
(ਸਮਾਜ ਵੀਕਲੀ) ਮੇਰੇ ਮਨ ਵਿੱਚ ਅਧਿਆਪਕਾਂ ਦਾ ਬਹੁਤ ਸਤਿਕਾਰ ਹੈ। ਮੈਨੂੰ ਹਮੇਸ਼ਾ ਪ੍ਰਤੀਬੱਧ ਅਧਿਆਪਕਾਂ ਨੇ ਪੜ੍ਹਨ ਤੇ ਲਿਖਣ ਲਈ ਪ੍ਰੇਰਿਆ। ਪ੍ਰਾਇਮਰੀ ਸਕੂਲ ਦੇ ਅਧਿਆਪਕਾਂ ਵਿੱਚੋਂ ਮਾਸਟਰ ਪੰਡਿਤ ਕਿਸ਼ੋਰੀ ਲਾਲ ਜੀ, ਮਾਸਟਰ ਅਜਾਇਬ ਸਿੰਘ ਮਾਂਗਟ, ਮਾਸਟਰ ਗੁਰਦਿਆਲ ਸਿੰਘ ਲਿੱਟ ਮੈਨੂੰ ਪੜ੍ਹਾਉਂਦੇ ਰਹੇ। ਇਹ ਜਿੰਨਾਂ ਵਧੀਆ ਪੜ੍ਹਾਉਂਦੇ ਸਨ, ਓਨਾ ਹੀ ਇਹ ਘੂਰਦੇ ਸਨ। ਪੰਡਿਤ ਮਾਸਟਰ ਕਿਸ਼ੋਰੀ ਲਾਲ ਜੀ ਸਕੂਲ ਦੇ ਮੁੱਖ ਅਧਿਆਪਕ ਸਨ। ਉਹ ਦਫ਼ਤਰੀ ਕੰਮ ਵੀ ਕਰਦੇ ਰਹਿੰਦੇ ਤੇ ਨਾਲ ਦੀ ਨਾਲ ਉਹ ਕਾਪੀਆਂ ਵੀ ਦੇਖਦੇ ਰਹਿੰਦੇ। ਉਹ ਐਨਕਾਂ ਦੇ ਉਪਰ ਦੀ ਸਾਰੀ ਜਮਾਤ ਉੱਤੇ ਨਿਗਾਹ ਰੱਖ ਦੇ ਸਨ। ਉਹ ਸੂਰਜ ਦਿਆ ਹੱਡਾ, ਪੜ੍ਹ ਲਵੋ ਨਹੀਂ ਇਥੇ ਧੱਕੇ ਖਾਂਦੇ ਫਿਰੋਗੇ, ਕੁੱਤਿਆਂ ਵਾਂਗ । ਇਹ ਉਹਨਾਂ ਦਾ ਤਕੀਆ ਕਲਾਮ ਹੁੰਦਾ ਸੀ। ਉਹ ਕੁਰਸੀ ਦੀ ਬਾਂਹ ਉਤੇ ਦੀ ਲੱਤਾਂ ਕਰਕੇ ਬੈਠੇ ਹੁੰਦੇ ਸਨ। ਉਹਨਾਂ ਦੀ ਇੱਕ ਹੋਰ ਆਦਤ ਸੀ, ਉਹ ਥੋੜ੍ਹੀ ਦੇਰ ਬਾਅਦ ਮੱਥੇ ਵੱਲ ਨੂੰ ਹੱਥ ਕਰਕੇ ਸਿਰ ਝੁਕਾਉਂਦੇ ਸਨ। ਜਿਵੇਂ ਉਹ ਮਨ ਹੀ ਮਨ ਮਾਫ਼ੀ ਮੰਗਦੇ ਹੋਣ। ਉਹ ਜਦੋਂ ਸਵੇਰੇ ਸਕੂਲ ਆਉਂਦੇ ਤਾਂ ਰਸਤੇ ਵਿੱਚ ਹੀ ਉਹਨਾਂ ਦਾ ਸਾਈਕਲ ਫੜਨ ਦੀ ਸਾਡੇ ਵਿੱਚ ਦੌੜ ਲੱਗ ਜਾਂਦੀ। ਉਹਨਾਂ ਨੇ ਸਾਈਕਲ ਫੜਾਉਂਦਿਆਂ ਮਿੱਠੀਆਂ ਝਿੜਕਾਂ ਵੀ ਮਾਰਨੀਆਂ ਤੇ ਨਾਲੇ ਹੱਸਣਾ। ਮਾਸਟਰ ਗੁਰਦਿਆਲ ਸਿੰਘ ਸਵੇਰ ਦੀ ਸਭਾ ਕਰਵਾਇਆ ਕਰਦੇ ਸਨ। ਸਾਰੇ ਵਿਦਿਆਰਥੀ ਪੰਜ ਲਾਈਨਾਂ ਵਿੱਚ ਖੜੇ ਹੋ ਜਾਂਦੇ। ਸਾਵਧਾਨ, ਵਿਸ਼ਰਾਮ ਆਖ਼ਦੇ। ਫੇਰ ਰਾਸ਼ਟਰੀ ਗੀਤ ਗਾਇਆ ਜਾਂਦਾ। ਫੇਰ ਉਹਨਾਂ ਨੇ ਨੈਤਿਕ ਕਦਰਾਂ ਕੀਮਤਾਂ ਦੀਆਂ ਗੱਲਾਂ ਕਰਨੀਆਂ। ਇਹ ਉਹਨਾਂ ਦਾ ਹਰ ਦਿਨ ਦਾ ਪਾਠ ਹੁੰਦਾ ਸੀ। ਉਹ ਪਿਆਰ ਨਾਲ ਹਰ ਇੱਕ ਨੂੰ ਕਹਿੰਦੇ ਬੱਚੂ ਪੜ੍ਹ ਲਵੋ, ਕੰਮ ਆਵੇਗਾ। ਇਹ ਬੱਚੂ ਸ਼ਬਦ ਉਹਨਾਂ ਦਾ ਤਕੀਆ ਕਲਾਮ ਹੁੰਦਾ ਸੀ। ਉਹ ਜਦੋਂ ਝਿੜਕ ਮਾਰਦੇ ਤਾਂ ਸਾਰੀ ਜਮਾਤ ਸੁਸਰੀ ਵਾਂਗ ਸੌਂ ਜਾਂਦੀ। ਉਹ ਦੁਪਹਿਰੇ ਕਾਨਿਆਂ ਦੀਆਂ ਕਲਮਾਂ ਘੜਦੇ ਰਹਿੰਦੇ ਸਨ। ਨਹਿਰ ਕਿਨਾਰੇ ਪਿੰਡ ਹੋਣ ਕਰਕੇ ਅਸੀਂ ਕਾਹੀਂ ਦੀਆਂ ਕਲਮਾਂ ਵੱਢ ਕੇ ਲਿਆਉਂਦੇ। ਉਹਨਾਂ ਕੋਲ ਬਹੁਤ ਤਿੱਖਾ ਖੂਬਸੂਰਤ ਚਾਕੂ ਹੁੰਦਾ ਸੀ। ਉਹਨਾਂ ਨੇ ਬਹੁਤ ਰੀਝ ਨਾਲ ਕਲਮਾਂ ਘੜਨੀਆਂ। ਫੱਟੀਆਂ ਚੈੱਕ ਕਰਨੀਆਂ। ਉਹਨਾਂ ਨੇ ਫੱਟੀ ਉਪਰ ਲਾਈਨਾਂ ਬਣਾਉਣ ਲਈ ਮੇਖ਼ ਨਾਲ ਨਿਸ਼ਾਨੀਆਂ ਲਗਾ ਦੇਣੀਆਂ। ਤਾਂ ਕਿ ਲਾਈਨ ਵਿੱਚ ਅੱਖਰ ਸਹੀ ਲਿਖੇ ਜਾਣ। ਉਹਨਾਂ ਨੇ ਗ਼ਲਤ ਲਿਖੇ ਅੱਖਰ ਦੁਬਾਰਾ ਦੁਬਾਰਾ ਲਿਖ ਕੇ, ਅਭਿਆਸ ਕਰਵਾਉਣਾ। ਅੱਧੀ ਛੁੱਟੀ ਤੋਂ ਬਾਅਦ ਇੱਕ ਤੋਂ ਸੌ ਤੱਕ ਗਿਣਤੀ, ਪਹਾੜੇ ਬੋਲਿਆ ਕਰਦੇ ਸੀ। ਉਸ ਵੇਲੇ ਸਭ ਨੇ ਉਚੀ ਉਚੀ ਆਵਾਜ਼ ਵਿੱਚ ਬੋਲਣਾ। ਬਾਹਰ ਤੱਕ ਆਵਾਜ਼ ਆਉਂਦੀ ਸੀ। ਮਾਸਟਰ ਅਜਾਇਬ ਸਿੰਘ ਮਾਂਗਟ ਬਹੁਤ ਸਖ਼ਤ ਸੁਭਾਅ ਦੇ ਸਨ, ਉਹ ਪੜ੍ਹਾਈ ਵੀ ਕਰਵਾਉਂਦੇ ਤੇ ਕੁੱਟਦੇ ਵੀ ਰੀਝ ਨਾਲ। ਤੀਜੀ, ਚੌਥੀ ਤੇ ਪੰਜਵੀਂ ਜਮਾਤ ਦਾ ਖਾਸ ਧਿਆਨ ਰੱਖਿਆ ਜਾਂਦਾ ਸੀ। ਪੰਜਵੀਂ ਜਮਾਤ ਬੋਰਡ ਦੀ ਹੁੰਦੀ ਸੀ, ਇਸ ਕਰਕੇ ਇਸ ਜਮਾਤ ਨੂੰ ਕੋਈ ਵੀ ਛੁੱਟੀ ਨਹੀਂ ਹੁੰਦੀ ਸੀ। ਜਿਸ ਅਧਿਆਪਕ ਕੋਲ ਇਹ ਜਮਾਤ ਹੁੰਦੀ, ਉਹ ਛੁੱਟੀ ਵਾਲੇ ਦਿਨ ਵੀ ਸਕੂਲ ਆਉਂਦੇ ਸਨ। ਪੰਜਵੀਂ ਤੇ ਚੌਥੀ ਜਮਾਤ ਨੂੰ ਸਕੂਲ ਆਉਂਦੀ ਸੀ। ਪੜ੍ਹਾਈ ਐਨੀ ਕਾਰਵਾਈ ਜਾਂਦੀ ਸੀ, ਕਿ ਦੋ ਤਿੰਨ ਪਿੰਡਾਂ ਦੇ ਬੱਚੇ ਵੀ ਸਾਡੇ ਸਕੂਲ ਵਿੱਚ ਪੜ੍ਹਨ ਆਉਂਦੇ ਸਨ। ਉਹਨਾਂ ਦੀਆਂ ਕਹੀਆਂ ਗੱਲਾਂ ਤੇ ਸੁਣਾਈਆਂ ਕਹਾਣੀਆਂ ਹੁਣ ਤੱਕ ਯਾਦ ਆਉਂਦੀਆਂ ਹਨ। ਇਸੇ ਤਰ੍ਹਾਂ ਅਗਲੀਆਂ ਜਮਾਤਾਂ ਵਿੱਚ ਚੰਗੇ ਅਧਿਆਪਕ ਮਿਲੇ। ਜਦੋਂ ਇਕੱਤੀ ਮਾਰਚ ਨੂੰ ਮਾਸਟਰ ਪੰਡਿਤ ਕਿਸ਼ੋਰੀ ਲਾਲ ਜੀ ਨੇ ਨਤੀਜਾ ਸੁਣਾਉਣਾ ਤਾਂ ਸਾਡੇ ਦਿਲ ਦੀ ਧੜਕਣ ਵਧ ਜਾਣੀਂ। ਉਹਨਾਂ ਇਹ ਗਏ ਇਕੱਲੀ ਇਕੱਲੀ ਜਮਾਤ ਦਾ ਨਤੀਜਾ ਬੋਲਣ ਤੋਂ ਪਹਿਲਾਂ ਪੜ੍ਹਾਈ ਦੀ ਮਹੱਤਤਾ ਬਾਰੇ ਵਿਚਾਰ ਪੇਸ਼ ਕਰਨੇ। ਉਹਨਾਂ ਨੇ ਉਦਾਹਰਣਾਂ ਦੇ ਕੇ ਦੱਸਣਾ। ਕਿਵੇਂ ਮੰਜ਼ਿਲ ਉੱਤੇ ਪੁੱਜਣ ਲਈ ਸਖ਼ਤ ਮਿਹਨਤ, ਅਭਿਆਸ ਕਰਨਾ ਪੈਦਾ ਹੈ। ਉਹ ਸਾਰਾ ਸਾਲ ਸਖ਼ਤ ਮਿਹਨਤ ਕਰਵਾਉਂਦੇ। ਉਹ ਕਿਸਾਨ ਦੀ ਉਦਾਹਰਣ ਦੇ ਕੇ ਦੱਸਣਾ ਕਿ ਉਹ ਪਹਿਲਾਂ ਧਰਤੀ ਤੇ ਹਲ਼ ਵਾਹੁਣ ਦਾ ਕੰਮ ਕਰਦਾ। ਫ਼ਸਲ ਬੀਜ ਦਾ ਸਮੇਂ ਸਿਰ ਪਾਣੀ ਦਿੰਦਾ ਹੈ, ਉਹ ਖੇਤਾਂ ਵਿੱਚ ਹਰ ਦਿਨ ਗੇੜਾ ਮਾਰਨ ਜਾਂਦਾ ਹੈ। ਫੇਰ ਉਹ ਪੱਕੀ ਫ਼ਸਲ ਨੂੰ ਵੱਢਦਾ ਹੈ। ਦੇ ਉਹ ਮਿਹਨਤ ਨਾਲ ਕਰੇ, ਵਾਹੀ ਨਾ ਕਰੇ, ਸਮੇਂ ਸਿਰ ਪਾਣੀ ਨਾ ਦੇਵੇ, ਖਾਦ ਨਾ ਪਾਵੇ ਤਾਂ ਦੱਸੋ ਫ਼ਸਲ ਹੋਵੇਗੀ? ਇਸੇ ਤਰ੍ਹਾਂ ਜਿਹੜੇ ਵਿਦਿਆਰਥੀ ਪੜ੍ਹਾਈ ਕਰਨ ਲਈ ਮਿਹਨਤ ਕਰਦੇ ਹਨ, ਸਕੂਲ ਦਾ ਕੰਮ ਰੋਜ਼ ਕਰਦੇ ਹਨ। ਅਭਿਆਸ ਕਰਦੇ ਹਨ, ਉਹਨਾਂ ਦੇ ਵਧੀਆ ਨਤੀਜੇ ਆਉਂਦੇ ਹਨ। ਜਿਹੜੇ ਸਕੂਲ ਗੇੜਾ ਮਾਰਨ ਆਉਂਦੇ ਹਨ ਹਨ, ਪੜ੍ਹਦੇ ਨਹੀਂ, ਉਹ ਜੀਵਨ ਵਿੱਚ ਵੀ ਫੇਲ੍ਹ ਹੁੰਦੇ ਹਨ। ਜਿਵੇਂ ਅੱਜ ਫੇਲ੍ਹ ਹੋਏ ਹਨ। ਫੇਰ ਉਹਨਾਂ ਨੇ ਹਰ ਜਮਾਤ ਦੇ ਪਹਿਲੇ, ਦੂਜੇ ਤੇ ਤੀਜੇ ਸਥਾਨ ਉੱਤੇ ਆਉਣ ਵਾਲੇ ਵਿਦਿਆਰਥੀਆਂ ਦੇ ਨਾਂ ਬੋਲ ਕੇ ਸ਼ਾਬਸ਼ੇ ਦੇਣੀ। ਜਿਹੜੇ ਫੇਲ੍ਹ ਹੋ ਜਾਣੇ, ਉਹਨਾਂ ਦੀਆਂ ਗਲਤੀਆਂ ਦੱਸਣੀਆਂ ਤੇ ਅੱਗੇ ਤੋਂ ਹੋਰ ਮਿਹਨਤ ਨਾਲ ਪੜ੍ਹਨ ਲਈ ਕਹਿਣਾ। ਉਹਨਾਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਬਾਤਾਂ, ਕੁੱਟ ਅੱਜ ਵੀ ਜਦੋਂ ਯਾਦ ਕਰਦਾ ਹਾਂ ਤਾਂ ਮਨ ਉਦਾਸ ਹੋ ਜਾਂਦਾ ਹੈ। ਉਹ ਅਕਸਰ ਕਿਹਾ ਕਰਦੇ ਸਨ ਕਿ ਮਿਹਨਤ ਦਾ ਫ਼ਲ ਹੁੰਦਾ ਹੈ। ਤੁਹਾਡੀ ਹਰ ਵਸਤੂ ਚੋਰੀ ਹੋ ਸਕਦੀ ਹੈ ਪਰ ਪੜ੍ਹਾਈ ਕੋਈ ਚੋਰੀ ਨਹੀਂ ਕਰ ਸਕਦਾ, ਉਹ ਤੁਹਾਡੇ ਹੀ ਕੰਮ ਆਉਣੀ ਹੈ। ਇਸ ਲਈ ਸਖ਼ਤ ਮਿਹਨਤ, ਸਬਰ, ਸੰਤੋਖ, ਨਿਮਰਤਾ, ਇਮਾਨਦਾਰੀ ਤੇ ਤਨਦੇਹੀ ਨਾਲ ਕੀਤੀ ਪੜ੍ਹਾਈ ਦੇ ਨਤੀਜੇ ਅੱਵਲ ਰਹਿੰਦੇ ਹਨ। ਇਹਨਾਂ ਗੱਲਾਂ ਨੇ ਮੈਨੂੰ ਖ਼ੋਜੀ ਪੱਤਰਕਾਰ ਤੇ ਲੇਖਕ ਬਣਾਇਆ ਹੈ। ਮੈਂ ਜਿਸ ਵਿਸ਼ੇ ਬਾਰੇ ਲਿਖਿਆ, ਪਹਿਲਾਂ ਉਸ ਬਾਰੇ ਜਾਣਕਾਰੀ ਹਾਸਲ ਕਰਨ ਲਈ ਸੈਂਕੜੇ ਕਿਤਾਬਾਂ ਪੜ੍ਹਦਾ ਹਾਂ। ਸਿਆਣੇ ਸਮਝਦਾਰ ਲੋਕਾਂ ਨਾਲ ਗੱਲਬਾਤ ਕਰਦਾ ਹਾਂ । ਫੇਰ ਲਿਖ ਕੇ, ਫੇਰ ਪੜ੍ਹਦਾ ਹਾਂ, ਗਲਤੀਆਂ ਠੀਕ ਕਰਦਾ। ਸ਼ਬਦ ਜੋੜ, ਵਿਆਕਰਨ ਠੀਕ ਕਰਕੇ ਫੇਰ ਉਹ ਛਾਪਣ ਲਈ ਭੇਜਦਾ ਹਾਂ। ਫੇਰ ਉਸ ਉਪਰ ਆਏ ਸੁਝਾਵਾਂ ਨੂੰ ਪੜ੍ਹ ਕੇ ਗਲਤੀਆਂ ਤੇ ਘਾਟਾਂ ਪੂਰੀਆਂ ਕਰਦਾ ਹਾਂ। ਇਹ ਸਭ ਕੁੱਝ ਮੈਨੂੰ ਮੇਰੇ ਅਧਿਆਪਕਾਂ ਨੇ ਸਿਖਾਇਆ ਹੈ। ਆਪਣੇ ਅਧਿਆਪਕ ਸਾਡੇ ਲਈ ਹਮੇਸ਼ਾ ਪ੍ਰੇਰਨਾ ਸਰੋਤ ਹੁੰਦੇ ਹਨ ਤੇ ਰਹਿਣਗੇ। ਸਕੂਲ ਦੀਆਂ ਇਹ ਖੱਟੀਆਂ ਮਿੱਠੀਆਂ ਯਾਦਾਂ ਹਨ। ਜੋ ਮੇਰੇ ਨਾਲ ਨਾਲ ਹਮੇਸ਼ਾ ਤੁਰਦੀਆਂ ਹਨ। ਸਿਜਦਾ ਉਹਨਾਂ ਮਹਾਨ ਅਧਿਆਪਕਾਂ ਨੂੰ ਜਿਹੜੇ ਮੇਰੇ ਜੀਵਨ ਵਿੱਚ ਆਏ।