(ਸਮਾਜ ਵੀਕਲੀ)
ਨਹੀਂ ਭੁੱਲਦੀਆਂ ਯਾਦਾਂ ਬਚਪਨ ਦੀਆਂ,
ਵਸੇ ਚੇਤਿਆਂ ਚ ਮਿੱਤਰ ਯਾਦ ਆਉਂਦੇ ਨੇ ।
ਗੁੱਲੀ ਡੰਡਾ, ਬਾਂਦਰ ਕਿੱਲਾ,ਛੁਪਣ ਛੁਪਾਕੀ,
ਮਾਰ ਗੁਲੇਲ ਉਡਾਏ ਤਿੱਤਰ ਯਾਦ ਆਉਂਦੇ ਨੇ।
ਬਿੱਲੀ ਬਣਕੇ ਝੂਟੇ ਲਏ ਪਿੱਪਲਾਂ ਬੋਹੜਾਂ ਤੇ,
ਜੰਡ ਸਰੀਂਹ ਮਲੇ ਕਿੱਕਰ ਯਾਦ ਆਉਂਦੇ ਨੇ।
ਫ਼ੜ ਮੱਝਾਂ ਦੀਆਂ ਪੂਛਾਂ ਤੈਰੇ ਛੱਪੜਾਂ ਵਿੱਚ,
ਦੀਪੂ ਬਾਰੂ ਗੋਲੂ ਬਿੱਕਰ ਯਾਦ ਆਉਂਦੇ ਨੇ।
ਕਲੀ ਜੋਟਾ ਘੁੱਤੀ ਪਾ ਅੰਟ ਪੇਲਾ ਖੇੜਦੇ ਸੀ
ਬੰਟਿਆਂ ਚ ਬਣੇ ਚਿੱਤਰ ਯਾਦ ਆਉਂਦੇ ਨੇ।
ਸਬਕ਼ ਯਾਦ ਨਾਂ ਹੁੰਦਾ ਪਹਾੜੇ ਵੀ ਆਉਂਦੇ ਨਾਂ,
ਮਾਸਟਰ ਦੇ ਡੰਡੇ ਹੁਣ ਤਿੱਕਰ ਯਾਦ ਆਉਂਦੇ ਨੇ।
ਨਹੀਂ ਭੁਲਦੀ ਮੌਰਾਂ ਚ ਵੱਜੀ ਜੁੱਤੀ ਬਾਪੂ ਦੀ,
ਬੇਬੇ ਤੋਂ ਖਾਧੇ ਸੋਨੀ ਛਿੱਤਰ ਯਾਦ ਆਉਂਦੇ ਨੇ।
ਮਕਾਨ
ਬਹੁਤ ਉਸਾਰ ਲਏ ਨੇ ਰੱਬ ਦੇ ਘਰ,
ਚੱਲੋ ਨਵਾਂ ਇੱਕ ਮਕਾਨ ਉਸਾਰੀਏ।
ਵੰਡੀਏ ਪਿਆਰ ਮੁਹੱਬਤ ਦਾ ਸੌਦਾ,
ਚੱਲੋ ਐਸੀ ਕੋਈ ਦੁਕਾਨ ਉਸਾਰੀਏ।
ਤੇਰੀ ਟੋਪੀ ਮੇਰੀ ਪੱਗ ਉਸ ਦੀ ਧੋਤੀ,
ਮਿਲਕੇ ਸਾਂਝੀ ਪਹਿਚਾਣ ਉਸਾਰੀਏ।
ਤੇਰੇ ਲੱਡੂ ਮੇਰਾ ਹਲਵਾ ਤੇਰੀ ਬਿਰਿਆਨੀ
ਸਾਂਝੀ ਰਸੋਈ ਸਾਂਝੇ ਪਕਵਾਨ ਉਸਾਰੀਏ।
ਹੰਝੂ, ਹਟਕੋਰੇ, ਉਦਾਸੀਆਂ, ਠਹਾਕੇ,
ਸੁੱਖਾਂ ਦੀ ਸਾਂਝੀ ਮੁਸਕਾਨ ਉਸਾਰੀਏ।
ਇਹ ਹਾਰਾਂ ਜਿੱਤਾਂ ਸਫ਼ਰ ਜ਼ਿੰਦਗੀ ਦਾ,
ਪੈੜਾਂ ਚ ਪੈੜਾਂ ਦੇ ਨਿਸ਼ਾਨ ਉਸਾਰੀਏ।
ਉਹ ਵੰਡਣਗੇ ਨਫ਼ਰਤ ਤੂੰ ਪਿਆਰ ਵੰਡੀ,
ਮੁਹੱਬਤ ਦਾ ਇਹ ਹਿੰਦੂਸਤਾਨ ਉਸਾਰੀਏ।
ਬੁਲਬੁਲਾਂ ਗਾਉਣ ਜੋ ਇਸ਼ਕ ਦੇ ਤਰਾਨੇ,
ਚੱਲ”ਸੋਨੀ”ਐਸੀ ਕੋਈ ਜ਼ੁਬਾਨ ਉਸਾਰੀਏ।
ਜਸਵੀਰ ਸੋਨੀ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly