ਸਿਆਣੀਆਂ ਅਤੇ ਸੁਆਣੀਆਂ ਕੁੜੀਆਂ।

ਜਸਪਾਲ ਜੱਸੀ
         (ਸਮਾਜ ਵੀਕਲੀ)
ਸੱਚਮੁੱਚ ਹੀ ਕੁੜੀਆਂ ਸਿਆਣੀਆਂ ਹੁੰਦੀਆਂ ਹਨ ਸ਼ਾਇਦ ਛੋਟੇ ਹੁੰਦਿਆਂ ਤੋਂ ਹੀ ਸੁਆਣੀਆਂ‌ ਵੀ। ਮੋਹ ਖੋਰੀਆਂ ਕੁੜੀਆਂ ਗੁੱਸਾ ਵੀ ਜਤਾਉਂਦੀਆਂ ਹਨ,ਜਿੰਨਾ ਚਿਰ ਸਿਰ ‘ਤੇ ਹੱਥ ਨਾ ਜਾਵੇ ਓਨਾ ਚਿਰ ਤੁਸੀਂ ਇੱਕ ਗੱਲ ਵੀ ਅੱਗੇ ਨਹੀਂ ਕਰ ਸਕਦੇ।
ਇਹ ਰਿਸ਼ਤੇ ਧੁਰੋਂ ਵੀ ਬਣ ਕੇ ਆਉਂਦੇ ਹਨ ਤੇ ਆਪ ਵੀ ਬਣਾਉਣੇ ਪੈਂਦੇ ਹਨ। ਜੀਭ ਦੇ ਰਸ ਨਾਲ,ਦਿਲ ਦੀਆਂ ਗਹਿਰਾਈਆਂ ‘ਚੋਂ। ਜੇ ਕਦੇ ਭੁੱਲ ਕੇ, ਭੁੱਲ ਜਾਵੋਂ ਤਾਂ ਮਿਹਣਿਆਂ ਦੀ ਤਾਰ ਵੀ ਲੰਮੀ ਹੋ ਜਾਂਦੀ ਹੈ। ਪਿਆਰ ਤੇ ਸਤਿਕਾਰ ਇਹਨਾਂ ਨੂੰ ਸਕੂਨ ਬਖ਼ਸ਼ਦਾ ਹੈ। ਆਪਣਾ ਪਣ, ਪਿਆਰ,ਸਤਿਕਾਰ,ਇਹਨਾਂ ਦੇ ਰੋਮ ਰੋਮ ਵਿਚ ਰਚਿਆ ਹੋਇਆ ਹੈ। ਮੈਂ ਇਹ ਨਹੀਂ ਕਹਿੰਦਾ ਕਿ ਇਸ ਸਤਿਕਾਰ ਦੇ ਪਾਤਰ ਸਾਰੇ ਹੁੰਦੇ ਹਨ ਪਰ ਜੋ ਹੁੰਦੇ ਹਨ ਉਹ ਸੱਚ ਮੁੱਚ ਹੀ ਭਾਗਾਂ ਵਾਲੇ ਹੁੰਦੇ ਹਨ।
*ਸਮਾਜ ਦਾ ਆਧਾਰ ਪਿਆਰ ਤੇ ਸਤਿਕਾਰ ਹੈ।*
ਇਸ ਦੀ ਨੀਂਹ ਤੁਹਾਡੀ ਸੁਹਿਰਦਤਾ ਵਿਚ ਹੈ ਤੁਸੀਂ ਕਿਸੇ ਨੂੰ ਕਿੰਨਾ ਸਤਿਕਾਰ ਦਿੰਦੇ ਹੋ।
ਸੱਚ ਜਾਣਿਓ ! ਇਸ ਸਤਿਕਾਰ ਦਾ ਬਦਲ ਸਤਿਕਾਰ ਹੀ ਨਹੀਂ ਸਗੋਂ ਸਕੂਨ ਦਾ ਪ੍ਰਤੀਸਿਖਰ ਵੀ ਇੱਥੇ ਹੀ ਮਿਲਦਾ ਹੈ। ਸਭ ਨੇ ਇੱਥੋਂ ਚਲੇ ਜਾਣਾ ਹੀ ਹੈ ਪਰ ਉਹ ਇੱਥੇ ਕੀ ਛੱਡ ਕੇ ਗਿਆ ਹੈ ? ਇਸ ਦਾ ਪਤਾ ਜਾਣ ਤੋਂ ਬਾਅਦ ਲਗਦਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਜ਼ਿੰਦਗੀ ਵਿਚ ਕਿਸੇ ਨੂੰ ਛੱਡਿਆ ਨਹੀਂ। ਛੱਡਿਆ ਹੈ ਤੇ ਛੱਡਦੇ ਹਾਂ‌ ਤੇ ਛੱਡਦੇ ਰਹਿਣਾ ਵੀ ਹੈ। ਇਹ ਉਦੋਂ ਸੰਭਵ ਹੁੰਦਾ ਹੈ ਜਦੋਂ ਤੁਸੀਂ ਮਹਿਸੂਸ ਕਰੋਂ ਕਿ ਇਹ ਬੰਦਾ/ ਬੰਦੀ ਕਿਸੇ ਗ਼ਲਤ ਫ਼ਹਿਮੀ ਦਾ ਸ਼ਿਕਾਰ ਹੋ ਕੇ ਤੁਹਾਡੀ ਬੇਇਜ਼ਤੀ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰ ਰਿਹਾ ਸਗੋਂ ਕਰ ਰਿਹਾ ਹੈ।
ਇਸ ਝਮੇਲੇ ਤੋਂ ਬਚਣ ਲਈ ਸਾਨੂੰ ਜਾਂ ਤਾਂ ਉਸ ਗ਼ਲਤ ਫਹਿਮੀ ਦੇ ਸ਼ਿਕਾਰ ਮਿੱਤਰ ਨੂੰ ਛੱਡ ਦੇਣਾ ਚਾਹੀਦਾ ਹੈ ਜਾਂ ਉਸ ਸਭਾ, ਸੁਸਾਇਟੀ ਨੂੰ ਜਿੱਥੇ ਉਸ ਦੇ ਮਿਲਣ ਦੀਆਂ ਸੰਭਾਵਨਾਵਾਂ ਨਾਲ ਤੁਸੀਂ ਤਣਾਅ ਗ੍ਰਸਤ ਹੋ ਜਾਵੋਂ ਉਸ ਸਭਾ ਸੁਸਾਇਟੀ ਨੂੰ ਛੱਡ ਦਿਓ।
ਤੁਹਾਡੇ ਵਰਗੇ ਅਣਚਾਹੇ ਚਿਹਰੇ ਉਹਨਾਂ ਨੂੰ‌ ਹੋਰ ਬਥੇਰੇ ਮਿਲ ਜਾਣਗੇ।
*ਜ਼ਿੰਦਗੀ ਦਾ ਮੂਲ ਮਕਸਦ ਤਣਾਅ ਮੁਕਤ ਵਾਤਾਵਰਨ ਹੈ।* ਇਹ ਤੁਸੀਂ ਹੀ ਬਣਾਉਣਾ ਹੈ। *ਧੂਆਂ ਤੁਹਾਡੇ ਸਵਾਸਾਂ ਨੂੰ ਓਨਾ ਚਿਰ ਤੰਗ ਨਹੀਂ ਕਰਦਾ ਜਦੋਂ ਤੱਕ ਤੁਸੀਂ ਗਿੱਲੀ ਲੱਕੜ ਨਹੀਂ ਧੁਖਾਉਂਦੇ।*
ਪਿਛਲੀ ਦਿਨੀਂ ਛਿੰਦਰ ਕੌਰ ਸਿਰਸਾ ਦੀ ਨਵੀਂ ਕਿਤਾਬ *ਭਰ ਜੋਬਨ ਬੰਦਗੀ* ਉਸ ਨੇ ਇੱਕ ਫੰਕਸ਼ਨ ‘ਤੇ ਭੇਂਟ ਕੀਤੀ। ਛਿੰਦਰ ਕਿਆ ਬਾਤ ਕਵਿਤਾ ਕਹਿੰਦੀ ਹੈ। ਉਹ ਜਿੰਨੀ ਵਧੀਆ ਕਵਿਤਰੀ ਹੈ ਉਸ ਤੋਂ ਵੀ ਵਧੀਆ ਸੁਆਣੀ ਕੁੜੀ ਹੈ। ਮੇਰੀ ਮੁਲਾਕਾਤ ਉਸ ਨਾਲ ਰੇਡੀਓ ਸਟੇਸ਼ਨ ‘ਤੇ ਉਸ ਵੱਲੋਂ ਕੀਤੀ ਗਈ ਇੰਟਰਵਿਊ ਵੇਲੇ ਪੰਜ ਕੁ ਸਾਲ ਪਹਿਲਾਂ ਹੋਈ ਸੀ।
ਰਾਜਬੀਰ ਨਾਲ ਤੀਹ ਕੁ ਸਾਲ ਪਹਿਲਾਂ ਮਿਲਣ ਦਾ ਸਬੱਬ ਬਣਿਆ ਜਦੋਂ ਮੈਂ ਕਿਸੇ ਸੀਰੀਅਲ ਲਈ ਡਾਇਲਾਗ ਲਿਖ ਰਿਹਾ ਸੀ। ਸ਼ੂਟਿੰਗ ਸਮੇਂ ਮੈਂ ਕੈਮਰੇ ਤੋਂ ਬਹੁਤ ਡਰਦਾ ਹਾਂ। ਉਹ ਆਪਣੀ ਤਿੰਨ ਸਾਲਾਂ ਬੱਚੀ ਨਾਲ ਉੱਥੇ ਪਹੁੰਚੀ ਹੋਈ ਸੀ।ਬੜੀ ਬੀਬਾ ਤੇ ਸਿਆਣੀ ਕੁੜੀ। ਉਸ ਦੇ ਨਾਲ ਵੀ ਪਿਛਲੇ ਪੱਚੀ, ਤੀਹ ਵਰ੍ਹਿਆਂ ਤੋਂ ਸੰਪਰਕ ਵਿਚ ਹਾਂ।
                    ਪ੍ਰੋਫ਼ੈਸਰ ਡਾਕਟਰ ਖੁਸ਼ਨਸੀਬ ਕੌਰ (ਸੂਰੀਆ ਖੁਸ਼)ਸ਼ਬਦਾਂ ਦੀ ਜਾਦੂਗਰ ਹੈ ਉਸ ਦੀ ਲੇਖਣੀ ਤੇ ਰਚਨਾ ‘ਚੋਂ ਉਸ ਦੀ ਲਿਆਕਤ, ਮੁਹਾਂਦਰਾ ਤੇ ਆਪਣੇ ਕਿੱਤੇ ਅਧਿਆਪਨ ਪ੍ਰਤੀ ਸੁਹਿਰਦਤਾ ਸਿਰ ਚੜ੍ਹ ਕੇ ਬੋਲਦੀ ਹੈ। ਜਦੋਂ ਸਿਆਣਪ ਦਾ ਕੋਈ ਕੂਮੈਂਟ ਸੋਸ਼ਲ ਮੀਡੀਆ ‘ਤੇ ਸਾਂਝਾ ਕਰਨਾ ਪਵੇ ਤਾਂ ਇਹ ਉਹਨਾਂ ਵਿਚ ਇੱਕ ਡਾਕਟਰ ਸਾਹਿਬਾ ਹੁੰਦੇ ਨੇ। ਜਿਹਨਾਂ ਨੂੰ ਕੋਡ ਕਰਕੇ ਸਕੂਨ ਮਿਲਦਾ ਹੈ।
ਸਬੱਬੀ ਜਦੋਂ ਤਿੰਨੋਂ ਕੁੜੀਆਂ ਇਕੱਠੀਆਂ ਹੀ ਇੱਕ ਫੰਕਸ਼ਨ ‘ਤੇ ਮਿਲ ਗਈਆਂ ਤਾਂ ਲੱਗਿਆ ਕਿ ਅੱਜ ਦਾ ਦਿਨ ਸਾਰਥਿਕ ਹੋ ਗਿਆ। ਉਹਨਾਂ ਨੇ ਜਦੋਂ ਕਿਹਾ ਜੱਸੀ ਵੀਰ ਜੀ ! ਅੱਜ ਦੀ ਇੱਕ ਯਾਦਗਾਰੀ ਫ਼ੋਟੋ ਵੀ ਹੋ ਜਾਵੇ ! ਭਾਵੇਂ ਛਿੰਦਰ ਕੌਰ ਸਿਰਸਾ ਅਤੇ ਪ੍ਰੋਫ਼ੈਸਰ ਖੁਸ਼ਨਸੀਬ ਕੌਰ (ਸੂਰੀਆ ਖੁਸ਼) ਆਪਸ ਵਿਚ ਪਹਿਲਾਂ ਤੋਂ ਹੀ ਜਾਣੂ ਸਨ ਤੇ ਸਹੇਲੀਆਂ ਵੀ ਪਰ ਰਾਜਬੀਰ ਨੂੰ ਉਹਨਾਂ ਨਾਲ ਮੈਂ ਹੀ ਮਿਲਾਇਆ।
ਮੈਂਨੂੰ ਲੱਗਿਆ ਅੱਜ ਗੰਗਾ,ਜਮੁਨਾ, ਤੇ ਸਰਸਵਤੀ ਦਾ ਸੰਗਮ ਵੀ ਹੋ ਗਿਆ। ਆਪਣੀਆਂ ਤਿੰਨਾਂ ਮਾਂ ਜਾਈਆਂ ਭੈਣਾਂ ਦਾ ਮੁਹਾਂਦਰਾ ਵੀ ਇਹਨਾਂ ‘ਚੋਂ ਨਜ਼ਰ ਆਇਆ। ਬਹੁਤ ਨਵੀਆਂ, ਪੁਰਾਣੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ।
ਧੰਨਵਾਦ ਕੁੜੀਓ !
ਹਮੇਸ਼ਾਂ ਹੱਸਦੀਆਂ ਵੱਸਦੀਆਂ ਰਹੋ।
ਆਮੀਨ!
ਜਸਪਾਲ ਜੱਸੀ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਸ਼! ਅਸੀਂ ਪੰਛੀ ਹੁੰਦੇ
Next articleਅੱਜ ਕੁੱਝ ਮਰ ਗਿਆ / ਪਰ ਹਮੇਸ਼ਾਂ ਲਈ ਨਹੀਂ