ਹਰਫ਼ਾਂ ਦਾ ਵਣਜਾਰਾ’

ਅਮਰਜੀਤ ਸਿੰਘ ਜੀਤ
(ਸਮਾਜ ਵੀਕਲੀ) 
ਸਲੀਮ ਆਫ਼ਤਾਬ ਸਲੀਮ ਕਸੂਰੀ-
         ਜਦੋਂ ਵੀ ਪੰਜਾਬੀ ਸਾਹਿਤ ਦੀ ਗੱਲ  ਕਰਦੇ ਆਂ ਤਾਂ ਲਹਿੰਦੇ ਪੰਜਾਬ ਦਾ ਸ਼ਹਿਰ ਕਸੂਰ ਬਦੋ-ਬਦੀ ਜ਼ਿਹਨ ‘ਚ ਆ ਜਾਂਦਾ ਹੈ, ਇਕ ਮਿੱਥ ਮੁਤਾਬਕ ਸ਼ਹਿਰ ਕਸੂਰ ਦਾ ਸੰਬੰਧ ਸ਼੍ਰੀ ਰਾਮ ਚੰਦਰ ਜੀ ਦੇ ਛੋਟੇ ਪੁੱਤਰ ਕੁਸ਼ ਨਾਲ ਜਾ ਜੁੜਦਾ ਹੈ, ਪਰ ਇਤਿਹਾਸਕ ਤੌਰ ਤੇ ਦੱਸਦੇ ਹਨ ਕਿ ਅੱਜ ਤੋਂ ਲਗਭਗ 1000 ਸਾਲ ਪਹਿਲਾਂ ਇਸ ਨੂੰ ਅਫਗਾਨ ਪਠਾਣਾਂ ਨੇ ਵਸਾਇਆ ਸੀ ,ਖੈਰ ਤੀਜੇ ਮੁਗਲ ਬਾਦਸ਼ਾਹ ਅਕਬਰ ਸਮੇਂ ਤੋਂ ਇਹ ਨਗਰ  ਕਸੂਰ ਵਜੋਂ ਜਾਣਿਆ ਜਾਣ ਲੱਗਿਆ ਹੈ । ਇਹ ਨਗਰ ਬਾਬਾ ਬੁੱਲ੍ਹੇ ਸ਼ਾਹ  ਦੇ ਮੁਰਸ਼ਦ ਸ਼ਾਹ ਅਨਾਇਤ ਕਾਦਰੀ ਦੀ ਕਰਮ ਭੂਮੀ ਰਿਹਾ ਹੈ , ਜਿਹਨਾਂ ਦੀ ਰਹਿਮਤ ਸਦਕਾ ਬਾਬਾ ਬੁੱਲ੍ਹੇ ਸ਼ਾਹ ਪੰਜਾਬੀ ਸਾਹਿਤ ਦੇ ਯੁੱਗ ਪੁਰਸ਼  ਵਜੋਂ ਪਰਵਾਨ ਚੜ੍ਹੇ, ਕਸੂਰ ਦੀ ਇਸ ਮੁਕੱਦਸ ਧਰਤੀ ਦਾ ਨਾਮ ਪੂਰੀ ਅਦਬੀ ਦੁਨੀਆ ਵਿਚ  ਹਮੇਸ਼ਾ ਲਈ  ਬਾਬਾ ਬੁੱਲ੍ਹੇ ਸ਼ਾਹ ਨਾਲ ਜੁੜ ਗਿਆ। ਜਗਤ ਪ੍ਰਸਿੱਧ ਗਾਇਕਾ ਨੂਰ ਜਹਾਂ ਅਤੇ ਮਹਾਨ ਲੇਖਕ ਢਾਡੀ ਸੋਹਣ ਸਿੰਘ ਸੀਤਲ ਵੀ ਏਸੇ ਜਰਖੇਜ਼ ਮਿੱਟੀ ਦੇ ਜਾਏ ਸਨ। ਕਸੂਰ ਦੀ ਧਰਤੀ  ਤੇ ਅਨੇਕਾਂ ਅਦਬੀ ਸ਼ਖਸੀਅਤਾਂ ਪਰਵਾਨ ਚੜ੍ਹੀਆਂ ਹਨ ਜਿਹਨਾਂ ਵਿੱਚੋਂ ਅਜੋਕੇ ਸਮੇਂ ਦੇ ਚਰਚਿਤ ਬਹੁਭਾਸ਼ਾਈ ਸ਼ਾਇਰ,ਨਾਮਾ-ਨਿਗਾਰ,ਕਾਲਮ-ਨਿਗਾਰ ਅਤੇ ਉੱਘੇ  ਕਹਾਣੀਕਾਰ ਸਲੀਮ ਆਫ਼ਤਾਬ ਸਲੀਮ ਕਸੂਰੀ ਦਾ ਨਾਮ ਜਿਕਰਯੋਗ  ਹੈ।
ਸਲੀਮ ਦੇ ਵਡੇਰੇ ਚੜ੍ਹਦੇ ਪੰਜਾਬ ਦੇ ਸ਼ਹਿਰ ਫਿਰੋਜ਼ਪੁਰ ਦੇ ਰਹਿਣ ਵਾਲੇ ਸਨ ਜੋ ਬਾਅਦ ਦੇਸ਼ ਦੀ ਵੰਡ ਵੇਲੇ ਹਿਜਰਤ ਕਰਕੇ  ਲਹਿੰਦੇ ਪੰਜਾਬ ਦੇ ਸ਼ਹਿਰ ਕਸੂਰ ਜਾ ਵਸੇ ਸਨ। ਇੱਥੇ ਹੀ
ਸਲੀਮ ਸਾਹਿਬ ਦਾ ਜਨਮ  ਵਾਲਿਦ ਅਨਾਇਤ ਅਲੀ ਭੱਟੀ ਦੇ ਘਰ ਵਾਲਿਦਾ ਜ਼ੁਬੇਦਾ ਬੇਗਮ ਦੀ ਕੁੱਖੋਂ 12 ਅਪ੍ਰੈਲ 1971 ਨੂੰ ਕਸੂਰ ਦੇ ਮੁਹੱਲੇ  ਕੋਟ ਪੀਰਾਂ ਵਿਖੇ ਹੋਇਆ,।ਕਸੂਰ ਦੇ ਅਦਬੀ ਮਾਹੌਲ ਚ ਜੰਮੇ ਪਲੇ ਸਲੀਮ ਤੇ  ਸੁਰਤ ਸੰਭਾਲਦਿਆਂ ਹੀ ਅਦਬੀ ਰੰਗ ਚੜ੍ਹਨਾ ਸ਼ੁਰੂ ਹੋ ਗਿਆ, ਬਚਪਨ ਵਿੱਚ ਹੀ ਉਸਨੂੰ ਪੰਜਾਬੀ ਗੀਤਾਂ ਨਾਲ ਲਗਾਅ ਹੋ ਗਿਆ ਸੀ ਤੇ ਚੜਦੀ ਉਮਰੇ ਹੀ ਉਹ ਕਾਗਜਾਂ ਦੀ ਹਿੱਕ ਤੇ ਸੋਹਣੇ ਸੋਹਣੇ ਹਰਫਾਂ ਨੂੰ  ਕਵਿਤਾਵਾਂ, ਨਗਮੇ ,ਕਹਾਣੀਆਂ ਤੇ ਕਾਲਮਾਂ ਦਾ ਰੂਪ ਦੇਣ ਲੱਗ ਪਿਆ  ਸੀ।ਉਸਨੇ ਐਮ ਏ   ਤੱਕ ਦੀ ਪੜ੍ਹਾਈ  ਕੀਤੀ ਹੋਈ ਏ , ਕਾਲਜ ਪੜ੍ਹਦਿਆਂ ਹੀ  ਉਸਨੇ ਆਪਣੀ ਪਹਿਲੀ ਕਵਿਤਾ ਲਿਖੀ ਸੀ । ਪੜ੍ਹਾਈ ਪੂਰੀ ਕਰਨ ਉਪਰੰਤ  ਉਸਨੇ ਆਪਣੀ ਕਲਮ ਰਾਹੀਂ ਆਪਣੀਆਂ ਲਿਖਤਾਂ ਚ ਹੋਰ ਵੀ ਸ਼ਿੱਦਤ ਨਾਲ ਵੱਖੋ-ਵੱਖ ਅਦਬੀ ਰੰਗ ਭਰਨੇ ਸ਼ੁਰੂ ਕਰ ਦਿੱਤੇ। ਉਸ ਦੀਆਂ ਲਿਖਤਾਂ ਦਾ ਰੰਗ ਓਦੋਂ ਹੋਰ ਵੀ ਗੂੜ੍ਹਾ ਹੋ ਗਿਆ  ਜਦੋਂ ਉਸਦਾ ਮੇਲ ਅਦਬੀ ਉਸਤਾਦ ਮੁਨੱਵਰ ਗਨੀ ਅਤੇ ਹਾਜੀ ਇਕਬਾਲ  ਜਖ਼ਮੀ ਹੁਰਾਂ ਨਾਲ ਹੋਇਆ। ਉਹ ਐਮ ਏ  (ਸਿਆਸਤ) ਦਾ ਪੋਸਟ ਗ੍ਰੈਜੂਏਟ ਰਿਹਾ ਹੈ, ਸ਼ਾਇਦ ਇਹ ਵੀ ਇਕ ਵਜਾਹ ਹੈ ਕਿ ਉਸ ਨੂੰ ਸਮਾਜ ‘ਚ ਹੋ ਰਹੀ ਕਾਣੀ ਵੰਡ ਤੇ ਸਿਆਸੀ ਲੋਕਾਂ ਦੇ ਦੋਹਰੇ ਕਿਰਦਾਰ ਬਾਰੇ ਪੂਰਾ ਇਲਮ ਹੈ।ਜਿਸ ਨੂੰ ਕਿ ਉਹ ਆਪਣੀਆਂ ਕਵਿਤਾਵਾਂ ਅਤੇ ਕਾਲਮਾਂ ਦਾ ਵਿਸ਼ਾ ਬਣਾਉਂਦਾ ਹੈ। ਉਸ ਦੀਆਂ ਕਵਿਤਾਵਾਂ ਵਿਚ ਸਮਾਜਿਕ ਅਨਿਆਂ ਤੇ ਸਮਾਜਿਕ ਵਿਸੰਗਤੀਆਂ ਤੇ ਕਰਾਰੀ ਚੋਟ ਹੁੰਦੀ ਹੈ।ਉਹ ਮਨੁੱਖੀ ਕਦਰਾਂ ਕੀਮਤਾਂ ਦਾ ਅਲੰਬਰਦਾਰ ਹੈ ।ਉਹ ਮਨੁੱਖੀ ਭਾਵਨਾਵਾਂ ,ਮਨੁੱਖੀ ਮਨ ਦੀਆਂ ਗੁੰਝਲਾਂ ਪ੍ਰਤੀ ਜਾਗਰੂਕ ਹੈ ।ਉਹ ਆਪਣੀਆਂ ਕਵਿਤਾਵਾਂ ਵਿਚ  ਲੋਕ ਦਿਲਾਂ ਦੀ ਤਰਜਮਾਨੀ ਕਰਦਾ ਹੋਇਆ ਜਿੱਥੇ ਪਿਆਰ-ਮੁਹੱਬਤ  ਅਮਨ ਈਮਨ ਦਾ ਮੁਦੱਈ ਉੱਥੇ ਸਮਾਜ ਵਿਚ ਵਿਚਲੇ ਤਲਖ ਵਰਤਾਰਿਆਂ ਤੇ ਉਂਗਲ ਵੀ ਧਰਦਾ ਹੈ।
 ਸਲੀਮ ਆਫ਼ਤਾਬ ਸਲੀਮ ਕਸੂਰੀ ਬੇਹੱਦ ਮਿਲਾਪੜੇ ਸੁਭਾਅ ਦਾ ਉਰਦੂ ਅਤੇ ਪੰਜਾਬੀ ਜੁਬਾਨਾਂ  ਦਾ ਨਾਮਵਰ ਲੇਖਕ ਹੈ।ਹੁਣ ਤੱਕ ਉਹ ਪਾਠਕਾਂ ਦੀ ਕਚਹਿਰੀ ਵਿਚ ਆਪਣੀ ਤਿੰਨ ਪੁਸਤਕਾਂ ਪੇਸ਼ ਕਰ ਚੁੱਕਿਆ ਹੈ।
‘ਸਹਿਰ -ਏ-ਸਲੀਮ’ ਉਰਦੂ ਸ਼ਾਇਰੀ (2001)
‘ਛਾਲੇ ਪੈਰਾਂ ਦੇ ਪੰਜਾਬੀ ਕਹਾਣੀਆਂ (2005)
‘ਦਰੂਦਾਂ ਦੇ ਗਜਰੇ ‘ਪੰਜਾਬੀ ਨਾਅਤਾਂ (2021)
‎ ਇਹਨਾਂ ਪੁਸਤਕਾਂ ਨੂੰ ਪਾਠਕਾਂ ਨੇ ਭਰਪੂਰ ਹੁੰਗਾਰਾ ਦੇ ਕੇ ਸਲੀਮ ਦਾ ਮਾਣ ਵਧਾਇਆ ਹੈ।ਇਸ ਤੋਂ ਇਲਾਵਾ ਉਸਦੇ ਸਾਹਿਤਕ ਖਜ਼ਾਨੇ ਵਿਚ  ਅਣਛਪੇ ਸਾਹਿਤ ਦੇ ਰੂਪ ਵਿੱਚ ਲਗਭਗ 4 ਪੁਸਤਕਾਂ ਦਾ ਖਰੜਾ ਹੋਰ ਪਿਆ ਹੈ ਜੋ ਕਿ ਜਲਦ ਹੀ ਛਾਪੇ ਚੜ੍ਹਨ ਵਾਲਾ ਹੈ।ਇਹਨਾਂ ਅਣਛਪੀਆਂ ਕਿਤਾਬਾਂ ‘ਚ
‎ ‘ਸੂਲੀ ਉੱਤੇ ਪੰਜਾਬੀ ਸ਼ਾਇਰੀ’
‎ ‘ਨੀਮ ਸ਼ਬ ਕੇ ਮੋਤੀ ਉਰਦੂ ਸ਼ਾਇਰੀ’
‎ ‘ਤੈਬਾ ਦੀ ਖ਼ੁਸ਼ਬੂ ਉਰਦੂ ਨਾਅਤਾਂ’
‎’ਆਫ਼ਤਾਬ ਨਾਮੇ ਉਰਦੂ ਤੇ ਪੰਜਾਬੀ ਚ ਛਪੇ ਅਖ਼ਬਾਰੀ ਕਾਲਮ’
ਸਲੀਮ ਦੀਆਂ ਅਦਬੀ ਲਿਖਤਾਂ ਨੂੰ ਸਾਹਿਤ ਰਸੀਆਂ ਅਤੇ ਅਦਬੀ ਤਨਜ਼ੀਮਾਂ ਵੱਲੋਂ ਬੇਥਾਹ ਪਿਆਰ ਤੇ ਸਨਮਾਨ ਮਿਲਿਆ ਹੈ।ਵੱਖੋ-ਵੱਖ ਅਦਬੀ ਤਨਜ਼ੀਮਾਂ ਨੇ ਸਮੇਂ ਸਮੇਂ ਉਸਨੂੰ ਉੱਚ ਮਿਆਰੀ ਐਵਾਰਡਜ਼ ਨਾਲ ਨਿਵਾਜਿਆ ਹੈ ਜਿਹਨਾਂ ਵਿੱਚ:
‎’ਬੁੱਲ੍ਹੇ ਸ਼ਾਹ ਅਦਬੀ ਸੰਗਤ ਐਵਾਰਡ’
‎’ਆਤਿਸ਼ ਅਦਬੀ ਐਵਾਰਡ’
‎’ਚੀਫ਼ ਅਦਬੀ ਐਵਾਰਡ
‎ਨਜ਼ਵਾ ਅਦਬੀ ਐਵਾਰਡ’
‎’ਪਰ੍ਹਿਆ ਬੁੱਲ੍ਹੇ ਸ਼ਾਹ ਐਵਾਰਡ’
‎’ਤੁਫ਼ੈਲ ਮੁਹਤਰਮ ਐਵਾਰਡ’
‎ਅਤੇ ਹੋਰ ਬਹੁਤ ਸਾਰੇ ਦੇਸ਼ ਵਿਦੇਸ਼ ਤੋਂ ਮਿਲੇ ਮਾਣ ਸਨਮਾਨ ਪੱਤਰ ਸ਼ਾਮਿਲ ਹਨ।
ਸਲੀਮ ਆਫ਼ਤਾਬ ਸਲੀਮ ਕਸੂਰੀ ਜਥੇਬੰਦਕ ਤੌਰ ਤੇ ਵੀ ਵੱਡੀਆਂ ਜਿੰਮੇਵਾਰੀਆਂ ਨਿਭਾ ਰਿਹਾ ਹੈ। ਉਹ ਬਹੁਤ ਸਾਰੀਆਂ ਅਦਬੀ ਤਨਜ਼ੀਮਾਂ ਚ ਅਹਿਮ ਅਹੁਦੇਦਾਰ  ਹੈ ਜਿਹਨਾਂ ਵਿੱਚ :
‎ਸਦਰ ‘ਅੰਜੁਮਨ-ਏ-ਸ਼ੇਅਰੋ ਅਦਬ ਕਸੂਰ
‎ਜਨਰਲ ਸੈਕਟਰੀ,ਬੁੱਲ੍ਹੇ ਸ਼ਾਹ ਅਦਬੀ ਸੰਗਤ ਕਸੂਰ
‎ਜਨਰਲ ਸੈਕਟਰੀ ,ਪਰ੍ਹਿਆ ਬੁਲ੍ਹੇ ਸ਼ਾਹ ਕਸੂਰ
‎ਮੈਂਬਰ,ਪਾਕਿਸਤਾਨ ਰਾਈਟਰ ਗਿਲਡ ਪੰਜਾਬ
ਇਸ ਤੋਂ ਇਲਾਵਾ ਉਹ ਲਹਿੰਦੇ ਪੰਜਾਬ ਚ ਛਪਣ ਵਾਲੇ ਅਨੇਕਾਂ ਰਸਾਲਿਆਂ ਦਾ ਸੰਪਾਦਨ ਬੜੀ ਸੁਹਿਰਦਤਾ ਨਾਲ ਬਤੌਰ ਮੁੱਖ ਮੁੱਖ ਸੰਪਾਦਕ ਕਰ ਰਿਹਾ ਹੈ ਜਿਹਨਾਂ ਵਿੱਚ
‎’ਹਰਫ਼ਾਂ ਦੀ ਡਾਰ ਮਹੀਨਾ ਵਾਰ ਪੰਜਾਬੀ ਮੈਗਜ਼ੀਨ ਇੰਡੀਆ’
‎’ ਹਰਫ਼ਾਂ ਦੀ ਨਗਰੀ ਮਹੀਨਾ ਵਾਰ’
‎’ਸ਼ਬਦਾਂ ਦਾ ਸ਼ਹਿਰ ਹਫ਼ਤਾ ਵਾਰ’
‎’ ਤਾਂਘ ਸਾਹਿਤ ਦੀ ਹਫ਼ਤਾ ਵਾਰ’
‎’ ਸ਼ਬਦਾਂ ਦੀ ਨਗਰੀ ਹਫ਼ਤਾ ਵਾਰ’
‎’ ਸ਼ਬਦ ਕਾਫ਼ਲਾ ਹਫ਼ਤਾ ਵਾਰ’
ਇਹਨਾਂ ਰਸਾਲਿਆਂ ਤੋ ਇਲਾਵਾ ਹੋਰ ਮੈਗਜ਼ੀਨਾਂ ਲਈ ਉਹ ਬਤੌਰ ਤਰਜੁਮਾਨ ‘ਗੁਰਮੁਖੀ ਤੋਂ ਸ਼ਾਹਮੁਖੀ ਅਤੇ ਸ਼ਾਹਮੁਖੀ ਤੋਂ ਗੁਰਮੁਖੀ’ ਲਿਪੀਅੰਤਰਨ ਕਰ ਰਿਹਾ ਹੈ।
ਰੋਜੀ ਰੋਟੀ ਦੇ ਵਸੀਲੇ ਵਜੋਂ ਪਹਿਲੋਂ ਪਹਿਲ ਉਸ ਨੇ  ਸਰਕਾਰੀ ਅਧਿਆਪਕ ਵਜੋਂ ਨੌਕਰੀ ਕੀਤੀ । ਤਿੰਨ ਕੁ ਸਾਲ ਦੀ ਸੇਵਾ ਉਪਰੰਤ  ਉਸਦੀ ਨੌਕਰੀ ਸਿੱਖਿਆ ਮਹਿਕਮੇ ਦੀ ਛੁਰੀ ਥੱਲੇ ਆ ਗਈ ਪਰ ਉਸਨੇ ਹੌਸਲਾ ਨਹੀਂ ਛੱਡਿਆ ,ਆਪਣਾ ਟਿਊਸ਼ਨ ਸੈਂਟਰ ਸ਼ੁਰੂ ਕਰ ਲਿਆ ਜੋ ਕਾਫੀ ਦੇਰ ਚਲਦਾ ਰਿਹਾ।ਅੱਜ ਕੱਲ੍ਹ ਉਹ ਜਨਰਲ ਸਟੋਰ ਚਲਾ ਰਿਹਾ।ਉਹ ਜਿਹੜੀ ਵੀ ਹਾਲਤ ਰਿਹਾ, ਈਮਾਨਦਾਰ ਤੇ ਅਡੋਲ ਰਿਹਾ। ਉਸਨੇ ਆਪਣੀ ਕਲਮ ਨੂੰ ਨਿਰੰਤਰ ਚਲਦੀ ਰੱਖਿਆ।ਬੇਸ਼ੱਕ ਉਸ ਦਾ ਵਾਸਤਾ ਜਿੰਦਗੀ ਦੇ ਕੌੜੇ ਕੁਸੈਲੇਪਨ ਨਾਲ ਵੀ ਪਿਆ ਪਰ ਉਸ ਦੀ ਕਲਮ ਕਦੇ ਵੀ ਡਗਮਗਾਈ ਨਹੀਂ ,ਸਗੋਂ ਤਲਖ ਤਜਰਬਿਆਂ ਚੋਂ ਹੋਰ ਵੀ ਨਿੱਗਰ ਤੇ ਤਕੜੀ ਹੋ ਕੇ ਨਿਕਲੀ।ਉਹ ਇਕ ਸਫਲ ਇਨਸਾਨ ਦੇ ਨਾਲ-ਨਾਲ ਉੱਚ ਮਿਆਰੀ ਲੇਖਕ ਵਜੋਂ ਸਥਾਪਿਤ ਹੋਇਆ ਹੈ।
ਪੇਸ਼ ਹਨ ਉਸਦੀ ਕਾਵਿ ਰਚਨਾ ਦੀਆਂ ਕੁੱਝ  ਵੰਨਗੀਆਂ:
‎ਆਇਆ ਆਇਆ ਸਾਲ ਨਵਾਂ ਫ਼ਿਰ ਰਲ਼ ਮਿਲ਼ ਜਸ਼ਨ ਮਨਾਈਏ।
‎ ਢੋਲੇ ਮਾਹੀਏ ਭੰਗੜਾ ਲੁੱਡੀ ਗੀਤ ਖ਼ੁਸ਼ੀ ਦੇ ਗਾਈਏ।
‎ਅਮਨ ਦਾ ਦੀਵਾ ਬਾਲ ਕੇ ਰੱਖੀਏ ਵਿਚ ਦਿਲਾਂ ਦੀ ਖਿੜਕੀ,
‎ਘੁੱਪ ਹਨੇਰਾ ਜਹਾਲਤ ਵਾਲਾ ਘਰ ਘਰ ਚੋਂ ਮੁਕਾਈਏ।
‎ਇਲਮ ਖ਼ਜ਼ਾਨੇ ਵੰਡਦੇ ਜਿੱਥੇ ਉਹੋ ਘਰ ਨੇਂ ਰੱਬ ਦੇ,
‎ ਬਾਗ਼ ਸਕੂਲੇ ਸਿਖਸ਼ਾ ਦੇ ਲਈ ਫੁੱਲ ਕਲੀਆਂ ਨੂੰ ਘੁਲਾਈਏ।
‎ਬੂਟਾ ਲਾਈਏ ਭਾਈਚਾਰੇ ਦਾ ਫ਼ਿਰ ਸਜਾਈਏ ਤ੍ਰਿੰਜਣ,
‎ਦਾਨ ਤੇ ਪੁੰਨ ਦਾ ਪਾਣੀ ਲਾ ਲਾ ਫ਼ਸਲ ਨਵੀਂ ਉਗਾਈਏ।
‎ਕਰਜ਼ ਹੈ ਸਾਡੇ ਉਤੇ ਯਾਰੋ ਮਾਂ ਬੋਲੀ ਦਾ ਡਾਹਢਾ,
‎ਲਹਿੰਦੇ ਚੜ੍ਹਦੇ ਫੁੱਲਾਂ ਦੇ ਨਾਲ਼ ਮਾਂ ਬੋਲੀ ਨੂੰ ਸਜਾਈਏ।
‎ਰੱਬ ਅੱਗੇ ਅਰਦਾਸਾਂ ਕਰੀਏ ਜੋ ਹੈ ਪਾਲਣ ਹਾਰਾ
‎ਇਸੇ ਸੱਚੇ ਰੱਬ ਅੱਗੇ ਮਨ ਮੱਥੇ ਨੂੰ ਝੁਕਾਈਏ।
‎ਘਰ ਘਰ ਚਾਨਣ ਲੈ ਕੇ ਨਿਕਲੇ ਸੂਰਜ ਸਾਲ ਨਵੇਂ ਦਾ,
‎ਇਲਮ ਗਿਆਨ ਖ਼ਜ਼ਾਨੇ ਜੱਗ ਦੇ ਰੱਬ ਸੋਹਣੇ ਤੋਂ ਪਾਈਏ।
‎ਛੱਡ ਕੇ ਝਗੜੇ ਤੇਰੇ ਮੇਰੇ ਸਲੀਮ ਅੱਜ ਬਣੀਏ ਬੰਦੇ,
‎ਵਹਦਤ ਵਾਲੇ ਬੂਟੇ ਨਾਲ਼ ਜੱਗ ਸਾਰਾ ਰੁਸ਼ਨਾਈਏ।
‎…….
‎ਚੰਨ ਸੂਰਜ ਅਸਮਾਨੀ ਤਾਰੇ।
‎ਦੀਦ ਤਿਰੀ ਦੇ ਭੁੱਖੇ ਸਾਰੇ।
‎ਮੈਂ ਵੀ ਭੁੱਖਾ ਆਸ਼ਿਕ ਝੱਲਾ,
‎ਕਮਲੇ ਆਸ਼ਿਕ ਇਸ਼ਕ ਦੇ ਮਾਰੇ।
‎ ਸ਼ੀਸ਼ਾ ਸਾਥੋਂ ਚੰਗਾ ਸੱਜਣਾ,
‎ਹਰਦਮ ਕਰਦਾ ਹੁਸਨ ਨਜ਼ਾਰੇ।
‎ਫੱਟ ਇਸ਼ਕੇ ਦੇ ਵਧਦੇ ਜਾਵਣ,
‎ਲਾ ਜਾ ਮਰਹਮ ਇਸ਼ਕ ਚੁਬਾਰੇ।
‎ਸੱਪਾਂ ਵਾਂਗਰ ਡੰਗਦੀਆਂ ਰਾਤਾਂ,
‎ਹਿਜਰ ਸਲੀਮ ਇਹ ਰੋ ਰੋ ਗੁਜ਼ਾਰੇ।
‎…….
‎ਲੁੱਡੀ ਭੰਗੜੇ ਪਾਣ ਪੰਜਾਬੀ।
‎ਗੀਤ ਖ਼ੁਸ਼ੀ ਦੇ ਗਾਣ ਪੰਜਾਬੀ।
‎ਮਾਵਾਂ ਜੱਟੀਆਂ ਦੇ ਦੁੱਧ ਪੀ ਕੇ,
‎ਪਲਦੇ ਸ਼ੇਰ ਜਵਾਨ ਪੰਜਾਬੀ।
‎ਸਾਗ ਸਰੋਂ ਦਾ ਲੱਸੀ ਮੱਖਣ,
‎ਰੋਟੀ ਮਕਈ ਦੀ ਖਾਣ ਪੰਜਾਬੀ।
‎ਲੈਂਦੇ ਚੜ੍ਹਦੇ ਦੋਵੇਂ ਪਾਸੇ,
‎ਲਗਦੇ ਨੇਂ ਇਕ ਜਾਨ ਪੰਜਾਬੀ।
‎ਰੱਬ ਦੀ ਸਹੁੰ ਚਾਅ ਚੜ੍ਹ ਜਾਂਦਾ,
‎ਆਉਣ ਜੇ ਮਹਿਮਾਨ ਪੰਜਾਬੀ।
‎ਤੱਕਿਆ ਸਲੀਮ ਜੱਗ ਮੈਂ ਸਾਰਾ,
‎ਮਿੱਠੜੀ ਕਸਮੇ ਜ਼ਬਾਨ ਪੰਜਾਬੀ।
‎…….
‎ਜ਼ਰਾ ਨਹੀਂ ਰੱਬਾ ਸੰਗਦੇ ਲੋਕੀ।
‎ਸੱਪਾਂ ਵਾਂਗਰ ਡੰਗਦੇ ਲੋਕੀ।
‎ਹੂ ਦਾ ਵਿਰਦ ਚਿਤਾਰਨ ਨਾਹੀਂ,
‎ਬੁੱਤਾਂ ਕੋਲੋਂ ਮੰਗਦੇ ਲੋਕੀ।
‎ਮਹਿਲਾਂ ਦੇ ਵਿਚ ਬੈਠਣ ਵਾਲੇ,
‎ਵੇਰਵਾ ਕਰਦੇ ਜੰਗ ਦੇ ਲੋਕੀ।
‎ਨੱਚੇ ਜੇ ਕੋਈ ਬੁੱਲ੍ਹਾ ਆਸ਼ਿਕ,
‎ਵੱਟੇ ਮਾਰਨ ਲੰਘਦੇ ਲੋਕੀ।
‎ਤੂੰ ਨਾ ਮਸੀਹਾ ਬਣੀ ਸਲੀਮ,
‎ਸੂਲ਼ੀ ਉੱਤੇ ਟੰਗਦੇ ਲੋਕੀ।
‎……
‎ਥਾਂ ਥਾਂ ਇਹੋ ਸ਼ੋਰ ਏ ਬਾਬਾ।
‎ਕੁੜੀਆਂ ਦਾ ਹੁਣ ਜ਼ੋਰ ਏ ਬਾਬਾ।
‎ਮਿਹਨਤ ਕਰਦਾ ਮਜ਼ਦੂਰ ਨਿਮਾਣਾ,
‎ਚੋਰੀ ਖਾਂਦਾ ਹੋਰ ਏ ਬਾਬਾ।
‎ਸੱਚੇ ਲਾਏ ਖੁੱਡੇ ਲਾਈਨ,
‎ਝੂਠਿਆਂ ਦਾ ਹੁਣ ਦੌਰ ਏ ਬਾਬਾ।
‎ਮੋਰ ਨਚਾਂਦੇ ਪਏ ਨੇ ਲੁਧਰ,
‎ਕਾਵਾਂ ਹੱਥੀਂ ਡੋਰ ਏ ਬਾਬਾ।
‎ਚੁੱਪ ਕਰ ਤੇਰੀ ਪੈਨਸ਼ਨ ਦਾ ਅੱਜ,
‎ਕੇਸ ਵੀ ਕਾਬਲ-ਏ-ਗ਼ੌਰ ਏ ਬਾਬਾ।
‎ਮੱਕੇ ਜਾ ਕੇ ਤੂੰ ਕੀ ਲੈਣਾ,
‎ਦਿਲ ਵਿਚ ਜੇ ਕਰ ਚੋਰ ਏ ਬਾਬਾ।
‎ਤੇਰੇ ਸਲੀਮ ਇਹ ਸ਼ਿਅਰ ਕੀ ਸੁਣਨੇ,
‎ਬੰਦਾ ਤੂੰ ਵੀ ਬੋਰ ਏ ਬਾਬਾ।
‎ ਸ਼ਾਲਾ !ਸਲੀਮ ਆਫ਼ਤਾਬ ਸਲੀਮ ਕਸੂਰੀ ਇੰਜ ਹੀ ਆਪਣੀ ਕਲਮ ਨਾਲ ਅਦਬੀ ਜਗਤ ਨੂੰ ਹੋਰ ਅਮੀਰ ਬਣਾਉਂਦਾ ਰਹੇ।  ਮਨੁੱਖੀ ਕਦਰਾਂ ਕੀਮਤਾਂ ਪ੍ਰਤੀ ਸਮਾਜ ਨੂੰ ਜਾਗਰੂਕ ਕਰਦਿਆਂ  ਸਮਾਜਿਕ ਵਿਸੰਗਤੀਆਂ ਤੇ ਉਂਗਲ ਰੱਖ ਕੇ ,ਮਨੁੱਖੀ ਭਾਈਚਾਰੇ ਅਤੇ  ਨਰੋਏ ਸਮਾਜ ਦੀ ਸਿਰਜਣਾ ਲਈ ਆਪਣੀਆਂ ਲਿਖਤਾਂ ਰਾਹੀਂ ਬਣਦਾ ਯੋਗਦਾਨ ਪਾਉਂਦਾ ਰਹੇ।
ਆਮੀਨ!
ਅਮਰਜੀਤ ਸਿੰਘ ਜੀਤ 
9417287122
Previous articleਚਾਇਨਾ ਡੋਰ, ਮੌਤ ਦਾ ਫਰਿਸ਼ਤਾ।
Next articleਸ਼ੁੱਕਰ ਰੱਬਾ ਸਾਂਝਾ ਚੁੱਲ੍ਹਾ ਬਲਿਆ