ਬੁੱਧ ਚਿੰਤਨ

ਰਾਹਾਂ ਵਿੱਚ ਅੰਗਿਆਰ ਬੜੇ ਹਨ !

ਬੁੱਧ ਸਿੰਘ ਨੀਲੋਂ 

 (ਸਮਾਜ ਵੀਕਲੀ) ਇਸ ਸਮੇਂ ਪੰਜਾਬ ਦੇ ਜਾਗਦੇ ਲੋਕਾਂ ਦੇ ਪੈਰਾਂ ਹੇਠਾਂ ਅੰਗਿਆਰ ਹਨ ਤੇ ਸਿਰ ਸੱਤਾਧਾਰੀਆਂ ਦੀ ਤਲਵਾਰ ਲਟਕ ਦੀ ਹੈ। ਜੋ ਲੋਕ ਨਾ ਚੁੱਪ ਹਨ, ਉਹਨਾਂ ਦੇ ਲਈ ਇਹ ਧਰਨੇ, ਰੋਸ ਰੈਲੀਆਂ ਤੇ ਬੰਦ ਦੇ ਸੱਦੇ ਫਜ਼ੂਲ ਹਨ। ਬਹੁਗਿਣਤੀ ਲੋਕਾਂ ਦੀ ਮਾਨਸਿਕਤਾ ਘਰ ਤੋਂ ਕੰਮ ਉਤੇ, ਕੰਮ ਤੋਂ ਘਰ ਤੱਕ ਦੀ ਬਣਾ ਦਿੱਤੀ ਹੈ। ਅਜੋਕੇ ਸਮਿਆਂ ਵਿੱਚ ਜ਼ਿੰਦਗੀ ਨੇ ਜਿਉਣਾ ਐਨਾ ਦੁੱਬਰ ਤੇ ਔਖਾ ਕਰ ਦਿੱਤਾ ਹੈ ਕਿ ਚੁੱਲ੍ਹਾ ਬਲਦਾ ਰੱਖਣਾ ਮੁਸ਼ਕਲ ਹੋ ਗਿਆ।ਕੂੜੇ ਦੇ ਢੇਰ ਵਾਂਗ ਵਧਦੀ ਮਹਿੰਗਾਈ ਏ ਉਸਦਾ ਸਭ ਕੁੱਝ ਗਿਰਵੀ ਰਖਵਾ ਲਿਆ ਹੈ। ਅਸਮਾਨ ਛੂਹਦੀਆਂ ਬਜ਼ਾਰ ਦੀ ਕੀਮਤਾਂ ਨੇ ਮਨੁੱਖ ਨੂੰ ਚੱਕਰਵਿਊ ਵਿੱਚ ਫਸਾ ਲਿਆ ਹੈ। ਉਸਦੀ ਹਾਲਤ ਧੋਬੀ ਦੇ ਕੁੱਤੇ ਵਰਗੀ ਹੋ ਗਈ ਹੈ। ਬਹੁਗਿਣਤੀ ਲੋਕਾਂ ਦੀ ਦਸ਼ਾ ਤੇ ਦਿਸ਼ਾ ਊਠ ਮਗਰ ਤੁਰੇ ਜਾ ਰਹੇ ਕੁੱਤੇ ਵਰਗੀ ਹੈ। ਦੋਨਾਂ ਹੀ ਹਾਲਤਾਂ ਦੇ ਵਿੱਚ ਆਮ ਤੇ ਮੱਧ ਵਰਗੀ ਮਨੁੱਖ ਕੁੱਤਾ ਬਣ ਕੇ ਰਹਿ ਗਿਆ ਹੈ। ਆਮ ਆਦਮੀ ਆਪਣੇ ਘਰ ਤੇ ਪਰਿਵਾਰ ਪ੍ਰਤੀ ਵਫਾਦਾਰ ਹੈ । ਮੱਧ ਵਰਗੀ ਸਮਾਜ ਆਪਣੇ ਅਣ ਇੱਛਤ ਇੱਛਾਵਾਂ ਦੇ ਪ੍ਰਤੀ ਸਮਰਪਿਤ ਹੈ ਪਰ ਚੱਕੀ ਦੇ ਦੋਵੇਂ ਹੀ ਪੁੜਾਂ ਦੇ ਹੇਠਾਂ ਦੋਵੇਂ ਪਿਸ ਰਹੇ ਹਨ। ਆਮ ਆਦਮੀ ਚੀਕਦਾ ਹੈ ਤੇ ਸੱਤਾ ਦੇ ਖਿਲਾਫ ਸੰਘਰਸ਼ ਦੇ ਰਾਹ ਕਿਵੇਂ ਤੁਰੇ ? ਉਹ ਸੱਤਾ ਦੇ ਵਿਰੁੱਧ ਸੰਘਰਸ਼ ਕਰੇ ਜਾਂ ਪਰਵਾਰ ਬਚਾਉਣ ਲਈ ਆਪਣਾ ਖੂਨ ਪਸੀਨਾ ਵਹਾਏ ? ਕਿਉਂਕਿ ਸਰਮਾਏਦਾਰੀ ਸਿਸਟਮ ਐਨਾ ਮਜ਼ਬੂਤ ਤੇ ਬੇਕਿਰਕ ਹੈ ਕਿ ਉਸਦੇ ਲਈ ਮਨੁੱਖ ਦੇ ਨਾਲੋਂ ਵਸਤੂਆਂ ਦੀ ਵਧੇਰੇ ਕੀਮਤ ਹੈ। ਸਿੱਖਿਆ ਤੇ ਧਰਮ ਗੋਰਖਧੰਦਾ ਬਣ ਕਿ ਮੁਨਾਫੇ ਦਾ ਸਾਧਨ ਬਣ ਕੇ ਰਹਿ ਗਿਆ ਹੈ। ਆਮ ਮਨੁੱਖ ਨੂੰ ਕਿਧਰੇ ਵੀ ਚਾਨਣ ਨਜ਼ਰ ਨਹੀਂ ਆ ਰਿਹਾ। ਬਹੁਗਿਣਤੀ ਲੋਕਾਂ ਦੀ ਰੂਹ ਮਰ ਗਈ ਹੈ। ਜੋ ਰੂਹਦਾਰੀ ਵਾਲੇ ਹਨ, ਉਹ ਚੁੱਪ ਹਨ। ਸੱਤਾਧਾਰੀ ਵੋਟਾਂ ਗਿਣਦੇ ਤੇ ਨੌਜਵਾਨ ਪਾਣੀ ਮਿਣਦੇ ਫਿਰ ਰਹੇ ਹਨ। ਲੋਕ ਸਿਰ ਨੀਵਾਂ ਕਰਕੇ ਬੇਸ਼ਰਮ ਹੋਏ ਭੇਡਾਂ ਵਾਂਗ ਉਹਨਾਂ ਮਗਰ ਛਾਲ ਮਾਰ ਰਹੇ ਹਨ। ਸੱਤਾਧਾਰੀ ਮੂਕ ਦਰਸ਼ਕ ਬਣ ਗਿਆ ਹੈ। ਉਂਝ ਥਾਂ ਥਾਂ ਰੋਸ ਪ੍ਰਦਰਸ਼ਨ ਹੋ ਰਹੇ ਹਨ। ਆਮ ਲੋਕਾਂ ਨੂੰ ਸੱਤਧਾਰੀ ਹਕੂਮਤ, ਉਨ੍ਹਾਂ ਦੇ ਧੀਆਂ ਪੁੱਤਾਂ ਤੋਂ ਕੁਟਵਾ ਰਹੀ ਹੈ। ਅਸੀਂ ਕੁੱਟ ਖਾ ਰਹੇ ਹਾਂ। ਪਹਿਲਾਂ ਗੋਰੇ ਸਿਆਸਤਦਾਨ ਬਣੇ ਸਨ, ਆਮ ਲੋਕਾਂ ਨੂੰ ਉਨ੍ਹਾਂ ਦੇ ਲੋਕਾਂ ਤੋਂ ਹੀ ਕੁੱਟਵਾਉਦੇ ਤੇ ਮਰਵਾਉਦੇ ਸਨ। ਕੀ ਬਦਲਿਆ 76 ਸਾਲ ਵਿੱਚ, ਸਿਰਫ ਸਮਾਂ ਬਦਲਿਆ ਹੈ। ਸੱਤਧਾਰੀ ਲੋਕ ਬਦਲੇ ਹਨ। ਬਾਕੀ ਕਾਨੂੰਨ ਤੇ ਤਸ਼ੱਦਤ ਦਾ ਤਰੀਕਾ ਨਹੀਂ ਬਦਲਿਆ। ਉਹ ਪਹਿਲਾਂ ਨਾਲੋਂ ਵੀ ਕਰੂਰ ਹੋਇਆ ਹੈ। ਇਸ ਦੇ ਪਿੱਛੇ ਕੌਣ ਹੈ ਜੋ ਕੱਠਪੁਤਲੀ ਦੇ ਵਾਂਗੂੰ ਡੋਰ ਖਿੱਚਦਾ ਹੈ ? ਆਮ ਲੋਕਾਂ ਦੇ ਦੁਸ਼ਮਣ ਅਸਲੀ ਉਹ ਹੈ, ਜਿਹੜੇ ਕਾਰਪੋਰੇਟ ਘਰਾਣਿਆਂ ਤੇ ਸੱਤਾਧਾਰੀ ਤਾਂ ਦਲਾਲ ਹਨ। ਇਹ ਜੰਗ ਦੇ ਵਿੱਚ ਕੌਣ ਮਰ ਰਿਹਾ ਹੈ ? ਆਮ ਆਦਮੀ ਕੌਣ ਹੈ, ਉਹ ਕਿਹੜੀ ਅੱਗ ਉਤੇ ਛੱਲੀ ਭੁੰਨ ਰਿਹਾ ਹੈ ? ਕੌਣ ਅੱਗ ਵਿੱਚ ਬਲ ਰਿਹਾ ਹੈ? ਭੁੱਬਲ ਦੇ ਵਿੱਚ ਕੌਣ ? ਛੱਲੀ ਕੌਣ ਭੁੰਨ ਰਿਹਾ ਹੈ ?ਇਸ ਸਮੇਂ ਸੋਚਣ ਤੇ ਸਿਰ ਜੋੜਣ ਦੀ ਲੋੜ ਹੈ। ਲੋਕਾਂ ਨੂੰ ਸਿਰ ਵਿੱਚੋਂ ਧਰਮ ਦਾ ਭਾਰ ਉਤਾਰ ਕੇ ਅਕਲ ਦੇ ਦਰਵਾਜ਼ੇ ਨੂੰ ਖੜਕਾਉਣ ਦੀ ਲੋੜ ਹੈ। ਧਰਮ ਮਹਿਜ਼ ਠੁੰਮਣਾ ਹੈ, ਇਸ ਤੋਂ ਵਧੇਰੇ ਕੁੱਝ ਨਹੀਂ। ਪੜ੍ਹੋ, ਜੁੜੋ,ਤੁਰੋ ਤੇ ਸੰਘਰਸ਼ ਕਰੋ। ਹੁਣ ਸ਼ਹੀਦੀਆਂ ਦੇਣ ਦਾ ਸਮਾਂ ਨਹੀਂ ਸਗੋਂ ਵਿਚਾਰਾਂ ਦੀ ਜੰਗ ਲੜਨ ਦਾ ਸਮਾਂ ਹੈ। ਵਿਚਾਰ ਪੈਦਾ ਕਰਨ ਲਈ ਗਿਆਨ, ਅਧਿਐਨ ਤੇ ਚੰਗੀਆਂ ਕਿਤਾਬਾਂ ਪੜ੍ਹਨ ਦੀ ਲੋੜ ਹੈ। ਕਿਤਾਬਾਂ ਵੱਲ ਖੁੱਲ੍ਹਦੀ ਖਿੜਕੀਆਂ, ਵੱਡੀਆਂ ਵੱਡੀਆਂ ਮੰਜ਼ਿਲਾਂ ਦੇ ਰਾਹ ਦੱਸਦੀਆਂ ਹਨ। ਧਰਮ ਦੀ ਸਵਾਹ ਨਾ ਫਰੋਲੋ। ਇਸ ਦੇ ਲਈ ਜੀਵਨ ਖਰਾਬ ਨਾ ਕਰੋ। ਚੰਗੀਆਂ ਕਿਤਾਬਾਂ ਨਾਲ ਸਾਂਝ ਪਾਉਣ ਦੀ ਲੋੜ ਹੈ। ਗਿਆਨ ਵਿਗਿਆਨ ਹਾਸਲ ਕਰਨ ਪੜ੍ਹਨ ਤੇ ਸੁਣਨ ਦੀ ਆਦਤ ਬਣਾਓ। ਕਿਉਂਕਿ ਜ਼ਿੰਦਗੀ ਦੇ ਰਸਤਿਆਂ ਵਿੱਚ ਅੰਗਿਆਰ ਬਹੁਤ ਹਨ। ਇਹਨਾਂ ਨੂੰ ਚੁਗਣ ਦੀ ਵਜਾਏ ਇਹਨਾਂ ਉਪਰ ਦੀ ਬਚ ਕੇ ਨਿਕਲ ਲਈ ਆਪਣੇ ਦਿਮਾਗ਼ ਨੂੰ ਵਰਤੋ, ਭੇਡਾਂ ਬਣ ਅੱਗ ਵਿੱਚ ਛਾਲਾਂ ਨਾ ਮਾਰੋ। ਅੱਗ ਵਿੱਚ ਛਾਲਾਂ ਮਰਵਾਉਣ ਵਾਲਿਆਂ ਨੂੰ ਪਛਾਣੋ ਕਿ ਉਹ ਕੌਣ ਤੇ ਕਿਸ ਦੇ ਲੜਾਈ ਲੜ ਰਹੇ ਹਨ। ਇਸ ਸਮੇਂ ਪੰਜਾਬ ਦੇ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਰਹੀ ਹੈ। ਜਦੋਂ ਜ਼ਮੀਨ ਨਾ ਰਹੀ ਤਾਂ ਜ਼ਿੰਦਗੀ ਦੀ ਲਾਸ਼ ਚੁੱਕੀ ਫਿਰੋਗੇ। ਨਾਇਕ ਵਿਹੂਣੇ ਸੰਘਰਸ਼ ਦਾ ਕੋਈ ਤਣ ਪੱਤਣ ਨਹੀਂ ਹੁੰਦਾ। ਇਹਨਾਂ ਸਮਿਆਂ ਵਿੱਚ ਆਪਣੇ ਆਪ ਨੂੰ ਨਾਇਕ ਬਣਾਉਣ ਦੀ ਲੋੜ ਹੈ। ਆਪਣੇ ਆਪ ਸਮਝਣ ਦੀ ਲੋੜ ਹੈ, ਲੋੜ ਵਿੱਚੋਂ ਕੋਈ ਰਾਹ ਲੱਭੋ। ਗੁਆਚਿਆ ਹੋਇਆ ਕੁੱਝ ਨਹੀਂ, ਸਿਰਫ਼ ਤਲਾਸ਼ ਕਰਨ ਦੀ ਲੋੜ ਹੈ। ਇਹਨਾਂ ਅੰਗਿਆਰਾਂ ਵਿੱਚ ਮੌਤ ਤੋਂ ਬਾਅਦ ਕੁੱਝ ਨਹੀਂ। ਹੁਣ ਸੋਚਣਾ ਤੁਸੀਂ ਹੈ, ਅੱਗ ਵਿੱਚ ਸੜਨਾ ਹੈ, ਜਾਂ ਅੱਗ ਉੱਤੇ ਰੋਟੀਆਂ ਤੇ ਬੋਟੀਆਂ ਸੇਕਣੀਆਂ ਹਨ?

ਬੁੱਧ ਸਿੰਘ ਨੀਲੋਂ 
9467370823

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾਵਾਂ
Next articleਬੁੱਧ ਬਾਣ