ਭੱਠ ਪਿਆ ਸੋਨਾ…!

ਬੁੱਧ ਸਿੰਘ ਨੀਲੋਂ

(ਸਮਾਜ ਵੀਕਲੀ)

ਹੁਣ ਨਾ ਸੋਨਾ ਰਿਹਾ ਹੈ ਤੇ ਨਾ ਭੱਠ ਰਿਹਾ ਹੈ । ਹੁਣ ਤੇ ਬਸ ਕੰਨ ਰਹਿ ਗਏ ਹਨ। ਜਿਹੜੇ ‘ ਮਨ ਕੀ ਬਾਤ ” ਦੀਆਂ ਜੱਬਲੀਆਂ ਸੁਣ ਕੇ ਅੰਬ ਹੋ ਗਏ ਹਨ।ਕਿਉਂਕਿ ਹੁਣ ਤਾਂ ਵਿਕਾਸ ਦੀ ਹਨੇਰੀ ਨੇ ਸਭ ਦੇ ਕੰਨਾਂ ਨੂੰ ਹੱਥ ਲਵਾ ਦਿੱਤੇ ਹਨ । ਬਹੁਗਿਣਤੀ ਦਾ ਤਾਂ ਝੁੱਗਾ ਹੀ ਚੌੜ ਹੋ ਗਿਆ ਹੈ ਤੇ ਜਿਹੜੇ ਮਾੜੇ ਮੋਟੇ ਰਹਿੰਦੇ ਹਨ, ਉਹਨਾਂ ਦੀ ਅਗਲੇ ਸਮਿਆਂ ਦੇ ਵਿੱਚ ਕਸਰ ਪੂਰੀ ਹੋ ਜਾਣੀ ਹੈ। ਉਸਦੇ ਮਨ ਦੇ ਵਿੱਚ ਕੀ ਹੈ ? ਇਹ ਤੇ ਪਤਾ ਨਹੀਂ ਲੱਗ ਸਕਦਾ ਤੇ ਭਾਵੇਂ ਉਹ ਜੋਤਿਸ਼ ਕਿਉਂ ਨਾ ਜਾਣਦਾ ਹੋਵੇ ਪਰ ਹੁਣ ਜਿਸ ਤਰੀਕੇ ਨਾਲ “ਲੋਕ ਸੇਵਕ ” ਦੇਸ਼ ਦੇ ਲੋਕਾਂ ਦੀ ” ਸੇਵਾ ” ਕਰ ਰਿਹਾ ਤੇ ਪਤਾ ਨਹੀਂ ਕਿ ਉਹ ਕੱਲ੍ਹ ਨੂੰ ਕੀ ਚੰਦ ਚਾੜ ਦੇਵੇ।

ਉਝ ਸੁਪਨੇ ਲੈਣੇ ਸੌਖੇ ਹੁੰਦੇ ਹਨ ਤੇ ਪੂਰੇ ਕਰਨੇ ਮੁਸ਼ਕਿਲ ਹੁੰਦੇ ਹਨ । ਲੋਕੀਂ ਸੁਪਨਿਆਂ ਦੇ ਵਿੱਚ ਪਤਾ ਨਹੀਂ ਕਿਥੇ ਕਿਥੇ ਘੁੰਮ ਆਉਦੇ ਹਨ? ਪਰ ਹੁਣ ਤੇ ਸੁਪਨਿਆਂ ਦੇ ਉਪਰ ਵੀ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ। ਲੋਕਤੰਤਰ ਦੇ ਚਾਰੇ ਹੀ ਥੰਮ੍ਹ ਸੱਤਾ ਦੇ ਦਲਾਲ ਬਣ ਕੇ ਰਹਿ ਗਏ ਹਨ । ਇਹ ਚਾਰੇ ਥੰਮ੍ਹ ਭ੍ਰਿਸ਼ਟਾਚਾਰ ਦੀ ਦਲਦਲ ਦੇ ਵਿੱਚ ਗਰਕ ਗਏ ਹਨ । ਦੂਜੇ ਪਾਸੇ ਦੇਸ ਦੇ ਲੋਕ ਤਮਾਸ਼ਾ ਦੇਖ ਰਹੇ ਹਨ। ਉਨ੍ਹਾਂ ਨੂੰ ਜਿਉਂਦੇ ਦੇ ਰਹਿਣ ਦੇ ਨਾਲੋਂ ਆਪਣੀ ਜਾਇਦਾਦ ਬਚਾ ਕੇ ਰੱਖਣ ਦੇ ਡਰ ਸਤਾ ਰਿਹਾ ਹੈ।

ਦੇਸ ਚੁਪ ਦੇ ਭਵਸਾਗਰ ਵਿੱਚ ਫਸਇਆ ਹੋਇਆ ਹੈ। ਹੁਣ ਅਸੀਂ ਮੌਤ ਤੋਂ ਨਹੀਂ ਵਿਕਾਸ ਦੀ ਬੁਲਟ ਟਰੇਨ ਤੋਂ ਡਰਦੇ ਹਾਂ ਤੇ ਡਰ ਦੇ ਨਾਲ ਮਰ ਰਹੇ ਹਾਂ । ਸਾਡੀ ਆਤਮ ਦੇ ਉਪਰ ਮੌਤ ਦਾ ਭੂਤ ਬੈਠਾਅ ਦਿੱਤਾ ਹੈ। ਇਸੇ ਕਰਕੇ ਅਸੀਂ ਆਪਣੀਆਂ ਅੰਦਰਲੀਆਂ ਮਾਨਸਿਕ ਸ਼ਕਤੀਆਂ ਨੂੰ ਕੰਨਾਂ ਦੀਆਂ ਕੱਚੀਆਂ ਬਣਾਇਆ ਹੋਇਆ ਹੈ। ਹੁਣ ਅਸੀਂ ਕੰਨਾਂ ਉਤੇ ਇਤਬਾਰ ਕਰਦੇ ਹਾਂ ਤੇ ਆਪਣੇ ਦਿਮਾਗ ਨੂੰ ਬੰਦ ਕਰਕੇ ਬੈਠਦੇ ਹਾਂ। ਅਸੀ ਮਨੁੱਖ ਨਹੀਂ ਸਗੋਂ ਭੇਡਾਂ ਬਣ ਗਏ ਹਾਂ ਤੇ ਗਧਿਆਂ ਦੇ ਗੁਲਾਮ ਹੋ ਗਏ ਹਾਂ ।

ਇਸੇ ਕਰਕੇ ਅਸੀਂ ਸਾਰੇ ਭੱਠ ਝੋਕਦੇ ਰਹਿੰਦੇ ਹਾਂ ਤੇ ਆਪਣਾ ਭੱਠਾ ਆਪ ਗੁਲ ਕਰਦੇ ਹਾਂ । ਉਝ ਅਸੀਂ ਭੱਠੀ ਦੇ ਦਾਣਿਆਂ ਵਾਂਗ ਭੁੰਨੇ ਜਾ ਰਹੇ ਹਾਂ । ਸਾਨੂੰ ਪਤਾ ਹੀ ਨਹੀਂ ਕਿ ਇਹ ਜੰਗ ਕੀ ਹੈ ? ਅਸੀਂ ਤਾਂ ਆਪਣਿਆਂ ਦੇ ਨਾਲ ਲੜ ਰਹੇ ਹਾਂ ਤੇ ਇਕ ਦੂਜੇ ਨੂੰ ਕੁੱਟ ਮਾਰ ਰਹੇ ਹਾਂ ਤੇ ਕਾਲੀਆਂ ਸ਼ਕਤੀਆਂ ਸਾਡੀਆਂ ਲੜ੍ਹਾਈ ਦਾ ਵਪਾਰ ਕਰ ਰਹੀਆਂ ਹਨ।

ਸਾਨੂੰ ਪਤਾ ਵੀ ਹੈ ਪਰ ਚੁੱਪ ਹਾਂ । ਹੁਣ ਉਨ੍ਹਾਂ ਦੇ ਲਈ ਜਦੋਂ ਕੋਈ ਵਪਾਰੀ ਦਰਦ ਦਾ ਵਪਾਰ ਤੇ ਗੁਲਾਮ ਲਿਖਾਰੀ ਬਣ ਜਾਣ ਲੋਕਾਂ ਦੇ ਮਸਲਿਆਂ ਦੀ ਥਾਂ ਨਿੱਜ ਦੇ ਮਸਲਿਆਂ ਨੂੰ ਗੱਡੇ ਤੇ ਬੈਠੇ ਚਾਲਕ ਵਾਂਗ ਸੋਚਣ ਕੇ ਗੱਡਾ ਮੇਰੇ ਕਰਕੇ ਚੱਲਦਾ ਹੈ । ਗੱਡੇ ਦੇ ਥੱਲੇ ਜਾਂਦਾ ਕੁੱਤਾ ਕਹੇ ਗੱਡਾ ਮੇਰੇ ਕਰਕੇ ਜਾ ਰਿਹਾ ਤੇ ਬਲਦ ਸੋਚਣ ਕਿ ਸਾਡੇ ਕਰਕੇ .ਗੱਡਾ ਚੱਲਦਾ. ਪਹੀਏ.ਸੋਚਣ ਸਾਡੇ ਕਰਕੇ …ਇਹ ਆਪੋ ਆਪਣੇ ਬਾਰੇ ਸੋਚਣ ਦੀ ਬੀਮਾਰੀ ਨੇ ਸਾਰੀ ਹੀ ਲੋਕਾਈ ਨੂੰ ਆਪਣੇ ਕਲਾਵੇ ਦੇ ਵਿੱਚ ਲੈ ਲਿਆ ਹੈ ਤੇ ਹੁਣ ਇਸੇ ਕਰਕੇ ਅਸੀਂ ਕੱਲੇ ਕੱਲੇ ਮਰ ਰਹੇ ਹਾਂ। ਮਰਨਾ ਜੰਮਣਾ ਹੁਣ ਕੁਦਰਤ ਦੇ ਵੱਸ ਨਹੀਂ .ਸਾਨੂੰ ਲੱਗਦਾ ਹੈ ਕਿ ਇਹ ਹਾਕਮ ਦੇ ਵੱਸ ਹੋ ਗਿਆ ਹੈ। ਇਸੇ ਕਰਕੇ ਅਸੀਂ ਡਰੇ ਹੋਏ ਹਾਂ।

ਸੱਤਾ ਵੱਲੋਂ ਹੁਣ ਡਰ ਦਾ ਵਪਾਰ ਕੀਤਾ ਜਾ ਰਿਹਾ ਤੇ ਡਰ ਵੇਚਿਆ ਜਾ ਰਿਹਾ ਹੈ ਤੇ ਅਸੀਂ ਹਰ ਪਲ ਤੇ ਦਿਨ ਡਰ ਖਰੀਦ ਰਹੇ ਹਾਂ । ਡਰ ਦੇ ਵਪਾਰੀ ਹਰ ਝੂਠ ਨੂੰ ਸੱਚ ਬਣਾ ਕੇ ਪਰੋਸਦੇ ਹਨ ਤੇ ਅਸੀਂ ਲੰਗਰ ਵਾਂਗੂ ਪੰਗਤ ਵਿੱਚ ਬਹਿ ਕੇ ਛੱਕ ਰਹੇ ਹਾਂ। ਮੁਫਤ ਦੀ ਚਾਟ ਤੇ ਸ਼ੁਰਾ ਦੀ ਛਬੀਲ ਦੁਆਲੇ ਅਸੀਂ ਮੱਖੀਆਂ ਵਾਂਗੂੰ ਭਿਣਕ ਦੇ ਫਿਰ ਰਹੇ ਹਾਂ । ਸਾਡੇ ਹੱਥੋਂ ਕਿਰਤ ਖੋ ਕੇ ਸਾਨੂੰ ਮੰਗਤੇ ਬਣਾਇਆ ਜਾ ਰਿਹਾ ਤੇ ਅਸੀਂ ਬਣ ਰਹੇ। ਅਸੀਂ ਭੁੱਲ ਗਏ ਹਾਂ ।

ਅਸੀਂ ਕਠਪੁਤਲੀਆਂ ਨਹੀਂ ਬੰਦੇ ਹਾਂ । ਅਸੀਂ ਇਨਸਾਨ ਤੋਂ ਮਿੱਟੀ ਦੇ ਗੰਡੋਏ ਤੇ ਮਿੱਟੀ ਖਾਣੇ ਸੱਪ ਕਦੋਂ ਬਣ ਗਏ ਹਾਂ। ਇਹ ਸਾਨੂੰ ਪਤਾ ਨਹੀਂ ਲੱਗਿਆ। ਉਝ ਸਾਡਾ ਵਿਰਸਾ ਤੇ ਵਿਰਾਸਤ ਨੂੰ ਲਾਹਣਤਾਂ ਪਾਉਦਾ ਹੈ.ਪਰ ਅਸੀਂ ਤੇ ਮੁਫਤ ਦੇ ਲੰਗਰ ਖਾਣ ਦੇ ਆਦੀ ਹੋ ਗਏ ਹਾਂ । ਇਸੇ ਕਰਕੇ ਸਾਨੂੰ ਕੋਈ ਦਰਦ ਨਹੀਂ ਹੁੰਦਾ । ਹੁਣ ਸੱਤਾ ਨੇ ਸਾਡੇ ਆਲੇ ਦੁਆਲੇ ਡਰ ਦੀ ਫਸਲ ਬੀਜ ਦਿੱਤੀ ਤੇ ਬਾਹਰ ਅੱਗ ਬਾਲ ਦਿੱਤੀ ਹੈ।
ਹੁਣ ਡਰ ਦਾ ਭੱਠਾ ਚੱਲਦਾ ਹੈ ਤੇ ਮਨੁੱਖਤਾ ਸਾੜੀ ਜਾ ਰਹੀ ਹੈ ਤੇ ਅਸੀਂ ਤਮਾਸ਼ਾ ਦੇਖ ਰਹੇ ਹਾਂ ਪਰ ਕਦੋਂ ਤੱਕ ਇਹ ਸਭ ਕੁੱਝ ਦੇਖਦੇ ਰਹਾਂਗੇ?

ਕੀ ਹੋ ਗਿਆ ਹੈ ਸਾਡੇ ਵਜੂਦ ਨੂੰ ਜੋ ਦਰਦ ਨਾਲ ਫਟਦਾ ਨਹੀਂ ।

ਪਰ ਕਦੋਂ ਅਸੀਂ ਭੰਬੂਕਾ ਬਣਾਂਗੇ ?

ਯਾਦ ਕਰੋ ਇਹ ਸ਼ਬਦ ਜੋ ਗੁਰੂ ਤੇਗ ਬਹਾਦੁਰ ਜੀ ਦਿੱਲੀ ਤੋਂ ਭਾਈ ਜੈਤੇ ਦੇ ਹੱਥ ਘੱਲਿਆ ਸੀ ਜਦੋਂ ਉਹ ਸੀਸ ਲੈ ਕੇ ਅਨੰਦਪੁਰ ਸਾਹਿਬ ਪੁਜਾ ਸੀ –
ਭੈ ਕਾਹੂ ਕਉ ਦੇਤ ਨਹਿ
ਨਹਿ ਭੈ ਮਾਨਤ ਆਨ ॥

ਪੰਜਾਬੀਓ ! ਆਪਣੇ ਆਪ ਨੂੰ ਪਛਾਣੋ..ਤੇ ਆਪੋ ਆਪਣੇ ਬੁੱਝ ਚੁੱਕੇ ਭੱਠਿਆਂ ਨੂੰ ਜਗਾਓ ਤੇ ਉਹਨਾਂ ਵਪਾਰੀਆਂ ਨੂੰ ਪਛਾਣੋ, ਜਿਹਨਾਂ ਨੇ ਤੁਹਾਡੀ ਇਹ ਹਾਲਤ ਕੀਤੀ ਹੈ। ਆਪੋ ਆਪਣੇ ਘਰਾਂ ਦੇ ਵਿੱਚ ਭੱਠ ਪਿਆ ਸੋਨਾ ਸੰਭਾਲੋ ।ਆਪਣੀ ਅੰਦਰਲੀ ਸ਼ਕਤੀ ਨੂੰ ਪਛਾਣੋ!
ਹੁਣ ਚੁੱਪ ਬਹਿ ਕੇ ਸਮਾਂ ਨਾ ਗਾ ਲੋ । ਤੁਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਤੇ ਫਸਲਾਂ ਬਚਾ ਲਵੋ! ਨਹੀਂ ਤੇ ਸੱਤਾ ਦੇ ਅੰਨ੍ਹੇ ਝੋਟਿਆਂ ਨੇ ਤੁਹਾਡੇ ਖੇਤ ਹੀ ਨਹੀ ਚਰਨੇ ਸਗੋਂ ਖੇਤਾਂ ਉਤੇ ਕਾਬਜ਼ ਹੋ ਜਾਣਾ। ਪੰਜਾਬ ਦੀ ਧਰਤੀ ਉਤੇ ਸ਼ੀਲੋ ਗੁਦਾਮ ਬਣ ਰਹੇ ਹਨ. ਤੇ ਕਿਸਾਨ ਜ਼ਮੀਨਾਂ ਵੇਚਣ ਲੱਗੇ ਹਨ.ਲੋਕਾਂ ਅੰਦਰੋਂ ਸੰਵੇਦਨਾ ਮਰ ਗਈ ਹੈ. ਲੋਕ ਕਦੋਂ ਜਾਗਣਗੇ, ਲੋਕ ਹੀ ਜਾਣਦੇ ਹਨ?

ਬੁੱਧ ਸਿੰਘ ਨੀਲੋੰ
94643 70823

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਕ ਸੁਨੇਹਾ
Next articleਗਲਤ ਨਹੀਂ ਹਾਂ