ਗੀਤਕਾਰ ਲਖਵਿੰਦਰ ਮਾਨ, ਸੇਖੋਂ, ਕੰਡਿਆਰਾ, ਚਹਿਲ, ਤੇ ਜਸਕਰਨ ਲੰਡੇ ਹੋਏ ਪ੍ਰਧਾਨਗੀ ਮੰਡਲ ‘ਚ ਸ਼ਾਮਿਲ
ਭਲੂਰ/ਬੇਅੰਤ ਗਿੱਲ (ਸਮਾਜ ਵੀਕਲੀ) ‘ਨੌਜਵਾਨ ਸਾਹਿਤ ਸਭਾ ਭਲੂਰ’ ਅਤੇ ’35 ਅੱਖਰ ਲੇਖਕ ਮੰਚ ਭਲੂਰ’ ਵੱਲੋਂ ਪੰਜਾਬੀ ਗੀਤਕਾਰੀ ਵਿਚ ਵੱਡਾ ਨਾਮਣਾ ਖੱਟਣ ਵਾਲੀਆਂ ਸ਼ਖ਼ਸੀਅਤਾਂ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ ਸਾਹਿਤਕ ਸਮਾਗਮ ਯਾਦਗਾਰੀ ਹੋ ਨਿੱਬੜਿਆ।ਇਹ ਸਮਾਗਮ ਪਿੰਡ ਭਲੂਰ ਦੀ ਮਾਣਮੱਤੀ ਸ਼ਖ਼ਸੀਅਤ ਮਾਸਟਰ ਕੁਲਦੀਪ ਚੰਦ ਮੈਂਗੀ ਹੋਰਾਂ ਦੀ ਯਾਦ ਨੂੰ ਸਮਰਪਿਤ ਰਿਹਾ। ਸ਼ਾਇਰ ਚਰਨ ਲਿਖਾਰੀ ਦਾ ‘ਨੌਜਵਾਨ ਸਾਹਿਤ ਸਭਾ ਭਲੂਰ’ ਦੇ ਵਿਹੜੇ ਆਉਣਾ ਇਸ ਸਮਾਗਮ ਦੀ ਖੂਬਸੂਰਤੀ ਤੇ ਵਿਲੱਖਣਤਾ ਰਹੀ। ਕਹਾਣੀਕਾਰ ਜਸਕਰਨ ਲੰਡੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦਕਿ ਗਾਇਕ ਦਿਲਬਾਗ ਚਹਿਲ, ਗੀਤਕਾਰ ਲਖਵਿੰਦਰ ਮਾਨ ਮਰਾੜ੍ਹਾਂ ਵਾਲਾ, ਗੀਤਕਾਰ ਸੇਖੋਂ ਜੰਡਵਾਲਾ, ਗੀਤਕਾਰ ਕੁਲਦੀਪ ਕੰਡਿਆਰਾ ਅਤੇ ਮਾਸਟਰ ਬਿੱਕਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਮਾਸਟਰ ਕੁਲਦੀਪ ਚੰਦ ਮੈਂਗੀ ਹੋਰਾਂ ਦੇ ਨੂੰਹ-ਪੁੱਤ ਅੰਜਲੀ ਮੈਂਗੀ ਤੇ ਸਮਰ ਮੈਂਗੀ ਸਮੇਤ ਉਕਤ ਸ਼ਖ਼ਸੀਅਤਾਂ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸੁਸ਼ੋਭਿਤ ਹੋਏ। ਸਮਾਗਮ ਦੀ ਸਟੇਜ ਤੋਂ ‘ਨੌਜਵਾਨ ਸਾਹਿਤ ਸਭਾ ਭਲੂਰ’ ਦੇ ਨੁਮਾਇੰਦੇ ਸਤਨਾਮ ਸ਼ਦੀਦ ਸਮਾਲਸਰ ਨੇ ਸਭ ਨੂੰ ‘ਜੀ ਆਇਆਂ ਨੂੰ’ ਆਖਿਆ ਅਤੇ ਸਮਾਗਮ ਦੀ ਰੂਪ ਰੇਖਾ ਸਬੰਧੀ ਜਾਣਕਾਰੀ ਦਿੱਤੀ। ਪ੍ਰੋਗਰਾਮ ਦੀ ਸ਼ੁਰੂਆਤ ਕਵਿਤਰੀ ਅਨੰਤ ਗਿੱਲ ਅਤੇ ਦਿਲਵੰਤ ਸਿੰਘ ਗਿੱਲ ਦੁਆਰਾ ਤਰੰਨਮ ਵਿਚ ਗਾਏ ਇਕ ਧਾਰਮਿਕ ਗੀਤ ਨਾਲ ਹੋਈ। ਇਸ ਦੌਰਾਨ ਜਿੱਥੇ ਆਏ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ, ਉੱਥੇ ਹੀ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਸ਼ਖ਼ਸੀਅਤਾਂ ਨੇ ਦਿਲਚਸਪ ਗੱਲਾਂ ਅਤੇ ਗੀਤਾਂ ਜ਼ਰੀਏ ਆਪਣੇ ਜੀਵਨ ਸਫ਼ਰ ਤੇ ਕਲਮੀਂ ਸਫ਼ਰ ਬਾਰੇ ਸਾਂਝ ਪਾਈ । ਕਵਿਸ਼ਰੀ ਜਾਗੋ ਜੱਥਾ ਘੱਲ ਕਲਾਂ ਨੇ ਚਰਨ ਲਿਖਾਰੀ ਦੀ ਰਚਨਾ ਨੂੰ ਬਹੁਤ ਖੂਬਸੂਰਤੀ ਨਾਲ ਪੇਸ਼ ਕਰਦਿਆਂ ਸਭ ਦਾ ਦਿਲ ਜਿੱਤ ਲਿਆ। ਇਸ ਮੌਕੇ ਗੀਤਕਾਰ ਲਖਵਿੰਦਰ ਮਾਨ ਮਰਾੜ੍ਹ ਦੇ ਅਜੋਕੇ ਸਮੇਂ ਵਿਚ ਚਰਚਿਤ ਹੋਏ ਗੀਤ ‘ਪਿੰਡ’ ਦੀ ਖੂਬ ਚਰਚਾ ਹੋਈ। ਗੀਤਕਾਰ ਕੁਲਦੀਪ ਕੰਡਿਆਰਾ , ਸੇਖੋਂ ਜੰਡਵਾਲਾ , ਦਿਲਬਾਗ ਚਹਿਲ ਅਤੇ ਲਖਵਿੰਦਰ ਮਾਨ ਨੇ ਆਪਣੇ ਗੀਤਾਂ ਰਾਹੀਂ ਸਮਾਗਮ ਨੂੰ ਹੋਰ ਵੀ ਖੂਬਸੂਰਤੀ ਦਾ ਰੰਗ ਦੇ ਦਿੱਤਾ। ਉਪਰੰਤ ‘ਨੌਜਵਾਨ ਸਾਹਿਤ ਸਭਾ ਭਲੂਰ’ ਦੇ ਨੁਮਾਇੰਦੇ ਕਵਿੱਤਰੀ ਅਨੰਤ ਗਿੱਲ ਭਲੂਰ ਨੇ ਸ਼ਾਇਰ ਚਰਨ ਲਿਖਾਰੀ ਦੀ ਕਲਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ, ਪੰਜਾਬੀ, ਪੰਜਾਬੀਅਤ ਨਾਲ ਇਕ ਮਿੱਕ ਕਲਮ, ਨਲੂਏ ਜਿਹੇ ਬਹਾਦਰਾਂ ਤੇ ਰਾਜੇ ਰਣਜੀਤ ਸਿੰਘ ਦੀਆਂ ਬਾਤਾਂ ਪਾਉਂਦੀ ਹੈ। ਸਾਦਗੀ ਸੁਹੱਪਣ ਤੇ ਸੰਗਾਂ ਨਾਲ ਭਰੇ ਚਰਨ ਦੇ ਗੀਤਾਂ ਕੋਲੋਂ ਲੱਚਰਤਾ ਕੋਹਾਂ ਦੂਰ ਰਹਿੰਦੀ ਹੈ। ਇਸ ਦੇ ਨਾਲ ਹੀ ਸ਼ਾਇਰ ਚਰਨ ਲਿਖਾਰੀ ਸਭ ਦੇ ਰੂ-ਬ-ਰੂ ਹੋਏ। ਉਨ੍ਹਾਂ ਜਦੋਂ ਤੁਰੰਨਮ ਵਿਚ ‘ਖਬਰਾਂ ਦੱਸੇ ਜੇ ਤੇਰੀਆਂ ਡਾਕ ਵਾਲਾ, ਦੇਵਾਂ ਕੰਨਾਂ ‘ਚੋਂ ਲਾਹ ਕੇ ਮੁਰਕੀਆਂ ਮੈਂ’- ‘ਤੇਰੇ ਜਾਣ ਮਗਰੋਂ ਗੁੱਤਾਂ ਗੁੰਦੀਆਂ ਨਾ, ਨਾ ਹੀ ਵਰਤੀਆਂ ਬਿੰਦੀਆਂ ਸੁਰਖੀਆਂ ਮੈਂ”, ਗਾਇਆ ਤਾਂ ਸਾਰੇ ਪਾਸੇ ਵਾਹ ਵਾਹ ਹੋ ਉੱਠੀ। ਸਾਰੇ ਜਾਣੇ ਸ਼ਾਇਰ ਚਰਨ ਲਿਖਾਰੀ ਨੂੰ ਵਾਰ ਵਾਰ ਸੁਣਨ ਲਈ ਉਤਾਵਲੇ ਹੋ ਰਹੇ ਸਨ। ਇਸ ਮੌਕੇ ਕਿਸਾਨ ਯੂਨੀਅਨ ਲੱਖੋਵਾਲ ਦੇ ਨੁਮਾਇੰਦੇ ਅਤੇ ਹੋਰ ਪਿੰਡ ਵਾਸੀਆਂ ਨੇ ਸ਼ਾਇਰ ਚਰਨ ਲਿਖਾਰੀ ਦੀ ਕਲਮ ਨੂੰ ਸਿਜਦਾ ਕਰਦਿਆਂ ਉਸਦਾ ਵਿਸ਼ੇਸ਼ ਸਨਮਾਨ ਕੀਤਾ। ਉਸਦੀ ਸ਼ਾਇਰੀ ਦਾ ਅੰਦਾਜ਼ ਸਭ ਦੇ ਸਿਰ ਚੜ੍ਹ ਬੋਲ ਰਿਹਾ ਸੀ। ਇਸ ਤਰ੍ਹਾਂ ਸ਼ਾਇਰ ਚਰਨ ਲਿਖਾਰੀ ਦੇ ਰੂਬਰੂ ਸਮਾਗਮ ਸਿਖ਼ਰ ਹੋ ਨਿੱਬੜਿਆ। ਇਸ ਸਮਾਗਮ ਦੌਰਾਨ ਸ਼ਾਇਰ ਚਰਨ ਲਿਖਾਰੀ ਨੂੰ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ। ਸਾਰੇ ਕਵੀਆਂ ਦਾ ਉਚੇਚਾ ਸਨਮਾਨ ਕੀਤਾ ਗਿਆ। ਸਮਾਗਮ ਦੀ ਸਟੇਜੀ ਜ਼ਿੰਮੇਵਾਰੀ ਲੇਖਕ ਸਤਨਾਮ ਸ਼ਦੀਦ ਸਮਾਲਸਰ ਅਤੇ ਅਨੰਤ ਗਿੱਲ ਨੇ ਬਾਖੂਬੀ ਨਿਭਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj