ਮਹਿਤਪੁਰ,(ਸਮਾਜ ਵੀਕਲੀ) – (ਹਰਜਿੰਦਰ ਛਾਬੜਾ)– ਪੰਜਾਬ ਸਰਕਾਰ ਦੀਆਂ ਹਦਾਇਤਾ ਤੇ ਚਲਦਿਆਂ ਮੋਟਰ ਵਾਹਨ ਐਕਟ ਸੈਕਸ਼ਨ 199 ਏ ,199 ਬੀ ਤਹਿਤ ਇਕ ਅਗਸਤ ਤੋਂ ਪੰਜਾਬ ਪੁਲਿਸ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾ ਮੁਤਾਬਕ 18 ਸਾਲ ਤੋਂ ਘੱਟ ਉਮਰ ਦੇ ਨਾਬਾਲਗ ਬੱਚਿਆ ਤੇ ਕਿਸੇ ਵੀ ਤਰ੍ਹਾਂ ਦਾ ਵ੍ਹੀਕਲ ਚਲਾਉਣ ਤੇ ਉਨ੍ਹਾਂ ਦੇ ਮਾਪਿਆਂ ਜਾਂ ਵ੍ਹੀਕਲ ਮਾਲਕ ਤੇ ਸ਼ਿਕੰਜਾ ਕੱਸਣਾ ਮੰਦਭਾਗੀ ਗੱਲ ਹੈ। ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਕੌਰ ਕਮੇਟੀ ਮੈਂਬਰ ਨਰਿੰਦਰ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੱਚਿਆਂ ਨੂੰ ਸਕੂਲਾਂ ਵਿਚ ਘਰਾਂ ਤੋ ਲਿਆਉਣ, ਲਿਜਾਣ ਲਈ ਢੁਕਵੇਂ ਪ੍ਰਬੰਧ ਕਿਉਂ ਨਹੀਂ ਕੀਤੇ ਗਏ ? ਉਨ੍ਹਾਂ ਕਿਹਾ ਕਿ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕੇਗੀ। ਪ੍ਰਧਾਨ ਨੇ ਕਿਹਾ ਕਿ ਜੇਕਰ ਨਾਬਾਲਗ ਬੱਚਿਆਂ ਨੂੰ ਵ੍ਹੀਕਲ ਚਲਾਉਣੇ ਪੈ ਰਹੇ ਹਨ ਤਾਂ ਇਸ ਦੀ ਸਿੱਧੀ ਜ਼ਿੰਮੇਵਾਰ ਪੰਜਾਬ ਸਰਕਾਰ ਹੈ। ਉਨ੍ਹਾਂ ਕਿਹਾ ਕਿ ਨਾਬਾਲਗ ਬੱਚਿਆਂ ਦੀ ਆੜ ਹੇਠ ਮਾਪਿਆਂ ਜਾਂ ਵ੍ਹੀਕਲ ਮਾਲਕ ਨੂੰ ਤਿੰਨ ਸਾਲ ਕੈਦ ਅਤੇ 25 ਹਜ਼ਾਰ ਜੁਰਮਾਨਾ ਕਰਨਾ ਹਾਸੋਹੀਣੀ ਗੱਲ ਹੈ। ਉਨ੍ਹਾਂ ਕਿਹਾ ਕਿ ਕਨੂੰਨ ਨੂੰ ਲਾਗੂ ਕਰਨ ਤੋਂ ਪਹਿਲਾਂ ਇਸ ਤੇ ਚੰਗੇ ਤਰਾਂ ਸੋਚ ਵਿਚਾਰ ਕਰਨ ਉਪਰੰਤ ਸੋਧ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਛੋਟੇ ਬੱਚਿਆਂ ਦੇ ਲਾਇਸੰਸ ਬਣਾਉਣੇ ਤਾਂ ਉਨ੍ਹਾਂ ਦੇ ਸਕੂਲ ਜਾਣ ਲਈ ਪੰਜਾਬ ਸਰਕਾਰ ਸਰਕਾਰੀ ਬੱਸਾਂ ਦਾ ਪ੍ਰਬੰਧ ਕਰੇ ਅਤੇ ਬੱਚਿਆਂ ਦੇ ਸਰਕਾਰੀ ਪਾਸ ਬਣਾਏ ਜਾਣ। ਜੇਕਰ ਸਰਕਾਰ ਵੱਲੋਂ ਜੰਨਤਾ ਦੀ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ ਜੰਨਤਾਂ ਸੰਘਰਸ਼ ਲਈ ਮਜਬੂਰ ਹੋਵੇਗੀ ਤੇ ਇਸ ਦੀ ਸਿੱਧੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly