ਨਿਊਯਾਰਕ (ਸਮਾਜ ਵੀਕਲੀ): ਮਾਸਟਰਕਾਰਡ ਅਤੇ ਵੀਜ਼ਾ ਰੂਸ ਵਿੱਚ ਆਪਣੀਆਂ ਸੇਵਾਵਾਂ ਬੰਦ ਕਰ ਰਹੇ ਹਨ। ਯੂਕਰੇਨ ’ਤੇ ਹਮਲੇ ਮਗਰੋਂ ਰੂਸ ਖ਼ਿਲਾਫ਼ ਆਰਥਿਕ ਪਾਬੰਦੀਆਂ ਅਤੇ ਕਈ ਕੰਪਨੀਆਂ ਵੱਲੋਂ ਦੇਸ਼ ਨਾਲ ਆਪਣੇ ਕਾਰੋਬਾਰੀ ਰਿਸ਼ਤੇ ਖ਼ਤਮ ਕਰਨ ਦੀ ਲੜੀ ਵਿੱਚ ਇਹ ਇੱਕ ਨਵਾਂ ਕਦਮ ਹੈ। ਮਾਸਟਰਕਾਰਡ ਅਤੇ ਵੀਜ਼ਾ ਨੇ ਇਹ ਜਾਣਕਾਰੀ ਦਿੱਤੀ ਹੈ। ਮਾਸਟਰਕਾਰਡ ਨੇ ਕਿਹਾ ਕਿ ਰੂਸੀ ਬੈਂਕਾਂ ਵੱਲੋਂ ਜਾਰੀ ਕਾਰਡ ਨੂੰ ਹੁਣ ਉਸ ਦਾ ਨੈੱਟਵਰਕ ਸਵੀਕਾਰ ਨਹੀਂ ਕਰੇਗਾ। ਨਾਲ ਹੀ ਕਿਸੇ ਹੋਰ ਦੇਸ਼ ਵਿੱਚ ਜਾਰੀ ਹੋਇਆ ਕਾਰਡ ਰੂਸ ਦੇ ਸਟੋਰ ਜਾਂ ਏਟੀਐੱਮ ਵਿੱਚ ਕੰਮ ਨਹੀਂ ਕਰੇਗਾ। ਮਾਸਟਰਕਾਰਡ ਨੇ ਇੱਕ ਬਿਆਨ ਵਿੱਚ ਕਿਹਾ, ‘‘ਅਸੀਂ ਜਲਦਬਾਜ਼ੀ ਵਿੱਚ ਇਹ ਫ਼ੈਸਲਾ ਨਹੀਂ ਲਿਆ।’’ ਇਸ ਦੌਰਾਨ ਵੀਜ਼ਾ ਨੇ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਰੂਸ ਵਿੱਚ ਸਾਰੇ ਲੈਣ-ਦੇਣ ’ਤੇ ਰੋਕ ਲਾਉਣ ਲਈ ਖਪਤਕਾਰਾਂ ਅਤੇ ਭਾਈਵਾਲਾਂ ਨਾਲ ਕੰਮ ਕਰ ਰਿਹਾ ਹੈ। ਵੀਜ਼ਾ ਦੇ ਚੇਅਰਮੈਨ ਤੇ ਮੁੱਖ ਕਾਰਜਕਾਰੀ ਅਧਿਕਾਰੀ ਐੱਲ ਕੈਲੀ ਨੇ ਬਿਆਨ ਵਿੱਚ ਕਿਹਾ, ‘‘ਅਸੀਂ ਯੂਕਰੇਨ ’ਤੇ ਰੂਸ ਦੇ ਬਿਨਾਂ ਭੜਕਾਹਟ ਕੀਤੇ ਗਏ ਹਮਲੇ ਅਤੇ ਜੋ ਘਟਨਾਵਾਂ ਦੇਖ ਰਹੇ ਹਾਂ, ਉਸ ਮਗਰੋਂ ਇਹ ਕਦਮ ਚੁੱਕਣ ਲਈ ਮਜਬੂਰ ਹਾਂ।’’ -ਏਪੀ
ਯੂਕਰੇਨੀ ਰਾਸ਼ਟਰਪਤੀ ਦੀ ਅਪੀਲ ’ਤੇ ਲੋਕਾਂ ਵੱਲੋਂ ਰੂਸੀ ਫ਼ੌਜ ਦਾ ਵਿਰੋਧ
ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਸ਼ਹਿਰਾਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਰੂਸੀ ਬਲਾਂ ਨੂੰ ਟੱਕਰ ਦੇਣ। ਜ਼ੇਲੈਂਸਕੀ ਨੇ ਨਵੀਂ ਵੀਡੀਓ ਵਿਚ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੜਕਾਂ ’ਤੇ ਨਿਕਲ ਕੇ ਰੋਸ ਪ੍ਰਗਟਾਉਣ ਤੇ ਟੱਕਰ ਦੇਣ। ਰਾਸ਼ਟਰਪਤੀ ਦੀ ਗੱਲ ਮੰਨ ਕੇ ਹਜ਼ਾਰਾਂ ਯੂਕਰੇਨੀਆਂ ਨੇ ਰੋਸ ਮੁਜ਼ਾਹਰੇ ਕੀਤੇ ਹਨ। ਕਈ ਲੋਕਾਂ ਨੇ ਰੂਸੀ ਫ਼ੌਜੀ ਵਾਹਨਾਂ ਉਤੇ ਚੜ੍ਹ ਕੇ ਰੋਸ ਜ਼ਾਹਿਰ ਕੀਤਾ ਤੇ ਯੂਕਰੇਨ ਦੇ ਝੰਡੇ ਲਹਿਰਾਏ। ਖੇਰਾਸਨ ਸ਼ਹਿਰ ਵਿਚ ਰੂਸੀ ਫ਼ੌਜ ਨੇ ਲੋਕਾਂ ਨੂੰ ਖਿੰਡਾਉਣ ਲਈ ਹਵਾਈ ਫਾਇਰ ਵੀ ਕੀਤੇ। ਰੂਸ ਦੀ ਫ਼ੌਜ ਨੇ ਖਾਰਕੀਵ, ਮਾਇਕੋਲੈਵ, ਚਰਨੀਹੀਵ ਤੇ ਸੂਮੀ ਨੇ ਘੇਰਾ ਪਾ ਲਿਆ ਹੈ। ਯੂਕਰੇਨੀ ਫ਼ੌਜਾਂ ਹਾਲੇ ਕੇਂਦਰੀ ਤੇ ਦੱਖਣ-ਪੂਰਬੀ ਖੇਤਰਾਂ ਦੇ ਅਹਿਮ ਸ਼ਹਿਰਾਂ ਵਿਚ ਡਟੀਆਂ ਹੋਈਆਂ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly