ਕਠੂਆ ਕੇਸ ਦੇ ਦੋਸ਼ੀ ਨੂੰ ਜ਼ਮਾਨਤ ਮਿਲਣ ’ਤੇ ਮਹਿਬੂਬਾ ਨੇ ਚਿੰਤਾ ਜ਼ਾਹਿਰ ਕੀਤੀ

ਜੰਮੂ (ਸਮਾਜ ਵੀਕਲੀ):  ਕਠੂਆ ਜਬਰ-ਜਨਾਹ ਕੇਸ (2018) ਦੇ ਦੋਸ਼ੀਆਂ ਵਿਚੋਂ ਇਕ ਨੂੰ ਜ਼ਮਾਨਤ ਮਿਲਣ ’ਤੇ ਪੀਡੀਪੀ ਪ੍ਰਧਾਨ ਤੇ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਅੱਜ ਕਿਹਾ ਕਿ ਇਨਸਾਫ਼ ਦੇ ਪਹੀਏ ‘ਪੂਰੀ ਤਰ੍ਹਾਂ ਟੁੱਟ ਚੁੱਕੇ ਹਨ।’ ਜ਼ਿਕਰਯੋਗ ਹੈ ਕਿ 21 ਦਸੰਬਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬਰਖਾਸਤ ਪੁਲੀਸ ਸਬ ਇੰਸਪੈਕਟਰ ਆਨੰਦ ਦੱਤਾ ਦੀ ਬਾਕੀ ਰਹਿੰਦੀ ਸਜ਼ਾ ਮੁਅੱਤਲ ਕਰ ਦਿੱਤੀ ਸੀ ਤੇ ਜ਼ਮਾਨਤੀ ਬਾਂਡ ਭਰਨ ਉਤੇ ਉਸ ਨੂੰ ਰਿਹਾਅ ਕਰਨ ਦਾ ਫ਼ੈਸਲਾ ਸੁਣਾਇਆ ਸੀ। ਮੁਫ਼ਤੀ ਨੇ ਟਵੀਟ ਕੀਤਾ, ‘ਕਠੂਆ ਕੇਸ ਵਿਚ ਸਬੂਤ ਖ਼ਤਮ ਕਰਨ ਦੇ ਦੋਸ਼ੀ ਠਹਿਰਾਏ ਗਏ ਪੁਲੀਸ ਕਰਮੀ ਨੂੰ ਜ਼ਮਾਨਤ ਦੇ ਕੇ ਉਸ ਦੀ ਸਜ਼ਾ ਉਤੇ ਰੋਕ ਲਾ ਦਿੱਤੀ ਗਈ ਹੈ। ਇਸ ਤੋਂ ਬਹੁਤ ਨਿਰਾਸ਼ਾ ਹੋਈ ਹੈ।

ਜਦ ਇਕ ਬੱਚੀ ਨਾਲ ਜਬਰ-ਜਨਾਹ ਸਾਬਿਤ ਹੋਣ ਤੇ ਉਸ ਦੀ ਹੱਤਿਆ ਤੋਂ ਬਾਅਦ ਵੀ, ਉਸ ਨੂੰ ਇਨਸਾਫ਼ ਨਾ ਮਿਲੇ, ਤਾਂ ਸਪੱਸ਼ਟ ਹੈ ਕਿ ਇਨਸਾਫ਼ ਦੇ ਪਹੀਏ ਪੂਰੀ ਤਰ੍ਹਾਂ ਟੁੱਟ ਚੁੱਕੇ ਹਨ।’ ਜ਼ਿਕਰਯੋਗ ਹੈ ਕਿ ਜਨਵਰੀ 2018 ਵਿਚ ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿਚ ਅੱਠ ਸਾਲਾ ਬੱਚੀ ਨਾਲ ਜਬਰ-ਜਨਾਹ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿਚ ਫ਼ੈਸਲਾ ਪਠਾਨਕੋਟ ਦੀ ਅਦਾਲਤ ਨੇ 10 ਜੂਨ, 2019 ਨੂੰ ਸੁਣਾਇਆ ਸੀ। ਸੁਪਰੀਮ ਕੋਰਟ ਦੇ ਹੁਕਮਾਂ ਉਤੇ ਕੇਸ ਪੰਜਾਬ ਵਿਚ ਤਬਦੀਲ ਕੀਤਾ ਗਿਆ ਸੀ। ਅਦਾਲਤ ਨੇ ਇਸ ਮਾਮਲੇ ਵਿਚ ਮੁੱਖ ਮੁਲਜ਼ਮ ਸੰਜੀ ਰਾਮ ਸਣੇ ਛੇ ਜਣਿਆਂ ਨੂੰ ਸਜ਼ਾ ਸੁਣਾਈ ਸੀ। ਦੋਸ਼ੀਆਂ ਵਿਚ ਬਰਖਾਸਤ ਪੁਲੀਸ ਕਰਮੀ ਆਨੰਦ ਦੱਤਾ ਵੀ ਸ਼ਾਮਲ ਸੀ ਜਿਸ ਨੂੰ ਅਦਾਲਤ ਤੋਂ ਹੁਣ ਜ਼ਮਾਨਤ ਮਿਲੀ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਰੀਬ ਹੋ ਰਹੇ ਨੇ ਜੰਮੂ ਕਸ਼ਮੀਰ ਦੇ ਲੋਕ: ਆਜ਼ਾਦ
Next articleਹਰਕ ਰਾਵਤ ਦੀ ਸ਼ਿਕਾਇਤ, ਪਰਿਵਾਰ ਦਾ ਮਾਮਲਾ: ਮੁੱਖੀ ਮੰਤਰੀ ਧਾਮੀ