ਮਾਨਸਿਕ ਤਣਾਓ ਬਣ ਰਿਹਾ ਖ਼ੁਦਕੁਸ਼ੀ ਦਾ ਕਾਰਨ

ਸੁਰਿੰਦਰ ਕੌਰ

(ਸਮਾਜ ਵੀਕਲੀ)

.ਅੱਜ ਕੱਲ੍ਹ ਦੀ ਭੱਜ ਦੌੜ ਭਰੀ ਜ਼ਿੰਦਗੀ ਵਿਚ ਇਕ ਦੂਜੇ ਨਾਲ ਗੱਲ ਕਰਨ ਦਾ ਕਿਸੇ ਕੋਲ ਸਮਾਂ ਹੀ ਨਹੀਂ ਹੈ । ਸਭ ਨੂੰ ਆਪੋ ਆਪਣੇ ਕੰਮਾਂ ਦੀ ਜਲਦੀ ਹੈ ,ਹਰ ਵਿਅਕਤੀ ਪਰੇਸ਼ਾਨ ਹੈ ,ਪੁਰਾਣੇ ਸਮੇਂ ਵਿੱਚ ਸਾਡੇ ਕੋਲ ਸਮਾਂ ਸੀ ਜ਼ਿਆਦਾ ਧਨ ਨਹੀਂ ਸੀ ਫਿਰ ਵੀ ਅਸੀਂ ਬਹੁਤ ਅਮੀਰ ਸੀ ਅਸੀਂ ਇੱਕ ਦੂਜੇ ਦੇ ਦੁੱਖ ਸੁੱਖ ਦੇ ਸਾਂਝੀ ਸੀ। ਵੱਡੇ ਤੋਂ ਵੱਡਾ ਮਸਲਾ ਵੀ ਮਿਲ ਬੈਠ ਕੇ ਗੱਲਬਾਤ ਰਾਹੀਂ ਹੱਲ ਕਰ ਲਿਆ ਜਾਂਦਾ ਸੀ ਉਦੋਂ ਕੋਈ ਖ਼ੁਦਕੁਸ਼ੀ ਨਹੀਂ ਕਰਦਾ ਸੀ।ਸਮੇਂ ਦੇ ਨਾਲ ਨਾਲ ਜਿਵੇਂ ਅਸੀਂ ਤਰੱਕੀ ਕੀਤੀ ਸਾਡੇ ਰੁਝੇਵੇਂ ਵਧਦੇ ਗਏ ਅਸੀਂ ਧਨ ਵਾਧੂ ਕਮਾ ਲਿਆ ਪ੍ਰੰਤੂ ਸਮੇਂ ਦੀ ਘਾਟ ਹੋ ਗਈ।ਸਾਨੂੰ ਸਹੂਲਤਾਂ ਵੱਧ ਮਿਲ ਗਈਆਂ ਹਨ ਪਰ ਕਿਤੇ ਨਾ ਕਿਤੇ ਅਸੀਂ ਇਨ੍ਹਾਂ ਸਹੂਲਤਾਂ ਕਾਰਨ ਇੱਕ ਦੂਜੇ ਤੋਂ ਦੂਰ ਹੋ ਗਏ ਹਾਂ ।

ਵੇਖਣ ਵਿੱਚ ਆਇਆ ਹੈ ਜਦੋਂ ਪੂਰਾ ਪਰਿਵਾਰ ਇਕੱਠਾ ਬੈਠਦਾ ਹੈ ਤਾਂ ਵੀ ਸਾਰੇ ਆਪਣੇ ਆਪਣੇ ਫੋਨ ਤੇ ਲੱਗੇ ਰਹਿੰਦੇ ਹਨ ਇੱਕ ਦੂਜੇ ਨਾਲ ਕੋਈ ਗੱਲਬਾਤ ਨਹੀਂ ਕਰਦੇ। ਇਸ ਤਰ੍ਹਾਂ ਮੋਬਾਈਲ ਫੋਨ ਨੇ ਜਿੱਥੇ ਸਾਡੇ ਦੇਸ਼ ਵਿਦੇਸ਼ ਬੇਠੈ ਭੈਣ ਭਰਾਵਾਂ ਨੂੰ ਸਾਡੇ ਨੇੜੇ ਕਰ ਦਿੱਤਾ ਹੈ ਤਾਂ ਨੇੜੇ ਬੈਠਿਆਂ ਨੂੰ ਦੂਰ ਵੀ ਕਰ ਦਿੱਤਾ ਹੈ । ਹਰ ਕੋਈ ਅਾਪਣੇ ਆਪ ਨੂੰ ਇਕੱਲਾ ਮਹਿਸੂਸ ਕਰਦਾ ਹੈ ਅਤੇ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਜਾਂਦਾ ਹੈ।

ਅਸਲ ਵਿੱਚ ਸਾਡੇ ਵਿੱਚ ਸਹਿਣਸ਼ੀਲਤਾ ਦੀ ਘਾਟ ਹੋ ਗਈ ਹੈ। ਅਸੀਂ ਥੋੜ੍ਹੀ ਜਿਹੀ ਪਰੇਸ਼ਾਨੀ ਵਿਚ ਹੀ ਹੌਂਸਲਾ ਛੱਡ ਦਿੰਦੇ ਹਾਂ ਅਤੇ ਸੋਚਦੇ ਹਾਂ ਕਿ ਹੁਣ ਇਸ ਦਾ ਕੋਈ ਹੱਲ ਨਹੀਂ ਅਤੇ ਮਰ ਜਾਣ ਨੂੰ ਹੀ ਬਿਹਤਰ ਸਮਝਦੇ ਹਾਂ ।ਕੋਈ ਵੀ ਮਸਲਾ ਇੰਨਾ ਵੱਡਾ ਨਹੀਂ ਹੁੰਦਾ ਜਿਸ ਦਾ ਹੱਲ ਨਾ ਹੋ ਸਕੇ ।ਜਦੋਂ ਤਕ ਜ਼ਿੰਦਗੀ ਹੈ ਦੁੱਖ ਸੁੱਖ ਨਾਲ -ਨਾਲ ਚੱਲਦੇ ਰਹਿੰਦੇ ਹਨ ਸਾਨੂੰ ਹੌਸਲਾ ਨਹੀਂ ਛੱਡਣਾ ਚਾਹੀਦਾ। ਜੇਕਰ ਸਾਡੀ ਆਮਦਨ ਘੱਟ ਹੈ ਤਾਂ ਉਸ ਵਿੱਚ ਹੀ ਗੁਜ਼ਾਰਾ ਕਰਨਾ ਸਿੱਖੋ, ਸਿਆਣਿਆ ਨੇ ਕਿਹਾ ਹੈ, ”ਚਾਦਰ ਵੇਖ ਕੇ ਪੈਰ ਪਸਾਰੋ”।ਆਮਦਨ ਤੋਂ ਵੱਧ ਖਰਚ ਨਾ ਕਰੋ ,ਆਪਣੀਆਂ ਜ਼ਰੂਰਤਾਂ ਸੀਮਤ ਰੱਖੋ । ਫੋਕੀ ਟੌਹਰ ਲਈ ਕਰਜ਼ਾ ਸਿਰ ਨਾ ਚੜ੍ਹਾਓ ਤਾਂ ਜੋ ਕਰਜ਼ਾ ਖੁਦਕੁਸ਼ੀ ਦਾ ਕਾਰਨ ਨਾ ਬਣ ਸਕੇ ।

ਜੇਕਰ ਸਾਨੂੰ ਕੋਈ ਪਰਿਵਾਰਕ ਪ੍ਰੇਸ਼ਾਨੀ ਹੈ, ਪਤੀ ਪਤਨੀ ਵਿਚ ਅਣਬਣ ਹੈ ਜਾਂ ਕੋਈ ਹੋਰ ਤਾਂ ਸਾਨੂੰ ਗੱਲਬਾਤ ਰਾਹੀਂ ਹੱਲ ਕਰ ਲੈਣੀ ਚਾਹੀਦੀ ਹੈ ।ਪਰੇਸ਼ਾਨੀ ਦਾ ਕਾਰਨ ਕੇਵਲ ਗ਼ਰੀਬੀ ਹੀ ਨਹੀਂ ਜਿਨ੍ਹਾਂ ਲੋਕਾਂ ਦੀ ਆਰਥਿਕ ਸਥਿਤੀ ਬਹੁਤ ਚੰਗੀ ਹੈ ਵਧੀਆ ਨੌਕਰੀ ਹੈ ਉਹ ਵੀ ਖੁਦਕੁਸ਼ੀਆਂ ਕਰ ਰਹੇ ਹਨ ਘਾਟ ਹੈ ਤਾਂ ਸਿਰਫ਼ ਸਮੇਂ ਦੀ, ਪਤੀ ਪਤਨੀ ਇੱਕ ਦੂਜੇ ਤੋਂ ਪਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਰਹੇ ਹਨ ਜੋ ਕਿ ਕਿਸੇ ਮਸਲੇ ਦਾ ਹੱਲ ਨਹੀਂ ਹੈ ।ਆਪਣੇ ਪਰਿਵਾਰ ਲਈ ਸਮਾਂ ਕੱਢਣਾ ਜ਼ਰੂਰੀ ਹੈ ਜੇਕਰ ਅਸੀਂ ਦਿਨ ਭਰ ਆਪਣੇ ਕੰਮਾਂ ਵਿੱਚ ਰੁੱਝੇ ਹਾਂ ਤਾਂ ਸ਼ਾਮ ਨੂੰ ਆਪਣੇ ਕੰਮ ਕਾਰ ਨਿਪਟਾ ਕੇ ਘੁੰਮਣ ਜਰੂਰ ਜਾਓ ਆਪਸ ਵਿੱਚ ਗੱਲਬਾਤ ਕਰੋ ਜੋ ਵੀ ਇੱਕ ਦੂਜੇ ਪ੍ਰਤੀ ਸ਼ਿਕਾਇਤ ਹੈ ਦੱਸੋ ਇੱਕ ਦੂਜੇ ਨੂੰ ਸਮਝੋ ਕੋਈ ਵੀ ਕੋਈ ਗੱਲ ਜ਼ਿਆਦਾ ਵੱਡੀ ਨਹੀਂ ਹੁੰਦੀ ।ਇਸ ਤਰ੍ਹਾਂ ਕਰਨ ਨਾਲ ਮਨ ਹਲਕਾ ਹੋ ਜਾਵੇਗਾ ਅਤੇ ਅਸੀਂ ਚਿੰਤਾਮੁਕਤ ਹੋ ਜਾਵਾਂਗੇ । ਜ਼ਿੰਦਗੀ ਬਹੁਤ ਖ਼ੂਬਸੂਰਤ ਹੈ ਇਸ ਨੂੰ ਮਾਣੋ ਵਿਅਰਥ ਨਾ ਗਵਾਓ ।

ਸੁਰਿੰਦਰ ਕੌਰ ਨਗਾਰੀ
6283188928

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੁਫ਼ਤ ਦੇ ਰਾਸ਼ਨ ਦਾ ਮੁੱਲ
Next articleਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਕੈਬਨਿਟ ਮੰਤਰੀ ਬਣਾਕੇ ਹਲਕਾ ਵਾਸੀਆਂ ਦੀ ਮੰਗ ਪੂਰੀ ਕੀਤੀ ਜਾਵੇ-ਰਾਜਦਵਿੰਦਰ ਸਿੰਘ, ਦੇਸ ਰਾਜ