ਤਮਗਾ

ਸੋਨੂੰ ਮੰਗਲ਼ੀ

(ਸਮਾਜ ਵੀਕਲੀ)

“..ਬਾਪੂ ! ਬਾਪੂ ਆਹ ਦੇਖ ਸਰਕਾਰ ਓਲੰਪਿਕ ਖੇਡਾਂ ਵਿੱਚ ਮੈਡਲ ਜਿੱਤਣ ਵਾਲ਼ੇ ਖਿਡਾਰੀਆਂ ਨੂੰ ਕਰੋੜਾਂ ਰੁਪਏ ਦੇ ਇਨਾਮ ਦੇ ਰਹੀ । ਮੈਂ ਵੀ ਤਾਂ ਖੇਡਾਂ ਵਿੱਚ ਦੇਸ਼ ਦਾ ਨਾਮ ਚਮਕਾਉਣ ਦੀ ਤਿਆਰੀ ਕਰ ਰਿਹਾਂ । ਕੀ ਪਤਾ ਸਰਕਾਰ ਮੇਰੀ ਵੀ ਕੋਈ ਵਿੱਤੀ ਸਹਾਇਤਾ ਕਰ ਦੇਵੇ ? ..” ਗਗਨ ਦੇ ਅੱਖਾਂ ਵਿੱਚ ਉਮੀਦ ਦੀ ਇਕ ਕਿਰਨ ਨਹੀਂ ਆ ਰਹੀ ਸੀ । ਜਦੋਂ ਉਹ ਆਪਣੇ ਬਾਪੂ ਅਜਮੇਰ ਸਿੰਘ ਨੂੰ ਪੰਜਾਬ ਸਰਕਾਰ ਵਲੋਂ ਉਲੰਪਿਕ ਵਿੱਚ ਤਮਗਾ ਜੇਤੂ ਖਿਡਾਰੀਆਂ ਨੂੰ ਕਰੋੜਾਂ ਦੇ ਇਨਾਮ ਦੇਣ ਦੀ ਖਬਰ ਟੈਲੀਵਿਜ਼ਨ ਉਪਰ ਚਲਦੀ ਦਿਖਾ ਰਿਹਾ ਸੀ ।

ਅਜਮੇਰ ਸਿੰਘ ਨੇ ਲੰਮਾ ਸਾਹ ਲ਼ਿਆ ਅਤੇ ਫਿਰ ਆਪਣਾ ਹੱਥ ਗਗਨ ਦੇ ਮੋਢੇ ਉਪਰ ਰੱਖਦੇ ਹੋਏ ਬੋਲਿਆ ..” ਪੁੱਤਰਾ ਜੇ ਸਰਕਰਾਂ ਤਮਗਾ ਜੇਤੂਆਂ ਦੇ ਨਾਲ ਨਾਲ ਤਮਗਾ ਜਿੱਤਣ ਦੀਆਂ ਤਿਆਰੀਆਂ ਵਿੱਚ ਲੱਗੇ ਖਿਡਾਰੀਆਂ ਲਈ ਵੀ ਕਰੋੜਾਂ ਖਰਚ ਕਰਦੀ ਹੁੰਦੀ ਤਾਂ ਅੱਜ 7 ਤਮਗਿਆਂ ਦੀ ਥਾਂ 70 ਤਗਮੇ ਜਿੱਤੇ ਹੋਣੇ ਸੀ ..” ।

ਗਗਨ ਕੁਝ ਪਲ਼ ਚੁੱਪ ਰਿਹਾ ਫੇਰ ਕੁਝ ਸੋਚ ਕੇ ਬੋਲਣ ਲੱਗਾ ..” ਬਾਪੂ ! ਫੇਰ ਆਹ ਕੁਝ ਕੁ ਖਿਡਾਰੀਆਂ ਨੂੰ ਕਰੋੜਾਂ ਦੇਣ ਪਿੱਛੇ ਕੀ ਕਾਰਨ ਹੈ ..” ?

“.. ਪੁੱਤਰ ਜੀ 135 ਕਰੋੜ ਦੀ ਅਬਾਦੀ ਵਾਲ਼ੇ ਦੇਸ਼ ਨੇ ਘਟੀਆ ਖੇਡ ਨੀਤੀਆਂ ਕਰਕੇ ਸਿਰਫ 7 ਤਮਗੇ ਜਿੱਤੇ , ਜਦੋਂ ਭਾਰਤ ਨਾਲੋਂ 20 ਗੁਣਾ ਘੱਟ ਆਬਾਦੀ ਵਾਲ਼ੇ ਦੇਸ਼ਾਂ ਨੇ ਭਾਰਤ ਨਾਲੋਂ ਦੁਗਣੇ ਤਿੱਗਣੇ ਤਮਗੇ ਜਿੱਤੇ ਹਨ । ਲੋਕਾਂ ਦਾ ਧਿਆਨ ਇਸ ਪਾਸੇ ਨਾ ਜਾਵੇ ਇਸ ਲਈ ਇਹ ਚਲਾਕ ਨੇਤਾ ਲੋਕ ਕੁਝ ਖਿਡਾਰੀਆਂ ਨੂੰ ਪੈਸੇ ਦੇਕੇ ਸੱਚੇ ਹੋ ਜਾਂਦੇ ਹਨ …” । ਅਜਮੇਰ ਸਿੰਘ ਜੀ ਗੱਲ ਸੁਣਕੇ ਗਗਨ ਆਪਣੇ ਮੂੰਹ ਵਿੱਚ ਕੁਝ ਬੁੜਬੁੜਾਇਆ ਅਤੇ ਆਪਣੇ ਟੁੱਟੇ ਬੂਟ ਪਾਕੇ ਪ੍ਰੈਕਟਿਸ ਕਰਨ ਚੱਲ ਪਿਆ ।

ਸੋਨੂੰ ਮੰਗਲ਼ੀ
ਪਿੰਡ ਮੰਗਲ਼ੀ ਟਾਂਡਾ
ਲੁਧਿਆਣਾ ਫੋਨ 8194958011

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨੌਕਰ ਪਟਵਾਰੀ ਕਮਾਈ ਸਰਕਾਰੀ
Next article“ਹੁਣ ਤੂੰ ਬੋਲ ਕਬੀਰਾ”……..