(ਸਮਾਜ ਵੀਕਲੀ)
ਜੇ ਤੁਰ ਵੀ’ਗਿਆ ਏਸ ਦੁਨੀਆਂ ਤੋਂ,
ਅੱਖਰਾਂ ਚੋਂ ਬੋਲਣ ਲਗ ਜਾਣਾ
ਕੀ ਦਿਲ ਮੇਰੇ ਵਿਚ ਲੁਕਿਆ ਸੀ,
ਸਭ ਭੇਦ ਫਰੋਲਣ ਲਗ ਜਾਣਾ
ਕੁਝ ਰਮਜ਼ਾਂ ਲਿਖੀਆਂ ਕੁਦਰਤ ਤੇ,
ਕੁਝ ਲਿਖੀਆਂ ਨੇ ਆਕਾਸ਼ ਦੀਆਂ
ਕੁਝ ਗੱਲਾਂ ਸਨ ਅਹਿਸਾਸ ਦੀਆਂ,
ਚਿੱਤ ਅੰਦਰ ਵਾਲ਼ੇ ਖਾਸ ਦੀਆਂ
ਖ਼ਿਆਲਾਂ ਦਿਆਂ ਕਾਲ਼ਿਆਂ ਕਾਵਾਂ ਨੂੰ,
ਖੰਭ ਨਾਲ਼ ਕਲਾ ਦੇ ਲਾ ਦਿੱਤੇ
ਚੁੰਝ ਕਲਮ ਬਣਾਕੇ ਮਿੱਟੀ ਚੋਂ
ਮਿੱਟੀ ਦੇ ਆਲ੍ਹਣੇ ਪਾ ਦਿੱਤੇ
ਲਿਖੇ ਉੱਡਦੇ ਤਿੱਤਲੀਆਂ ਭੌਰੇ ਵੀ
ਜਾਂ ਉੱਜਵਲ ਏਸ ਪ੍ਰਕਾਸ਼ ਦੀਆਂ
ਕੁਝ ਗੱਲਾਂ ਸਨ ਅਹਿਸਾਸ ਦੀਆਂ,
ਚਿੱਤ ਅੰਦਰ ਵਾਲ਼ੇ ਖਾਸ ਦੀਆਂ
ਕਦੇ ਨਾਗੇ ਯੋਗੀਆਂ ਵਾਂਗਰ ਜੀ,
ਰੂਹ ਘੁੰਮੇਂ ਵਿੱਚ ਸ਼ਮਸ਼ਾਨਾਂ ਦੇ
ਪਰ ਜ਼ਿਕਰ ਜਰੂਰੀ ਬਣਦੇ ਸੀ,
ਕੁਝ ਝੱਖੜ੍ਹ ਅਤੇ ਤੂਫ਼ਾਨਾਂ ਦੇ
ਕੁਝ ਗਲਤੀਆਂ ਏਸ ਮਨੁੱਖ ਦੀਆਂ,
ਜਾਂ ਏਸ ਧਰਤ ਦੇ ਨਾਸ਼ ਦੀਆਂ
ਕੁਝ ਗੱਲਾਂ ਸਨ ਅਹਿਸਾਸ ਦੀਆਂ,
ਚਿੱਤ ਅੰਦਰ ਵਾਲ਼ੇ ਖਾਸ ਦੀਆਂ
ਤੈਨੂੰ ਵਾਂਗ ਸਮਾਧਾਂ ਪੁੱਜੇ ਨਾ,
ਕਿਤੇ ਤੇਰਾ ਪਿੰਡ ਹੰਸਾਲਾ ਓਏ
ਬਸ ਏਸੇ ਗੱਲ ਤੋਂ ਡਰ ਲਗਦਾ,
ਤੈਨੂੰ ਧੰਨਿਆਂ ਧਾਲੀਵਾਲ਼ਾ ਓਏ
ਏਹ ਧੁਰ ਤੋਂ ਫੁਰੀਆਂ ਕਹਿ ਲਵੋ,
ਬਸ ਇਹੋ ਬੇਨਤੀਆਂ ਦਾਸ ਦੀਆਂ
ਕੁਝ ਗੱਲਾਂ ਸਨ ਅਹਿਸਾਸ ਦੀਆਂ,
ਚਿੱਤ ਅੰਦਰ ਵਾਲ਼ੇ ਖਾਸ ਦੀਆਂ
ਧੰਨਾ ਧਾਲੀਵਾਲ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly