ ਨੂੰ ਹੀ ਦਿੱਤੀ।
ਪੁਰਾਣੇ ਸਮੇਂ ਵਿੱਚ ਸਿੱਖ ਇਸ ਸਿਧਾਂਤ ਦੀ ਪਾਲਣਾ ਕਰਦੇ ਰਹੇ ਸਨ ਜਾਂ ਨਹੀਂ, ਇਸ ਬਾਰੇ ਕੁਝ ਕਹਿ ਨਹੀਂ ਸਕਦੇ ਕਿਉਂਕਿ ਸਾਡੇ ਕੋਲ਼ ਬਹੁਤਾ ਇਤਿਹਾਸ ਝੂਠਾ ਤੇ ਨਕਲੀ ਹੈ। ਸਾਡੇ ਪਿਛਲੇ 100-150 ਸਾਲਾਂ ਦੇ ਕਿਰਦਾੲ ਨੇ ਸਭ ਕੁਝ ਨੂੰ ਸ਼ੱਕੀ ਬਣਾ ਦਿੱਤਾ ਹੈ। ਪਰ ਜਦੋਂ ਤੋਂ ਅਸੀਂ ਜਵਾਨ ਹੋਏ ਹਾਂ ਤਾਂ ਇਹੀ ਦੇਖ ਰਹੇ ਹਾਂ ਕਿ ਸਿੱਖ ਸਮਾਜ ਵਿੱਚ ਲਿਆਕਤ, ਪੜ੍ਹਾਈ ਲਿਖਾਈ, ਸਿਆਣਪ ਦਾ ਕੋਈ ਮੁੱਲ ਨਹੀਂ। ਮੌਕਾਪ੍ਰਸਤ, ਸਵਾਰਥੀ ਤੇ ਲੱਠਮਾਰ ਲੋਕ ਹੀ ਸਭ ਪਾਸੇ ਭਾਰੂ ਹਨ। ਜਿਸਨੇ ਵੀ ਸਿੱਖ ਸਿਆਸਤ ਜਾਂ ਗੁਰਦੁਆਰਾ ਸਿਆਸਤ ਵਿੱਚ ਆਉਣਾ ਹੋਵੇ, ਉਸਨੂੰ ਕਿਸੇ ਲਿਆਕਤ ਦੀ ਲੋੜ ਨਹੀਂ ਪੈਂਦੀ। ਸਿਰਫ ਭਾਰੂ ਗਰੁੱਪਾਂ ਦੀ ਖ਼ੁਸ਼ਾਮਦ ਕਰਨੀ ਆਉਂਦੀ ਹੋਵੇ।
ਪੰਥਕ ਸਿਆਸਤ ਵਿੱਚ ਅਜਿਹੇ ਰੁਝਾਨ ਵੱਧ ਦੇਖਣ ਨੂੰ ਮਿਲਦੇ ਹਨ। 1984 ਤੋਂ ਬਾਅਦ ਦੀ ਸਿਆਸਤ ਵਿੱਚ ਅਜਿਹੇ ਅਨੇਕਾਂ ਵਿਅਕਤੀ ਲਿਆਂਦੇ ਗਏ, ਜਿਨ੍ਹਾਂ ਦੀ ਯੋਗਤਾ ਸਿਰਫ ਇਹ ਸੀ ਕਿ ਉਹ ਕਿਸੇ ਖਾੜਕੂ ਪਰਿਵਾਰ ਨਾਲ਼ ਸਬੰਧਤ ਸਨ। ਅਨੇਕਾਂ ਵਿਅਕਤੀ MLA, MP, ਪਾਰਟੀਆਂ ਦੇ ਪ੍ਰਧਾਨ ਬਣਾਏ ਗਏ। ਕੀ ਕੋਈ ਦੱਸ ਸਕਦਾ ਹੈ ਕਿ ਉਨ੍ਹਾਂ ਵਿੱਚੋਂ ਕਿਸੇ ਇੱਕ ਦੀ ਵੀ ਕੋਈ ਜਿਕਰਯੋਗ ਕਾਰਗੁਜਾਰੀ ਸੀ? ਹੁਣ ਪੰਜਾਬ ਵਿੱਚ ਹੋ ਰਹੀਆਂ ਚੋਣਾਂ ਵਿੱਚ ਫਿਰ ਅਜਿਹੀ ਸਿਆਸਤ ਖੇਡੀ ਜਾ ਰਹੀ ਹੈ। ਸਾਡੀ ਕੌਮ ਕਦੋ ਤੱਕ ਅਜ਼ਮਾਏ ਹੋਏ ਤਜਰਬਿਆਂ ਨੂੰ ਵਾਰ-ਵਾਰ ਕਰਕੇ ਕੌਮ ਦਾ ਨੁਕਸਾਨ ਕਰਦੀ ਰਹੇਗੀ, ਕਦੋ ਤੱਕ ਧੌਖੇ ਖਾਂਦੀ ਰਹੇਗੀ? ਕਦੋ ਅਸੀ ਆਪਣੀਆਂ ਨਾਕਾਮੀਆਂ ‘ਤੇ ਗੰਭੀਰਤਾ ਨਾਲ਼ ਵਿਚਾਰ ਕਰਨ ਦੇ ਸਮਰੱਥ ਹੋਵਾਂਗੇ?
ਅਜਿਹਾ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ ਕਿ ਫਲਾਨੇ ਬੰਦੇ ਨੂੰ ਜੇ ਸਿੱਖਾਂ ਨੇ ਵੋਟਾਂ ਨਾ ਪਾਈਆਂ ਤਾਂ ਪੰਥ ਦਾ ਮੇਹਣਾ ਹੋਵੇਗਾ? ਕੀ ਸਿਰਫ ਕੁਝ ਵਿਅਕਤੀ ਹੀ ਪੰਥ ਹੈ? ਬਾਕੀ ਪੰਜਾਬ ਦੇ ਲੋਕ ਕੀ ਹਨ? ਮੈਂਨੂੰ ਕਦੇ ਸਮਝ ਨਹੀ ਆਈ ਕਿ ਇਹ ਪੰਥ ਕੀ ਸੈਅ ਹੈ? ਕੀ ਸਿੱਖ ਸਿਆਸਤ ‘ਤੇ ਭਾਰੂ ਕੁਝ ਲੋਕ ਜਾਂ ਧਿਰਾਂ ਹੀ ਪੰਥ ਹੈ? ਕੀ ਬਾਕੀ ਸਿੱਖ ਪੰਥ ਦਾ ਹਿੱਸਾ ਨਹੀਂ…?
ਹਰਚਰਨ ਸਿੰਘ ਪ੍ਰਹਾਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly