ਪਟਾਕਿਆਂ, ਆਤਿਸ਼ਬਾਜ਼ੀਆਂ ਦੀ ਥਾਂ ਹੋਈਆਂ ਹਾਸਰਸ, ਦਿਮਾਗੀ, ਜ਼ੋਰ-ਅਜਮਾਇਸ਼ੀ ਖੇਡਾਂ ਅਤੇ ਹੋਰ ਰੋਚਕ ਗਤੀਵਿਧੀਆਂ
ਕੁਰਾਲ਼ੀ, (ਸਮਾਜ ਵੀਕਲੀ) (ਗੁਰਬਿੰਦਰ ਸਿੰਘ ਰੋਮੀ): ਭਾਈ ਸ਼ਮਸ਼ੇਰ ਸਿੰਘ ਦੀ ਯੋਗ ਅਗਵਾਈ ਵਿੱਚ ਲੋਕ-ਪੱਖੀ ਕਾਰਜਾਂ ਖਾਸਕਰ ਲਾਵਾਰਸ ਅਤੇ ਬੇਸਹਾਰਾ ਨਾਗਰਿਕਾਂ ਦੇ ਇਲਾਜ, ਸਾਂਭ-ਸੰਭਾਲ ਅਤੇ ਮੁੜ-ਵਸੇਬੇ ਲਈ ਨਿਰੰਤਰ ਕਾਰਜਸ਼ੀਲ ਸੰਸਥਾ ਪ੍ਰਭ ਆਸਰਾ ਦੀ ਦੀਵਾਲੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਯਾਦਗਾਰੀ ਹੋ ਨਿੱਬੜੀ। ਸੰਸਥਾ ਮੁਖੀ ਬੀਬੀ ਰਜਿੰਦਰ ਕੌਰ ਨੇ ਦੱਸਿਆ ਕਿ ਇਸ ਤਿਉਹਾਰ ਮੌਕੇ ਉਨ੍ਹਾਂ ਦੇ ਸਾਂਝੇ ਪਰਿਵਾਰ ਦੇ ਜੀਆਂ ਨੇ ਆਨੰਦ ਮਾਣਦੇ ਹੋਏ ਖੂਬ ਰੌਣਕਾਂ ਲਾਈਆਂ। 31 ਅਕਤੂਬਰ ਵੀਰਵਾਰ ਨੂੰ ਸਵੇਰੇ 09:00 ਵਜੇ ਤੋਂ ਹੀ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰਿਆਂ ਨਾਲ਼ ਖੇਡਾਂ ਸ਼ੁਰੂ ਕਰ ਦਿੱਤੀਆਂ ਗਈਆਂ। ਜਿੰਨ੍ਹਾ ਵਿਚਲੀਆਂ ਹਾਸਰਸ ਖੇਡਾਂ ਆਵਲਾਂ-ਚਮਚ ਦੌੜ, ਲੰਗੜੀ ਦੌੜ, ਗੇਦਾਂ ਦੀ ਅਦਲਾ-ਬਦਲੀ ਦੌੜ, ਸੰਗੀਤਕ-ਕੁਰਸੀ ਦੌੜ, ਟਿਸ਼ੂ-ਪੇਪਰ ਦੌੜ ਆਦਿ ਨਾਲ਼ ਬਣੇ ਖੂਬਸੂਰਤ ਮਾਹੌਲ ਨੇ ਖਿਡਾਰੀਆਂ ਦੇ ਨਾਲ਼-ਨਾਲ਼ ਦਰਸ਼ਕਾਂ ਦੇ ਵੀ ਹਸਾ ਹਸਾ ਕੇ ਢਿੱਡੀਂ ਪੀੜਾਂ ਪਾ ਕੇ ਰੱਖੀਆਂ। ਵ੍ਹੀਲ ਚੇਅਰ ਦੌੜਾਂ ਖਿੱਚ ਦਾ ਕੇਂਦਰ ਬਣੀਆਂ ਰਹੀਆਂ। ਕਾਰਜਕਾਰੀ ਬੀਬੀਆਂ ਅਤੇ ਨਾਰਮਲ ਬੱਚਿਆਂ ਵੱਲੋਂ ਕੁਦਰਤੀ ਰੰਗਾ ਨਾਲ਼ ਬਣਾਈਆਂ ਰੰਗੋਲੀਆਂ ਤੇ ਕੀਤੀਆਂ ਸ਼ਾਨਦਾਰ ਸਜਾਵਟਾਂ ਐਨੀਆਂ ਪ੍ਰਭਾਵਸ਼ਾਲੀ ਰਹੀਆਂ ਕਿ ਇਹਨਾਂ ਨਾਲ਼ ਸਾਰੇ, ਖਾਸ ਕਰਕੇ ਬਾਹਰੋਂ ਆਏ ਸੱਜਣ ਫੋਟੋਆਂ/ਸੈਲਫੀਆਂ ਲੈਂਦੇ ਰਹੇ। ਜੇਤੂਆਂ ਨੂੰ ਸੰਸਥਾ ਵੱਲੋਂ ਉਚੇਚੇ ਤੌਰ ‘ਤੇ ਇਨਾਮ ਦਿੱਤੇ ਗਏ। ਛੋਟੇ ਨਾਰਮਲ ਬੱਚਿਆਂ ਨੇ ਭੰਗੜੇ ਨਾਲ਼ ਸੋਹਣਾ ਰੰਗ ਬੰਨ੍ਹਿਆ। ਸ਼ਪੈਸ਼ਲ ਬੱਚੀਆਂ ਨੇ ਆਪਣੀਆਂ ਗਿੱਧੇ ਤੇ ਜਾਗੋ ਦੀਆਂ ਪੇਸ਼ਕਾਰੀਆਂ ਨਾਲ਼ ਖੂਬ ਵਾਹ ਵਾਹ ਖੱਟੀ। ਉਪਰੰਤ ਉਨ੍ਹਾਂ ਸਭਨਾਂ ਨੂੰ ਅਪੀਲ ਕੀਤੀ ਕਿ ਦੀਵਾਲੀ ਅਤੇ ਹੋਰ ਤਿਉਹਾਰਾਂ ਮਨਾਉਣ ਲਈ ਬਜਾਏ ਪ੍ਰਦੂਸ਼ਣ ਫੈਲਾਉਣ ਦੇ ਢੁੱਕਵੇਂ ਬਦਲ ਲੱਭ ਲਏ ਜਾਣ। ਇਸ ਤਰ੍ਹਾਂ ਬਿਨਾਂ ਕਿਸੇ ਰਵਾਇਤੀ ਪਟਾਖੇਬਾਜੀ ਜਾਂ ਆਤਿਸ਼ਬਾਜ਼ੀ ਤੋਂ ਪ੍ਰਭ ਆਸਰਾ ਦਾ ਇਹ ਅਨੌਖਾ ਦੀਵਾਲੀ ਸਮਾਗਮ ਅਮਿਟ ਪੈੜਾਂ ਪਾਉਂਦਾ ਹੋਇਆ ਗੁਰੂ ਸਾਹਿਬ ਦੀ ਬਖਸ਼ੀ ਫਤਿਹ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ’ ਨਾਲ਼ ਸਮਾਪਤ ਹੋਇਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweek
https://play.google.com/store/apps/details?id=in.yourhost.samajweek