ਬੀਬੀ ਗੁਰਪ੍ਰੀਤ ਕੌਰ ਵੱਲੋਂ ਜੋੜ ਮੇਲੇ ਸਬੰਧੀ ਪੋਸਟਰ ਜਾਰੀ
ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਸ੍ਰੀ ਗੁਰੂ ਅਮਰਦਾਸ ਜੀ ਵੱਲੋਂ ਸਿੱਖੀ ਦੇ ਪ੍ਰਚਾਰ ਤੇ ਪਸਾਰ ਲਈ ਥਾਪੇ ਗਏ ਸਿੱਖ ਮੰਜੀਦਾਰ ਭਾਈ ਲਾਲੂ ਜੀ ਦੀ ਯਾਦ ’ਚ ਸਲਾਨਾ ਜੋੜ ਮੇਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਭਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਪ੍ਰਕਾਸ਼ ਅਸਥਾਨ ਭਾਈ ਲਾਲੂ ਜੀ ਡੱਲਾ ਵਿਖੇ 5 ਤੇ 6 ਅਕਤੂਬਰ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਅੱਜ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ ਅਤੇ ਜਨਰਲ ਕੌਂਸਲ ਦੇ ਸਾਬਕਾ ਮੈਂਬਰ ਜਥੇਦਾਰ ਹਰਜਿੰਦਰ ਸਿੰਘ ਵਿਰਕ ਵੱਲੋਂ ਇਲਾਕੇ ਭਰ ਦੀਆਂ ਸਭਾ-ਸੋਸਾਇਟੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਮੇਲੇ ਦੌਰਾਨ ਨਿਭਾਈਆਂ ਜਾਣ ਵਾਲੀਆਂ ਸੇਵਾਵਾਂ ਬਾਰੇ ਚਰਚਾ ਕੀਤੀ।
ਇਸ ਮੌਕੇ ਸਮਾਗਮਾਂ ਬਾਰੇ ਜਾਣਕਾਰੀ ਦਿੰਦੇ ਮੈਨੇਜ਼ਰ ਭਾਈ ਚੈਂਚਲ ਸਿੰਘ ਆਹਲੀ ਨੇ ਦੱਸਿਆ ਕਿ 3 ਅਕਤੂਬਰ ਨੂੰ ਗੁਰਦੁਆਰਾ ਪ੍ਰਕਾਸ਼ ਅਸਥਾਨ ਭਾਈ ਲਾਲੂ ਜੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ ਅਤੇ 5 ਅਕਤੂਬਰ ਨੂੰ ਭੋਗ ਪੈਣ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਲੌਕਿਕ ਨਗਰ ਕੀਰਤਨ ਸਜਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 5 ਅਕਤੂਬਰ ਸ਼ਾਮ 5 ਵਜੇ ਤੋਂ ਅਗਲੇ ਦਿਨ 6 ਅਕਤੂਬਰ ਸ਼ਾਮ 4 ਵਜੇ ਤੱਕ ਧਾਰਮਿਕ ਦਿਵਾਨ ਸਜਾਇਆ ਜਾਵੇਗਾ ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਵੀਸ਼ਰ ਅਤੇ ਕੀਰਤਨੀ ਜਥੇ ਸੰਗਤਾਂ ਨੂੰ ਗੁਰੂ ਜੱਸ ਸੁਣਾ ਕੇ ਨਿਹਾਲ ਕਰਨਗੇ। ਇਸ ਮੌਕੇ ਬੀਬੀ ਗੁਰਪ੍ਰੀਤ ਕੌਰ ਰੂਹੀ, ਜਥੇ. ਹਰਜਿੰਦਰ ਸਿੰਘ ਵਿਰਕ, ਬੀਬੀ ਬਲਜੀਤ ਕੌਰ ਮੌਠਾਂਵਾਲ, ਮੈਨੇਜ਼ਰ ਚੈਂਚਲ ਸਿੰਘ, ਸਤਿੰਦਰ ਸਿੰਘ ਮਨਿਆਲਾ, ਅੰਤਰਰਾਸ਼ਟਰੀ ਢਾਡੀ ਭਾਈ ਮਨਜੀਤ ਸਿੰਘ ਖਿੰਡਾ, ਹੈੱਡ ਗ੍ਰੰਥੀ ਭਾਈ ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤ ਹਾਜ਼ਰ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly