
ਸ੍ਰੀ ਅਨੰਦਪੁਰ ਸਾਹਿਬ (ਸਮਾਜ ਵੀਕਲੀ) ਇਨਸਾਨ ਦੇ ਅੰਦਰ ਜੇਕਰ ਨਿਸ਼ਕਾਮ ਭਾਵਨਾ ਦੇ ਨਾਲ਼ ਕੁਝ ਚੰਗਾ ਕਾਰਜ ਤੇ ਪਰਉਪਕਾਰ ਕਰਨ ਦਾ ਜਜ਼ਬਾ ਤੇ ਲਗਨ ਹੋਵੇ ਤਾਂ ਉਹ ਜਰੂਰ ਆਪਣੇ ਆਲ਼ੇ – ਦੁਆਲ਼ੇ , ਵਾਤਾਵਰਨ ਅਤੇ ਸਮਾਜ ਲਈ ਕੁਝ ਨਾ ਕੁਝ ਚੰਗਾ ਕਰ ਸਕਦਾ ਹੈ , ਪਰ ਇਹ ਭਾਵਨਾ ਹਰ ਇੱਕ ਦੇ ਅੰਦਰ ਨਹੀਂ ਆਉਂਦੀ। ਇਸ ਦੇ ਲਈ ਤਿਆਗ , ਸਮਰਪਣ ਅਤੇ ਦ੍ਰਿੜ ਇਰਾਦੇ ਦੇ ਨਾਲ਼ ਤਨ , ਮਨ , ਧਨ ਦੇ ਸਮਰਪਣ ਦੀ ਵੀ ਬਹੁਤ ਜਰੂਰਤ ਹੁੰਦੀ ਹੈ। ਇਸੇ ਸੰਬੰਧ ਵਿੱਚ ਸੰਨ 1995 ਤੋਂ ਵਾਤਾਵਰਨ , ਪੰਛੀਆਂ , ਕੀੜੇ – ਮਕੌੜਿਆਂ ਅਤੇ ਜੀਵ – ਜੰਤੂਆਂ ਦੀ ਭਲਾਈ ਲਈ ਆਪਣੀ ਨੇਕ ਕਿਰਤ ਕਮਾਈ ਵਿੱਚੋਂ ਸੇਵਾ ਕਰਦੇ ਹੋਏ ਨਜ਼ਦੀਕੀ ਪਿੰਡ ਸੱਧੇਵਾਲ ਦੇ ਮਾਸਟਰ ਸੰਜੀਵ ਧਰਮਾਣੀ ਨੇ ਸਾਲ 2025 ਵਿੱਚ ਨਿਰੰਤਰ 161 ਦਿਨ ਵੱਖ – ਵੱਖ ਤਰ੍ਹਾਂ ਦੇ ਪੌਦੇ ਵੱਖ – ਵੱਖ ਥਾਵਾਂ ‘ਤੇ ਲਗਾਉਣ ਦਾ ਵੱਖਰਾ ਰਿਕਾਰਡ ਬਣਾਇਆ ਤੇ ਪਿਛਲੇ ਸਾਲ 2024 ਵਿੱਚ ਨਿਰੰਤਰ 108 ਦਿਨ ਪੌਦੇ ਲਗਾਉਣ ਦੇ ਆਪਣੇ ਹੀ ਬਣਾਏ ਹੋਏ ਰਿਕਾਰਡ ਨੂੰ ਤੋੜਿਆ ਵੀ ਹੈ। ਦੱਸਣਯੋਗ ਹੈ ਕਿ ਮਾਸਟਰ ਸੰਜੀਵ ਧਰਮਾਣੀ ਨੇ ਹਮੇਸ਼ਾ ਵਾਤਾਵਰਨ ਪੰਛੀਆਂ ਅਤੇ ਜੀਵ – ਜੰਤੂਆਂ ਦੀ ਭਲਾਈ ਲਈ ਨਿਰੰਤਰ ਕੋਸ਼ਿਸ਼ਾਂ ਆਪਣੇ ਵਜੋਂ ਕੀਤੀਆਂ ਹਨ ਤੇ ਇਹ ਕੁਦਰਤ ਦੀ ਸੇਵਾ ਉਹ ਪਿਛਲੇ ਲਗਭਗ 30 ਸਾਲ ਤੋਂ ਨਿਰੰਤਰ ਕਰਦੇ ਆ ਰਹੇ ਨੇ। ਇਸੇ ਦੇ ਚਲਦੇ ਹੋਏ ਉਹਨਾਂ ਨੇ ਸਾਲ 2025 ਦੇ ਦੌਰਾਨ 25 ਜੂਨ 2025 ਤੋਂ 02 ਦਸੰਬਰ 2025 ਤੱਕ ਨਿਰੰਤਰ 161 ਦਿਨ ਵੱਖ-ਵੱਖ ਤਰ੍ਹਾਂ ਦੇ ਵਧੀਆ ਕਿਸਮ ਦੇ ਪੌਦੇ ਜਿਵੇਂ :- ਅੰਬ , ਆਂਵਲਾ , ਅਮਰੂਦ , ਲੀਚੀ , ਬੇਰ , ਨਿੰਮ , ਅੱਕ , ਸੁਹਾਂਜਣਾ , ਚੀਕੂ , ਨਿੰਬੂ , ਸੰਤਰਾ , ਸੁਖਚੈਨ , ਪਿੱਪਲ , ਬੋਹੜ , ਟਾਹਲੀ , ਹਰਸਿੰਗਾਰ , ਫੀਨੈਕਸ , ਜਾਮਣ , ਸਮੀ ਆਦਿ ਹਜ਼ਾਰਾਂ ਹੀ ਪੌਦੇ ਵੱਖ – ਵੱਖ ਥਾਵਾਂ ਜਿਵੇਂ :- ਸਕੂਲਾਂ , ਮੰਦਿਰਾਂ , ਧਾਰਮਿਕ ਅਸਥਾਨਾਂ , ਟੋਭਿਆਂ – ਛੱਪੜਾਂ ਦੇ ਕਿਨਾਰਿਆਂ , ਜੰਗਲਾਂ , ਪਹਾੜਾਂ , ਆਪਣੇ ਸਕੂਲ ਦੇ ਵਿਦਿਆਰਥੀਆਂ ਦੇ ਘਰਾਂ , ਵਾੜਿਆਂ ਤੇ ਖੇਤਾਂ ਵਿੱਚ , ਗੈਰ – ਆਬਾਦ ਥਾਵਾਂ , ਬੇਲਿਆਂ ਅਤੇ ਜਾਣਕਾਰ ਇੱਛੁਕ ਵਿਅਕਤੀਆਂ ਦੇ ਖੇਤਾਂ , ਘਰਾਂ , ਵਾੜਿਆਂ ਆਦਿ ਵਿੱਚ ਇਹ ਪੌਦੇ ਆਪਣੀ ਨੇਕ ਕਿਰਤ ਕਮਾਈ ਵਿੱਚੋਂ ਪੈਸੇ ਖਰਚ ਕੇ ਆਪਣੇ ਪੱਧਰ ‘ਤੇ ਪ੍ਰਾਈਵੇਟ ਨਰਸਰੀਆਂ ਤੋਂ ਖਰੀਦ ਕੇ ਵਧੀਆ ਕਿਸਮ ਦੇ ਪੌਦੇ ਵਾਤਾਵਰਨ ਦੀ ਭਲਾਈ ਦੇ ਲਈ ਸਵੈ – ਇੱਛਾ ਦੇ ਨਾਲ਼ ਲਗਾਏ ਤੇ ਪਹਿਲਾਂ ਵੀ ਲਗਾਉਂਦੇ ਆ ਰਹੇ ਹਨ ਅਤੇ ਇਸਦੇ ਨਾਲ਼ ਹੀ ਉਹ ਇਹਨਾਂ ਦੀ ਸੰਭਾਲ ਲਈ ਖੁਦ ਤਤਪਰ ਰਹਿੰਦੇ ਹਨ ਤੇ ਲੋਕਾਂ ਨੂੰ ਸਮੇਂ – ਸਮੇਂ ‘ਤੇ ਪ੍ਰੇਰਿਤ ਵੀ ਕਰਦੇ ਰਹਿੰਦੇ ਹਨ। ਇਹ ਵੀ ਦੱਸਣਯੋਗ ਹੈ ਕਿ ਉਹ ਇਸ ਦੇ ਨਾਲ਼ ਹੀ ਪੰਛੀਆਂ ਲਈ ਨਿਰੰਤਰ ਦਾਣਾ – ਪਾਣੀ , ਕੀੜੇ – ਮਕੌੜਿਆਂ ਲਈ ਭੋਜਨ ਪੰਚ ਮੇਵਾ ਦੀ ਸੇਵਾ ਅਤੇ ਗਰਮੀਆਂ ਦੇ ਦੌਰਾਨ ਪੌਦਿਆਂ ਨੂੰ ਵਿਸ਼ੇਸ਼ ਤੌਰ ‘ਤੇ ਪਾਣੀ ਪਾਉਣਾ ਅਤੇ ਅੱਗ ਨਾਲ ਸੜੇ ਹੋਏ ਪੌਦਿਆਂ ਨੂੰ ਪਾਣੀ ਪਾਉਣ ਦੀ ਸੇਵਾ ਵੀ ਕਰਦੇ ਰਹਿੰਦੇ ਹਨ। ਵਾਤਾਵਰਣ ਸੰਭਾਲ਼ ਸੰਬੰਧੀ ਉਹਨਾਂ ਦੀਆਂ ਗਤੀਵਿਧੀਆਂ ਅਤੇ ਸੇਵਾ ਭਾਵਨਾ ਸੋਸ਼ਲ ਮੀਡੀਆ ‘ਤੇ ਆਮ ਹੀ ਦੇਖਣ ਨੂੰ ਮਿਲ ਜਾਂਦੀ ਹੈ। ਇਸ ਸੰਬੰਧੀ ਜਦੋਂ ਮਾਸਟਰ ਸੰਜੀਵ ਧਰਮਾਣੀ ਨਾਲ਼ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਮੈਂ ਆਪਣਾ ਜੀਵਨ ਵਾਤਾਵਰਨ ਤੇ ਕੁਦਰਤ ਨੂੰ ਸਮਰਪਿਤ ਕਰ ਦਿੱਤਾ ਹੈ। ਸਾਨੂੰ ਵਾਤਾਵਰਨ ਨੂੰ ਬਚਾਉਣ ਲਈ ਕੁਝ ਨਾ ਕੁਝ ਆਪਣੇ ਪੱਧਰ ‘ਤੇ ਕਰਨ ਦੀ ਜਰੂਰਤ ਹੈ ਅਤੇ ਮੈਂ ਆਪਣੇ ਪੱਧਰ ‘ਤੇ ਇੱਕ ਛੋਟੀ ਜਿਹੀ ਕੋਸ਼ਿਸ਼ ਕਰ ਰਿਹਾ ਹਾਂ , ਪਰ ਇਹ ਸਭ ਕੁਝ ਪਰਮਾਤਮਾ ਦੀ ਕਿਰਪਾ ਦੇ ਨਾਲ਼ ਹੀ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਕੁਦਰਤ ਵਿੱਚ ਵਿਚਰ ਕੇ ਤੇ ਇਸ ਦੀ ਸੇਵਾ ਕਰਕੇ ਬਹੁਤ ਖੁਸ਼ੀ ਮਿਲ਼ਦੀ ਹੈ ਤੇ ਮੈਂ ਖੁਸ਼ਕਿਸਮਤ ਹਾਂ ਕਿ ਪਰਮਾਤਮਾ ਨੇ ਮੈਨੂੰ ਇਸ ਨੇਕ ਕਾਰਜ ਦੇ ਲਈ ਚੁਣਿਆ ਹੈ ਤੇ ਭਵਿੱਖ ਵਿੱਚ ਵੀ ਉਹ ਕੁਦਰਤ ਦੀ ਸੇਵਾ ਕਰਦੇ ਰਹਿਣਗੇ।
https://play.google.com/store/apps/details?id=in.yourhost.samajweekly



