- ਆਡਿਟ ਤੇ ਅਕਾਊਂਟੈਂਸੀ ਬਿੱਲ ਵੀ ਪਾਸ
- ਅਮਿਤ ਸ਼ਾਹ ਨੇ ਬਿੱਲ ਪੇਸ਼ ਕਰਦਿਆਂ ਇਤਰਾਜ਼ਾਂ ਦਾ ਜਵਾਬ ਦਿੱਤਾ
ਨਵੀਂ ਦਿੱਲੀ (ਸਮਾਜ ਵੀਕਲੀ): ਸੰਸਦ ਨੇ ਦਿੱਲੀ ਦੇ ਤਿੰਨ ਨਗਰ ਨਿਗਮਾਂ ਦੇ ਰਲੇਵੇਂ ਬਾਰੇ ਬਿੱਲ ਅੱਜ ਪਾਸ ਕਰ ਦਿੱਤਾ। ਰਾਜ ਸਭਾ ਵਿੱਚ ਬਿੱਲ ’ਤੇ ਹੋਈ ਜ਼ੁਬਾਨੀ ਵੋਟਿੰਗ ਦੌਰਾਨ ਮੈਂਬਰਾਂ ਨੇ ਰਸਮੀ ਮੋਹਰ ਲਾ ਦਿੱਤੀ। ਸਰਕਾਰ ਨੇ ਕਿਹਾ ਕਿ ਤਜਵੀਜ਼ਤ ਬਿੱਲ ਸਰੋਤਾਂ ਦੀ ਸਰਵੋਤਮ ਵਰਤੋਂ, ਰਣਨੀਤਕ ਯੋਜਨਾਬੰਦੀ ਤੇ ਸਾਂਝੀ ਸਰਗਰਮੀਆਂ ਜਿਹੇ ਪ੍ਰਬੰਧ ਨੂੰ ਮਜ਼ਬੂਤ ਕਰੇਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਉਪਰਲੇ ਸਦਨ ਵਿੱਚ ਦਿੱਲੀ ਮਿਉਂਸਿਪਲ ਕਾਰਪੋਰੇਸ਼ਨ (ਸੋਧ) ਬਿੱਲ 2022 ਨੂੰ ਪੇਸ਼ ਕੀਤਾ। ਦਿੱਲੀ ਮਿਉਂਸਿਪਲ ਕਾਰਪੋਰੇਸ਼ਨ ਐਕਟ 1957 ਵਿੱਚ ਸੋਧ ਦੀ ਮੰਗ ਬਿੱਲ ਲੋਕ ਸਭਾ ਵਿੱਚ 30 ਮਾਰਚ ਨੂੰ ਪਾਸ ਹੋ ਚੁੱਕਾ ਹੈ। ਕਾਂਗਰਸ ਤੇ ‘ਆਪ’ ਨੇ ਿਬਲ ਨੂੰ ‘ਗੈਰ-ਕਾਨੂੰਨੀ’ ਤੇ ‘ਗੈਰ ਸੰਵਿਧਾਨਿਕ’ ਕਰਾਰ ਦਿੱਤਾ ਹੈ।
ਇਸ ਤੋਂ ਪਹਿਲਾਂ ਰਾਜ ਸਭਾ ਨੇ ਮੈਂਬਰਾਂ ਦੇ ਇਤਰਾਜ਼ਾਂ ਨੂੰ ਰੱਦ ਕਰਦੇ ਹੋਏ ਅਕਾਊਂਟੈਂਸੀ ਬਿੱਲ ’ਤੇ ਜ਼ੁੁਬਾਨੀ ਵੋਟਾਂ ਨਾਲ ਪ੍ਰਵਾਨਗੀ ਦੇ ਦਿੱਤੀ। ਲੋਕ ਸਭਾ ਪਹਿਲਾਂ ਹੀ ਬਿੱਲ ਪਾਸ ਕਰ ਚੁੱਕੀ ਹੈ। ਬਿਲਾਂ ਨੂੰ ਹੁਣ ਰਾਸ਼ਟਰਪਤੀ ਦੀ ਸਹੀ ਲਈ ਭੇਜਿਆ ਜਾਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਅਕਾਊਂਟੈਂਸੀ ਬਿੱਲ ਨਾਲ ਆਡਿਟ, ਅਕਾਊਂਟੈਂਸੀ ਤੇ ਕੰਪਨੀ ਸਕੱਤਰਾਂ ਜਿਹੀਆਂ ਤਿੰਨ ਸੰਸਥਾਵਾਂ ਵਿੱਚ ਵਧੇਰੇ ਪਾਰਦਰਸ਼ਤਾ ਆਏਗੀ। ਸ੍ਰੀ ਸ਼ਾਹ ਨੇ ਅੱਜ ਬਿੱਲ ਪੇਸ਼ ਕਰਦਿਆਂ ਕਿਹਾ ਕਿ ਇਸ ਦੇ ਪਾਸ ਹੋਣ ਨਾਲ ਤਿੰਨ ਨਗਰ ਨਿਗਮਾਂ- ਉੱਤਰੀ ਦਿੱਲੀ ਮਿਉਂਸਿਪਲ ਕਾਰਪੋਰੇਸ਼ਨ, ਦੱਖਣੀ ਦਿੱਲੀ ਮਿਉਂਸਿਪਲ ਕਾਰਪੋਰੇਸ਼ਨ ਤੇ ਪੂਰਬੀ ਦਿੱਲੀ ਮਿਉਂਸਿਪਲ ਕਾਰਪੋਰੇਸ਼ਨ ਰਲੇਵੇਂ ਮਗਰੋਂ ਇਕ ਹੋ ਜਾਵੇਗੀ। ਇਹ ਤਿੰਨ ਕੌਂਸਲਾਂ ਸ਼ਹਿਰ ਦੇ 1400 ਘਣ ਕਿਲੋਮੀਟਰ ਦੇ ਖੇਤਰ ਨੂੰ ਕੰਟਰੋਲ ਕਰਦੀਆਂ ਹਨ।
ਸ਼ਾਹ ਨੇ ਦਿੱਲੀ ਦੀ ‘ਆਪ’ ਸਰਕਾਰ ਉੱਤੇ ਸਿਆਸੀ ਕਾਰਨਾਂ ਕਰਕੇ ਤਿੰਨ ਨਗਰ ਨਿਗਮਾਂ ਨਾਲ ‘ਵਿਤਕਰਾ’ ਕਰਨ ਦਾ ਦੋਸ਼ ਲਾਇਆ। ਸ਼ਾਹ ਨੇ ਕਿਹਾ ਕਿ ਸਾਲ 2012 ਵਿੱਚ ਕਾਹਲੀ ਕਰਦਿਆਂ ਦਿੱਲੀ ਮਿਉਂਸਿਪਲ ਕਾਰਪੋਰੇਸ਼ਨ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਦਿੱਤਾ ਸੀ, ਜਿਸ ਕਰਕੇ ਅਸਾਵਾਂਪਣ ਹੋ ਗਿਆ ਸੀ। ਸ਼ਾਹ ਦੀ ਤਕਰੀਰ ਦੌਰਾਨ ਆਮ ਆਦਮੀ ਪਾਰਟੀ ਸਣੇ ਵਿਰੋਧੀ ਧਿਰਾਂ ਨੇ ਇਤਰਾਜ਼ ਕਰਦਿਆਂ ਕਈ ਵਾਰ ਵਿਘਨ ਪਾਇਆ। ਕਾਂਗਰਸ ਆਗੂ ਅਭਿਸ਼ੇਕ ਮਨੂ ਸਿੰਘਵੀ ਨੇ ਸਰਕਾਰ ਦੀ ਪੇਸ਼ਕਦਮੀ ਨੂੰ ‘ਸੰਵਿਧਾਨਕ ਤੌਰ ’ਤੇ ਸ਼ੱਕੀ, ਪ੍ਰਸ਼ਾਸਨਿਕ ਬੱਜਰ ਗ਼ਲਤੀ ਤੇ ਸਿਆਸੀ ਤਾਨਾਸ਼ਾਹੀ ਕਰਾਰ ਦਿੱਤਾ।’
ਇਸ ਦੌਰਾਨ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਪ੍ਰਵੀਨ ਪਵਾਰ ਨੇ ਅੱਜ ਰਾਜ ਸਭਾ ਨੂੰ ਦੱਸਿਆ ਕਿ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 4 ਅਪਰੈਲ ਤੱਕ ਦੇਸ਼ ਵਿੱਚ ਕੋਵਿਡ ਕਰਕੇ 5,21,358 ਮੌਤਾਂ ਰਿਪੋਰਟ ਹੋਈਆਂ ਹਨ। ਵੱਡੀ ਤਬਾਹੀ ਵਾਲੇ ਹਥਿਆਰਾਂ ’ਤੇ ਰੋਕ ਲਾਉਣ ਤੇ ਅਜਿਹੀਆਂ ਸਰਗਰਮੀਆਂ ’ਚ ਸ਼ੁਮਾਰ ਲੋਕਾਂ ਦੇ ਅਸਾਸਿਆਂ ਨੂੰ ਜਾਮ ਕਰਨ ਦੀ ਮੰਗ ਕਰਦਾ ਬਿੱਲ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly