,,,,,,,ਯਾਦਾਂ ਦੀ ਪਟਾਰੀ,,,,,

ਹਰਪ੍ਰੀਤ ਪੱਤੋ

(ਸਮਾਜ ਵੀਕਲੀ)

“ਜਦੋਂ ਅਸੀਂ ਗਾਉਂਣ ਵਾਲੀ ਸੁਨਣ ਗਏ”
ਅੱਜ ਤੋਂ ਕੋਈ ਪੈਂਤੀ ਚਾਲੀ ਸਾਲ ਪੁਰਾਣੀ ਹੱਡ ਬੀਤੀ ਆਪ ਨਾਲ ਸਾਂਝੀ ਕਰਨ ਲੱਗਿਆ। ਉਹਨਾਂ ਵੇਲਿਆਂ ‘ਚ ਕਿਸੇ ਪਿੰਡ ਵਿੱਚ ਜਦੋਂ ਕੋਈ ਗਾਉਣ ਵਾਲੀ ਨੇ ਲੱਗਣਾ ਹੁੰਦਾ ਤਾਂ ਲੋਕਾਂ ਨੇ ਆਪਣੇ ਕੰਮ ਧੰਦੇ ਪਹਿਲਾਂ ਹੀ ਨਬੇੜ ਲੈਣੇ। ਬਈ ਫਲਾਣੇ ਪਿੰਡ ਔਹ ਗਾਉਣ ਵਾਲੀ ਨੇ ਲੱਗਣਾ। ਬੜਾ ਚਾਅ ਹੁੰਦਾ ਸਾਰਿਆ ਨੂੰ, ਸਾਡੇ ਪਿੰਡਾਂ ਵਿੱਚ ਉੱਦੋਂ ਕੁਲਦੀਪ ਮਾਣਕ, ਦੀਦਾਰ ਸੰਧੂ , ਮੁਹੰਮਦ ਸਦੀਕ ਤੇ ਰਣਜੀਤ ਕੌਰ ਬੜੇ ਮਸ਼ਹੂਰ ਹੁੰਦੇ ਸੀ। ਲੋਕ ਇਹਨਾਂ ਨੂੰ ਬੜਾ ਪਿਆਰ ਕਰਦੇ ਦੂਰੋਂ ਦੂਰੋਂ ਲੋਕ ਅਖਾੜੇ ਸੁਣਨ ਆਉਂਦੇ ਤੇ ਛੋਟੀਆਂ ਛੋਟੀਆਂ ਟੇਪਰਕਾਡਾਂ ਲ਼ੈ ਕੇ ਵਿੱਚ ਅਖਾੜੇ ਨੂੰ ਭਰਦੇ। ਭਾਵ ਰਿਕਾਰਡਿੰਗ ਕਰਦੇ। ਇਹ ਵੀ ਉਹ ਦਿਨਾਂ ਦੀ ਗੱਲ ਹੈ। ਸਾਡੇ ਪਿੰਡ ਪੱਤੋ ਹੀਰਾ ਸਿੰਘ ਤੋਂ ਮੰਡੀ ਨਿਹਾਲ ਸਿੰਘ ਵਾਲਾ ਕੋਈ ਦੋ ਤਿੰਨ ਕਿਲੋਮੀਟਰ ਦੀ ਦੂਰੀ ਤੇ ਹੈ। ਉੱਥੇ ਟਰੱਕ ਯੂਨੀਅਨ ਵਾਲੇ ਹਰੇਕ ਸਾਲ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਸ਼ਾਮ ਨੂੰ ਸਦੀਕ ਦਾ ਜਾਂ ਕਿਸੇ ਹੋਰ ਗਵਾਈਏ ਦਾ ਅਖਾੜਾ ਲਵਾਉਂਦੇ। ਮੈਂ ਤੇ ਮੇਰੇ ਦੋਸਤ ਨੇ ਰਾਇ ਕੀਤੀ ਕਿ ਐਤਕੀਂ ਆਪਾਂ ਨਿਹਾਲੇ ਵਾਲੇ ਗਾਉਣ ਵਾਲੀ ਸੁਨਣ ਚੱਲੀਏ। ਉੱਦੋਂ ਅਸੀਂ ਮਸਾਂ ਛੇਵੀਂ ਸੱਤਵੀਂ ‘ਚ ਪੜਦੇ ਹੋਵਾਂਗੇ।
ਜਦੋਂ ਸਕੂਲੋਂ ਛੁੱਟੀ ਮਿਲੀ ਅਸੀਂ
ਨਾਲ ਝੋਲ਼ੇ ਲ਼ੈ ਕੇ ਨਿਹਾਲੇ ਵਾਲੇ ਗਾਉਣ ਵਾਲੀ ਸੁਨਣ ਚੱਲੇਗੇ।
ਘਰਦਿਆਂ ਨੂੰ ਦੱਸੇ ਬਗੈਰ। ਰਾਹ ਚ’ ਬੇਰੀਆਂ ਦੇ ਰੋੜੇ ਰਾੜੇ ਮਾਰਦੇ
ਅਸੀਂ ਉੱਥੇ ਪਹੁੰਚ ਗਏ। ਸਾਨੂੰ ਗਾਉਣ ਗਾਊਣ ਵਾਲੀ ਬਾਰੇ ਇਹਨਾ ਪਤਾ ਵੀ ਨਹੀਂ ਸੀ। ਬਸ ਤੁਰ ਪਏ, ਅੱਗੇ ਸਦੀਕ ਤੇ ਰਣਜੀਤ ਕੌਰ ਦਾ ਅਖਾੜਾ ਪੂਰਾ ਮਘਿਆ ਹੋਇਆ। ਇੱਕਠ ਬਹੁਤ ਪੈਰ ਰੱਖਣ ਨੂੰ ਜਗ੍ਹਾ ਨਾ ਮਿਲੇ , ਅਸੀਂ ਛੋਟੇ ਸੀ ਸਾਨੂੰ ਕੌਣ ਮੂਹਰੇ ਹੋਣ ਦੇਵੇ। ਅਸੀਂ ਕਦੇ ਕਿਸੇ ਪਾਸੇ ਜਾਈਏ ਕਦੇ ਕਿਸੇ ਪਾਸੇ। ਸਾਨੂੰ ਗਾਉਣ ਵਾਲੀ ਨੀ ਦਿਸੀ। ਅੱਧਾ ਟਾਇਮ ਸਾਡਾ ਆਂਏ ਫਿਰਦਿਆਂ ਦਾ ਲੰਘ ਗਿਆ। ਫਿਰ ਅਸੀਂ ਵੇਖਿਆ ਦੂਰ ਲੋਕ ਸ਼ੈਲਰ ਚ’ ਪਈਆਂ ਬੋਰੀਆਂ ਦੇ ਢੇਰ ਤੇ ਖੜ੍ਹ ਕੇ ਵੇਖ ਰਹੇ ਸਨ। ਅਸੀਂ ਵੀ ਉਧਰ ਨੂੰ ਤੁਰ ਪਏ। ਸਾਥੋਂ ਬੋਰੀਆਂ ਤੇ ਚੜਿਆ ਨਾ ਜਾਵੇ। ਸਾਨੂੰ ਕਿਸੇ ਨੇ ਥੱਲਿਓਂ ਚੁੱਕ ਕੇ ਉਪਰ ਚੜਾਇਆ। ਅਜੇ ਅਸੀਂ ਲੋਟ ਵਾਟ ਹੋ ਕੇ ਖੜ੍ਹੇ ਈ ਸੀ। ਕਿਸੇ ਨੇ ਹੇਠਾਂ ਤੋਂ ਬੋਰੀ ਖਿਸਕਾ ਦਿੱਤੀ। ਸਾਰੇ ਸਣੇ ਬੋਰੀਆਂ ਥੱਲੇ ਡਿੱਗ ਗਏ, ਨਾਲ ਈ ਮੈਂ ਤੇ ਮੇਰਾ ਦੋਸਤ ਪਰ ਸਾਰੇ ਸੱਟੋ ਫੇਟੋ ਬਚ ਗਏ। ਅਸੀਂ ਉੱਥੋਂ ਝੱਗੇ ਝਾੜਦੇ , ਭੱਜ ਕੇ ਫੇਰ ਅਖਾੜੇ ਵਿੱਚ ਆਏ ਤਾਂ ਉਦੋਂ ਨੂੰ ਗਾਉਣ ਵਾਲੀ ਦਾ ਟਾਇਮ ਹੋ ਗਿਆ। ਅਖਾੜਾ ਹਿੱਲ ਗਿਆ। ਸਾਰੇ ਆਪੋ ਆਪਣੇ ਘਰਾਂ ਨੂੰ ਜਾਣ ਦੀ ਕਾਹਲ ਵਿੱਚ ਇੱਕ ਦੂਜੇ ਨਾਲੋਂ ਮੂਹਰੇ ਪਿੰਡਾਂ ਨੂੰ ਚੱਲ ਪਏ। ਹੁਣ ਹਨੇਰਾ ਹੋਣਾ ਸ਼ੁਰੂ ਹੋ ਗਿਆ। ਮੈਂ ਤੇ ਮੇਰਾ ਦੋਸਤ ਉਹਨਾਂ ਰਾਹਾਂ ਵਿੱਚ ਦੀ ਹਨੇਰੇ ਹੋਏ ਘਰੇ ਵੜੇ, ਅੱਗੋਂ ਘਰਦੇ ਸਾਨੂੰ ਭਾਲਦੇ ਲੋਕਾਂ ਤੋਂ ਪੁੱਛਦੇ ਫਿਰਨ ਵੀ ਗਏ ਕਿੱਧਰ ਜਦੋਂ ਅਸੀਂ ਘਰੇ ਆਏ ਤਾਂ ਬਾਪੂ ਨੇ ਖੂਬ ਛਿੱਤਰ ਪੋਲਾ ਕੀਤਾ। ਮਸਾਂ ਮਿੰਨਤ ਕਰਕੇ ਘਰਦਿਆਂ ਤੋਂ ਖਿਹੜਾ ਛਡਾਇਆ।
ਨਾਲੇ ਭੁੱਖੇ ਤਿਹਾਏ ਮਰੇ ਨਾ ਗਾਉਣ ਵਾਲੀ ਵੇਖੀ ਨਾ ਸੁਣੀ।
ਵਾਧੂ ਦੇ ਛਿੱਤਰ ਅਸੀਂ ਘਰੋਂ ਖਾਧੇ।
ਉਹ ਗੱਲ ਅੱਜ ਵੀ ਯਾਦ ਕਰੀਂ ਦੀ ਤੇ ਨਾਲੇ ਦੋਸਤ ਨਾਲ ਹੱਸ ਲਈਦਾ, “ਕਿਓਂ ਚੱਲੀਏ ਗਾਉਣ ਵਾਲੀ ਵੇਖਣ”।
‘ਇਹ ਗੱਲ ਮੈ ਆਪਣੀ ਯਾਦਾਂ ਦੀ ਪਟਾਰੀ ਵਿੱਚ ਸਾਂਭ ਕੇ ਰੱਖੀ ਹੋਈ ਹੈ’।

ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ 
94658-21417

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਰਕਸ ਵਲੋਂ ਕਵੀ ਆਜ਼ਾਦ ਜਲੰਧਰੀ ਜੀ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ
Next articleਗਰਮੀ ਬਣੀ ਜਾਨਲੇਵਾ, ਮੱਕਾ ‘ਚ 550 ਤੋਂ ਵੱਧ ਹਜ ਯਾਤਰੀਆਂ ਦੀ ਮੌਤ