(ਸਮਾਜ ਵੀਕਲੀ) ਦੇਸ਼ ਦੀ ਅਰਥ ਵਿਵਸਥਾ ਦਾ ਮਿਆਰ.. ਆਪਣੇ ਆਪ ਕਦੇ ਨਹੀਂ ਡਿੱਗਦਾ, ਸਗੋਂ ਡੇਗਿਆ ਜਾਂਦਾ ਹੈ.. ਇਸ ਦੀ ਆਰਥਿਕਤਾ ਨੂੰ ਨਿੱਜੀ ਸਹੂਲਤਾਂ ਲਈ ਵਰਤ ਕੇ। ਦੇਸ਼ ਦੀ ਅਰਥ – ਵਿਵਸਥਾ ਵਿੱਚ ਵੱਡਾ ਯੋਗਦਾਨ ਦੇਣ ਵਾਲ਼ਾ ਮੇਰਾ ਪੰਜਾਬ, ਅਜੇ ਤੱਕ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ। ਮੈਂਨੂੰ ਨਹੀਂ ਪਤਾ! ਕੌਣ ਕੀ ਚਾਹੁੰਦਾ ਹੈ, ਤੇ ਕਿਉਂ ਚਾਹੁੰਦਾ ਹੈ! ਬਸ ਫ਼ਰਕ ਏਨਾ ਹੈ ਕਿ ਸਮਾਜਿਕ ਜੀਵਨ ਉਥਲ-ਪੁਥਲ ਹੋ ਰਿਹਾ ਹੈ। ਅਰਥਵਿਵਸਥਾ ਕੌਡੀਆਂ ਦੇ ਭਾਅ ਜਾ ਰਹੀ ਹੈ। ਲੋਕਤੰਤਰ ਮਰ ਰਿਹਾ ਹੈ। ਜੀਵਨ ਉਲ਼ਝ ਰਿਹਾ ਹੈ। ਜਵਾਨੀ ਰੁਲ਼ ਰਹੀ ਹੈ ਤੇ ਬਚਪਨ ਕੁਚਲਿਆ ਜਾ ਰਿਹਾ ਹੈ। ਹਾਕਮ ਨੂੰ ਕਹੋ! ਲੋਕਤੰਤਰ ਨੂੰ ਪੈਰਾਂ ਹੇਠ ਕੁਚਲ ਕੇ ਦੇਸ਼ ਕਦੇ ਅੱਗੇ ਨਹੀਂ ਵਧ ਸਕਦਾ! ਜੇਕਰ ਅਜਿਹਾ ਹੋਇਆ ਤਾਂ ਨਤੀਜੇ ਖ਼ਤਰਨਾਕ ਹੋਣਗੇ। ਲੋਕਤੰਤਰ ਨੂੰ ਦਬਾਅ ਕੇ ਸਮਾਜ ਦੀ ਤਸਵੀਰ ਨਹੀਂ ਖਿੱਚੀ ਜਾ ਸਕਦੀ। ਰਾਜਨੀਤੀ ਦੀ ਖੇਡ ਵਿਚ ਅਰਥਵਿਵਸਥਾ ਅਤੇ ਸਮਾਜ ਰੁਲ਼ ਰਿਹਾ ਹੈ। ਆਜ਼ਾਦੀ ਹੈ ਕਿੱਥੇ? ਅਜੇ ਆਜ਼ਾਦ ਹੋਏ ਹੀ ਕਿੱਥੇ ਹਾਂ? ਸਾਨੂੰ ਜਕੜਨ ਲਈ ਤਾਂ ਉਤਲੀ ਜਮਾਤ ਨਿੱਤ ਨਵੀਆਂ ਬੇੜੀਆਂ ਤਿਆਰ ਕਰਦੀ ਆਈ ਹੈ। ਪੰਜਾਬ ਜਦੋਂ ਆਜ਼ਾਦੀ ਲਈ ਲੜਾਈ ਲੜਦਾ ਹੈ ਤਾਂ ਵੰਡਿਆ ਜਾਂਦਾ ਹੈ, ਉੱਜੜ ਜਾਂਦਾ ਹੈ, ਸਭ ਕੁਝ ਗੰਵਾ ਕੇ ਅੰਤ ਇਕੱਲਾ ਰਹਿ ਜਾਂਦਾ ਹੈ। ਫੇਰ ਉੱਠਦਾ ਹੈ, ਸੰਭਲ਼ਦਾ ਹੈ, ਫੇਰ ਲੜਦਾ ਹੈ। ਮੇਰਾ ਪੰਜਾਬ ਹੱਸਦਾ, ਖੇਡਦਾ, ਮੌਜਾਂ ਮਾਣਦਾ ਰਾਜਨੀਤਿਕ ਅਨਸਰਾਂ ਤੋਂ ਕਦੇ ਜਰਿਆ ਹੀ ਨਹੀਂ ਗਿਆ। ਜਿੱਥੇ ਰਾਜਨੀਤੀ ਦਾ ਅਸਲ ਮਕਸਦ ਲੋਕਾਂ ਦੇ ਹਿੱਤਾਂ ਅਤੇ ਆਜ਼ਾਦੀ ਦੀ ਰੱਖਿਆ ਕਰਨਾ ਹੋਣਾ ਚਾਹੀਦਾ ਸੀ ਉਥੇ ਰਾਜਨੀਤੀ ਦਾ ਅਸੂਲ ਲੋਕਾਂ ਨੂੰ ਗ਼ੁਲਾਮ ਬਣਾਉਣਾ, ਉਹਨਾਂ ਦੀ ਗੱਲ ਨੂੰ ਨਕਾਰਨਾ, ਉਹਨਾਂ ਦੀਆਂ ਮੰਗਾਂ ਨੂੰ ਨਜ਼ਰ – ਅੰਦਾਜ ਕਰਨਾ ਅਤੇ ਉਹਨਾਂ ‘ਤੇ ਆਪਣੇ ਹੁਕਮ ਥੋਪਣਾ ਬਣ ਚੁੱਕਿਆ ਹੈ। ਹਾਕਮ ਨੂੰ ਲਗਦਾ ਹੈ ਕਿ ਉਹ ਦੇਸ਼ ਚਲਾ ਰਿਹਾ ਹੈ… ਨਹੀਂ! ਨਹੀਂ! ਉਹ ਤਾਂ ਤਜ਼ਰਬੇ ਕਰ ਰਿਹਾ ਹੈ, ਖੇਡਾਂ ਖੇਡ ਰਿਹਾ ਹੈ, ਵਿਕਿਆ ਹੋਇਆ ਹੋਣ ਕਰਕੇ ਬੌਂਦਲਿਆ ਹੋਇਆ, ਹੱਥ-ਪੈਰ ਮਾਰ ਰਿਹਾ ਹੈ! ਕਦੇ ਸੋਚਿਆ ਵੀ ਨਹੀਂ ਸੀ, ਕਿ ਕਿਸਾਨ ਆਪਣੇ ਹੱਕਾਂ ਲਈ ਵੀ ਸੰਘਰਸ਼ ਕਰਨਗੇ! ਕਿੰਨੇ ਮਜਬੂਰ ਤੇ ਲਾਚਾਰ ਹੋ ਗਏ ਹੋਣਗੇ… ਕਿ ਉਹਨਾਂ ਨੂੰ ਘਰ ਤੇ ਖ਼ੇਤ ਛੱਡ ਕੇ ਖੁੱਲ੍ਹੀਆਂ ਸੜਕਾਂ ‘ਤੇ ਨਿਕਲਣਾ ਪਿਆ। ਇਸ’ ਤੇ ਵੀ ਸਰਕਾਰ ਬਚਕਾਨਾ ਹਰਕਤਾਂ ਕਰ ਰਹੀ ਹੈ। ਹਾਸੋਹੀਣੇ ਕਾਨੂੰਨ ਪਾਸ ਕਰ ਰਹੀ ਹੈ।
ਘਟੀਆ ਸਰਕਾਰ… ਪੂਰੀ ਤਰ੍ਹਾਂ ਆਪਣੇ ਲੋਕਪੱਖੀ ਸ਼ਾਸ਼ਨ ‘ਚ ਫੇਲ੍ਹ। ਹਲਕੀ ਸਰਕਾਰ… ਬੈਰੀਕੇਡਿੰਗ…! ਹਾ ਹਾ ਹਾ! ਸੈਨਿਕਾਂ ਦੀ ਫੌਜ ਖੜ੍ਹੀ ਕਰਨਾ! ਕਿਸ ਲਈ? ਤੇ ਕਿਉਂ? ਕੀ ਇਹ ਲੋਕਤੰਤਰ ਦਾ ਡਰ ਹੈ? ਜਾਂ ਤਾਨਾਸ਼ਾਹੀ ਦਿਖਾਵਾ! ਪਤਾ ਨਹੀਂ! ਪਰ ਜੋ ਵੀ ਹੈ ਭੁਗਤ ਪੰਜਾਬ ਰਿਹਾ ਏ। ਤੇ ਸੈਨਿਕ? ਜੋ ਭਰਤੀ ਹੋਣ ਵੇਲੇ ਆਖਦਾ ਸੀ ਕਿ ਮੈਂ ਦੇਸ਼ ਦੀ ਰੱਖਿਆ ਲਈ ਵਚਨਬੱਧ ਹਾਂ! ਹੁਣ ਉਹ ਕੀ ਕਿਹਾ ਕਰੇਗਾ ? ਕਿ ਮੈਂ ਦਿੱਲੀ ਦੀ ਰੱਖਿਆ ਲਈ ਚਮਚਾਗਿਰੀ ਕਰਾਂਗਾ! ਬੇਹੱਦ! ਬਕਵਾਸ ਸਿਸਟਮ! ਦੇਸ਼ ਦਾ ਕਾਨੂੰਨ ਸਰਕਾਰੀ ਜੁੱਤੀ ਤੋਂ ਵੱਧ ਕੁਝ ਵੀ ਨਹੀਂ। ਕਾਨੂੰਨ ਦੇ ਹੱਥ ਪਹਿਲਾਂ ਹੀ ਖੜ੍ਹੇ ਹਨ ਕਿ ਮੈਂ ਕੋਈ ਫੈਸਲਾ ਨਹੀਂ ਕਰਨਾ ਭਾਈ ਸਾਹਬ! ਫੈਸਲਾ ਤਾਂ ਹੋ ਚੁੱਕਾ! ਮੈਂ ਤਾਂ ਸਿਰਫ਼ ਮੋਹਰ ਲਾਉਣੀ ਹੈ।
ਨੌਟੰਕੀਬਾਜ ਰਾਜਨੈਤਿਕ! ਮੇਰੀ ਨਜ਼ਰ ਵਿਚ ਦੇਸ਼ ਦੀ ਸਟੇਜ ‘ਤੇ ਖੇਡੀ ਜਾਣ ਵਾਲੀ ਰਾਮਲੀਲਾ ਦੇ ਬੌਣੇ ਕਿਰਦਾਰ। ਚਲੋ ਜੋ ਵੀ ਹੋਵੇ… ਅਸਾਂ ਕੀ ਲੈਣਾ ਭਾਈ! ਮੇਰਾ ਦੇਸ਼ ਮਹਾਨ!!
ਰਿਤੂ ਵਾਸੂਦੇਵ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ