(ਸਮਾਜ ਵੀਕਲੀ)
ਤਰਕਸ਼ੀਲ ਸੁਸਾਇਟੀ ਪੰਜਾਬ ਹੋਂਦ ਵਿੱਚ ਆਉਣ ਤੋਂ ਬਾਅਦ ਹੀ ਮੇਰਾ ਸੋਚਣ ਢੰਗ ਵਿਗਿਆਨਕ ਬਣਿਆ। ਆਪਣੀ ਸੋਚ ਵਿਗਿਆਨਕ ਬਣਾਉਣ ਤੋਂ ਹੁਣ ਤਕ ਮੈਂ ਆਪਣੇ ਨਜ਼ਦੀਕੀਆਂ ਅੰਦਰ ਵਿਗਿਆਨਕ ਚੇਤੰਨਤਾ ਪੈਦਾ ਕਰਨ ਦੀ ਕੋਸ਼ਿਸ਼ ਵਿੱਚ ਹਾਂ। ਉਨ੍ਹਾਂ ਨੂੰ ਹਰ ਘਟਨਾ ਦੇ ਕਾਰਨ ਜਾਨਣ ਲਈ ਪ੍ਰੇਰਿਤ ਕਰਦਾ ਹਾਂ। ਸ਼ੁਰੂ ਵਿੱਚ ਤਰਕਸ਼ੀਲ ਸੁਸਾਇਟੀ ਦਾ ਮੈਂਬਰ ਬਣਨ ਸਮੇਂ ਮੈਨੂੰ ਖ਼ੁਦ ਬਹੁਤ ਸਾਰੀਆਂ ਘਟਨਾਵਾਂ ਦੀ ਵਿਗਿਆਨਕ ਵਿਆਖਿਆ ਬਾਰੇ ਪਤਾ ਨਹੀਂ ਸੀ। ਮੇਰੀ ਜਾਣਨ ਦੀ ਇੱਛਾ ਸ਼ਕਤੀ ਨੇ ਮੈਨੂੰ ਵਿਗਿਆਨਕ ਦ੍ਰਿਸ਼ਟੀਕੋਣ ਵਿਕਸਿਤ ਕਰਨ ਲਈ ਉਤਸ਼ਾਹਿਤ ਕੀਤਾ। ਸ਼ੁਰੂ ਵਿਚ ਜਦੋਂ ਮੈਨੂੰ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਲਹਿਰੇਗਾਗਾ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ,ਉਸ ਸਮੇਂ ਮੈਨੂੰ ਸੁਸਾਇਟੀ ਕੋਲ ਆਉਂਦੇ ਮਾਨਸਿਕ ਰੋਗੀਆਂ ਤੇ ਰਹੱਸਮਈ ਜਾਪਦੀਆਂ ਘਟਨਾਵਾਂ ਦੇ ਕਾਰਨਾਂ ਬਾਰੇ ਪਤਾ ਨਾ ਲੱਗਦਾ, ਕਾਰਨ ਜਾਨਣ ਦੀ ਮੁਹਾਰਤ ਨਾ ਹੋਣ ਕਰਕੇ ਸੂਬਾ ਪ੍ਰਧਾਨ ਰਜਿੰਦਰ ਭਦੌੜ ਤੋਂ ਸਹਿਯੋਗ ਲਿਆ ਜਾਂਦਾ।ਇਸ ਪਾਸੇ ਮੁਹਾਰਤ ਹਾਸਲ ਕਰਨ, ਹੌਂਸਲਾ ਦੇਣ ਵਿੱਚ ਰਜਿੰਦਰ ਭਦੌੜ ਦਾ ਬਹੁਤ ਵੱਡਾ ਯੋਗਦਾਨ ਹੈ। ਲਹਿਰਾਗਾਗੇ ਇਕਾਈ ਵਿੱਚ ਕੰਮ ਕਰਦੇ ਸਮੇਂ ਸਵੱਰਗੀ ਹਰੀ ਸਿੰਘ ਤਰਕ ,ਦੇਸ ਰਾਜ ਛਾਜਲੀ, ਗੁਰਮੇਲ ਸ਼ਨੀ,ਰਾਣਾ ਸਿੰਘ, ਜਗਦੀਸ਼ ਪਾਪੜਾ, ਤਰਸੇਮ (ਭੋਲੂ), ਜਗਜੀਤ ਭੁਟਾਲ, ਬਲਦੇਵ ਗਾਗਾ, ਨਿਰਪਾਲ ਸਿੰਘ,
ਨਾਮਦੇਵ ਭੁਟਾਲ, ਮੈਨੇਜਰ ਵਰਿੰਦਰ ਕੁਮਾਰ,ਗਿਆਨ ਚੰਦ ਸ਼ਰਮਾ, ਰਣਜੀਤ ਸਿੰਘ,ਰਤਨ ਪਾਲ ਡੂਡੀਆਂ,ਪਰਿੰਸੀਪਲ ਅਨਿਲ ਕੁਮਾਰ (ਲੱਕੀ)ਨੇ ਪੂਰਾ ਸਹਿਯੋਗ ਦਿੱਤਾ। ਰਹੱਸਮਈ ਜਾਪਦੀਆਂ ਘਟਨਾਵਾਂ ਦਾ ਪਰਦਾਫਾਸ਼ ਕਰਨ ਸਮੇਂ ਹਰੀ ਸਿੰਘ ਤਰਕ,ਗੁਰਮੇਲ ਸ਼ਨੀ, ਦੇਸ ਰਾਜ ਛਾਜਲੀ,ਰਾਣਾ ਸਿੰਘ , ਅਨਿਲ ਕੁਮਾਰ ਹਰ ਸਮੇਂ ਮੇਰੇ ਨਾਲ ਰਹਿੰਦੇ। ਲਹਿਰਾਗਾਗੇ ਦਾ ਕੋਈ ਪਿੰਡ ਅਜਿਹਾ ਨਹੀਂ ਜਿਥੇ ਅਸੀਂ ਮਾਨਸਿਕ ਸਮੱਸਿਆਵਾਂ ਨਾਲ ਜੁੜੇ ਜਾਂ ਰਹੱਸਮਈ ਜਾਪਦੀਆਂ ਘਟਨਾਵਾਂ ਦੇ ਹਲ ਲਈ ਨਾ ਗੲੇ ਹੋਈਏ।। ਹਜ਼ਾਰਾਂ ਮਾਨਸਿਕ ਰੋਗੀਆਂ ਨੂੰ ਗਲਬਾਤ ਵਿਧੀ ਰਾਹੀਂ ਠੀਕ ਕੀਤਾ ਜਾਂ ਮਾਹਿਰ ਮਨੋਵਿਗਿਆਨੀਆਂ ਜਾਂ ਮਨੋਰੋਗ ਮਾਹਿਰ ਡਾਕਟਰਾਂ ਰਾਹੀਂ ਠੀਕ ਕਰਵਾਇਆ।ਉਸ ਸਮੇਂ ਅਸੀਂ ਹਰਿਆਣਾ ਇਲਾਕੇ ਦੇ ਬਹੁਤ ਸਾਰੇ ਪਿੰਡਾਂ ਵਿੱਚ ਵੀ ਰਹੱਸਮਈ ਜਾਪਦੀਆਂ ਘਟਨਾਵਾਂ ਦਾ ਪਰਦਾਫਾਸ਼ ਕੀਤਾ।
ਟੋਹਾਣੇ ਸ਼ਹਿਰ ਸਮੇਤ ੲਿਸ ਇਲਾਕੇ ਦਾ ਚਰਚਾਮਈ ਖਨੌਰੇ ਪਿੰਡ ਦੇ ਜਿੰਨ ਦੇ ਭਿਆਨਕ ਡਰ ,ਭੈਅ ਤੋਂ ਅਸੀਂ ਪਿੰਡ ਤੇ ਇਲਾਕਾ ਵਾਸੀਆਂ ਨੂੰ ਭੈਅ ਮੁਕਤ ਕੀਤਾ।ਲਹਿਰੇ ਰਹਿੰਦੇ ਸਮੇਂ ਹੀ ਮੂਰਤੀਆਂ ਦੇ ਦੁੱਧ ਪੀਣ ਦੀ ਅਫ਼ਵਾਹ ਫੈਲੀ ਤੇ ਅਸੀਂ ਤਰਕਸ਼ੀਲ ਸੁਸਾਇਟੀ ਵਾਲਿਆਂ ਨੇ ਸਟੇਜ ਲਾ ਕੇ ਲੋਕਾਂ ਨੂੰ ਇਸ ਕੈਪੀਲਰ ਸਿਸਟਮ ਦੀ ਵਿਗਿਆਨਕ ਵਿਆਖਿਆ ਕਰਕੇ ਸਮਝਾਇਆ। ਲਹਿਰਾਗਾਗਾ ਵੇਲੇ ਤਾਂ ਮੈਂ ਇੱਥੋਂ ਤੱਕ ਸੁਸਾਇਟੀ ਲੲੀ ਸਮਾਂ ਦਿੱਤਾ ਕਿ ਸਕੂਲ ਸਮੇਂ ਮੇਰਾ ਖਾਲੀ ਪੀਰੀਅਡ ਮਾਨਸਿਕ ਰੋਗੀਆਂ ਤੇ ਰਹੱਸਮਈ ਘਟਨਾਵਾਂ ਨਾਲ ਪੀੜਤ ਪਰਿਵਾਰਾਂ ਨਾਲ ਗਲ ਬਾਤ ਕਰਨ ਨਾਲ ਬੀਤਦਾ।ਸਕੂਲ ਸਮੇਂ ਤੋਂ ਬਾਅਦ ਘਰ ਆਉਂਦਾ ਤਾਂ ਪੀੜਿਤ ਪਰਿਵਾਰ ਘਰੇ ਬੈਠਾ ਹੁੰਦਾ। ਛੁੱਟੀ ਵਾਲੇ ਦਿਨ ਪੀੜਿਤ ਪਰਿਵਾਰਾਂ ਦੇ ਘਰਾਂ ਨੂੰ ਜਾਂਦੇ। ਬਹੁਤ ਸਾਰੇ ਰਹੱਸਮਈ ਜਾਪਦੀਆਂ ਘਟਨਾਵਾਂ ਜਿਸਨੂੰ ਪਰਿਵਾਰ ਭੂਤਾਂ -ਪ੍ਰੇਤਾਂ , ਵਡੇਰਿਆ ਦੀ ਕਸਰਾਂ ਨਾਲ ਜੋੜਦੇ, ਮਨੋਵਿਗਿਆਨਕ ਤੇ ਵਿਗਿਆਨਕ ਵਿਆਖਿਆ ਕਰਕੇ ਸੁਲਝਾਉਂਦੇ ਜਾਂ ਮਾਹਿਰ ਡਾਕਟਰਾਂ ਕੋਲ ਭੇਜਦੇ।ਆਪ ਵੀ ਬਹੁਤ ਕੁੱਝ ਨਵਾਂ ਸਿੱਖਦੇ।
ਬਹੁਤ ਵਾਰੀ ਜਦ ਘਟਨਾਵਾਂ ਸਮਝ ਨਾ ਆਉਂਦੀਆਂ,ਉਸ ਸਮੇਂ ਸੂਬਾ ਆਗੂਆਂ ਰਜਿੰਦਰ ਭਦੌੜ, ਬਲਵਿੰਦਰ ਬਰਨਾਲਾ ਤੋਂ ਸਹਿਯੋਗ ਮੰਗਿਆ ਜਾਂਦਾ।ਬਹੁਤ ਵਾਰੀ ਰਜਿੰਦਰ ਭਦੌੜ ਨੂੰ ਲਹਿਰੇ ਕੇਸਾਂ ਸੰਬੰਧੀ ਬੁਲਾਇਆ ਵੀ ਗਿਆ। ਬਹੁਤ ਹੀ ਦਿਲਚਸਪ ਕੇਸਾਂ ਤੇ ਵਿਅਕਤੀਆਂ ਨਾਲ ਵਾਹ ਪਿਆ। ਇੱਕ ਵਾਰੀ ਤਰਕਸ਼ੀਲਾਂ ਨਾਲ ਸੰਬੰਧ ਰੱਖਣ ਵਾਲਾ ਵਿਅਕਤੀ ਸਾਡੇ ਕੋਲ ਇੱਕ ਸਾਲ ਦੇ ਬੱਚੇ ਨੂੰ ਲੈ ਕੇ ਆਇਆ ਤੇ ਕਹਿੰਦਾ “ਮਾਸਟਰ ਜੀ,ਇਹ ਰੋਈ ਜਾਂਦਾ ਚੁੱਪ ਨਹੀਂ ਕਰਦਾ, ਪਤਾ ਨਹੀਂ ਇਸ ਨੂੰ ਕਿਸ ਦੀ ਨਜ਼ਰ ਲੱਗ ਗਈ।”ਮੈਨੂੰ ਹਾਸਾ ਵੀ ਆਇਆ ,ਤਰਸ ਤੇ ਹੈਰਾਨੀ ਵੀ। ਇਹ ਸਾਡੇ ਨਾਲ ਸੰਪਰਕ ਰੱਖਦਾ ਹੋਇਆ, ਤਰਕਸ਼ੀਲ ਵਿਚਾਰਧਾਰਾ ਤੋਂ ਕੋਰਾ ਸੀ। ਉਸਨੂੰ ਡਾਕਟਰ ਕੋਲ ਜਾਣ ਦੀ ਗੱਲ ਕਰਦਿਆਂ, ਤਰਕਸ਼ੀਲ ਸੁਸਾਇਟੀ ਨਾਲ ਸੰਬੰਧਤ ਕੇਸਾਂ ਬਾਰੇ ਸਮਝਾਇਆ।ਲੋਕਾਂ ਵੱਲੋਂ ਤਰਕਸ਼ੀਲਾਂ ਤੋਂ ਬਹੁਤ ਆਸਾਂ ਰੱਖੀਆਂ ਜਾਂਦੀਆਂ।
ਸੁਸਾਇਟੀ ਕੋਲ ਆਉਂਦੇ ਕੇਸਾਂ ਬਾਰੇ ਸਾਰੇ ਸਾਥੀ ਮੈਂਬਰਾਂ ਨਾਲ ਵਿਚਾਰ ਸਾਂਝੇ ਕੀਤੇ ਹਨ। ਘਰੇਲੂ ਸਮੱਸਿਆਵਾਂ ਦੇ ਕੇਸ ਵੀ ਆਉਂਦੇ ਅਸੀਂ ਸਾਰੇ ਮੈਂਬਰ ਜੁੜ ਬੈਠਦੇ ਤੇ ਪਰਿਵਾਰਾਂ ਨੂੰ ਸਮੱਸਿਆਵਾਂ ਤੋਂ ਨਿਜ਼ਾਤ ਦਿਵਾਉਂਦੇ।ਸਾਡੀ ਆਪਸੀ ਸਾਂਝ ਇੰਨੀ ਪੱਕੀ ਪੀਡੀ ਸੀ ਕਿ ਕੁੱਝ ਤਰਕਸ਼ੀਲ ਸਾਥੀਆਂ ਦੀ ਪਤਨੀਆਂ ਆਪਣੇ ਘਰਵਾਲਿਆਂ ਦੀ ਸ਼ਕਾਇਤਾਂ ਲੈ ਕੇ ਆਉਂਦੀਆਂ ਤੇ ਉਨ੍ਹਾਂ ਦੇ ਗਿਲੇ ਸ਼ਿਕਵੇ ਦੂਰ ਕਰਵਾਏ ਜਾਂਦੇ। ਸਾਡੇ ਤਰਕਸ਼ੀਲ ਮੈਂਬਰਾਂ ਤੇ ਸਮਾਜ ਦੇ ਆਪਸੀ ਭਾਈਚਾਰੇ ਵਿੱਚ ਪੂਰੀ ਭਾਈਚਾਰਕ ਸਾਂਝ ਸੀ ਤੇ ਅਸੀਂ ਤਰਕਸ਼ੀਲ ਮੈਂਬਰ ਪਰਿਵਾਰਕ ਮਿਲਣੀਆਂ ਵੀ ਕਰਦੇ ਜਿਸ ਨਾਲ ਪਰਿਵਾਰ ਦੇ ਸਾਰੇ ਮੈਂਬਰ ਇਕ ਦੂਜੇ ਦੇ ਸੁਭਾਅ ਬਾਰੇ ਜਾਣੂ ਹੋ ਜਾਂਦੇ।ਆਏ ਸਾਲ ਤਰਕਸ਼ੀਲ ਨਾਟਕ ਮੇਲਾ ਕਰਵਾਇਆ ਜਾਂਦਾ। ਪ੍ਰੋਗਰਾਮਾਂ ਵਿੱਚ ਲਗਾਤਾਰਤਾ ਰੱਖ ਕੇ ਸਿੱਖਣ ਸਿਖਾਉਣ ਕੰਮ ਚਲਦਾ ਰਹਿੰਦਾ। ਤਰਕਸ਼ੀਲ ਮੈਗਜ਼ੀਨ ਦੇ ਨਵੇਂ ਨਵੇਂ ਪਾਠਕ ਬਣਾਏ ਜਾਂਦੇ ਤੇ ਲੋਕਾਂ ਨੂੰ ਪੜ੍ਹਨ ਲਈ ਜਾਗਰੂਕ ਕੀਤਾ ਜਾਂਦਾ। ਉਸ ਸਮੇਂ ਅਸੀਂ 400 ਤੋਂ ਵੱਧ ਤਰਕਸ਼ੀਲ ਪਾਠਕ ਬਣਾ ਲੲੇ ਸਨ।
ਸਾਰੇ ਮੈਗਜ਼ੀਨ ਨਿਜੀ ਤੌਰ ਤੇ ਪਹੁੰਚਾਏ ਜਾਦੇ। ਸੰਨ2000 ਵਿੱਚ ਮੈਂ ਸੰਗਰੂਰ ਆ ਗਿਆ। ਸੰਗਰੂਰ ਤਰਕਸ਼ੀਲ ਸੁਸਾਇਟੀ ਦਾ ਮੈਂਬਰ ਬਣ ਗਿਆ। ਕੁਝ ਸਮੇਂ ਮਗਰੋਂ ਮੈਨੂੰ ਜ਼ੋਨ ਬਰਨਾਲਾ-ਸੰਗਰੂਰ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ।ਇਸ ਸਮੇਂ ਮੈਂ ਸੁਨਾਮ, ਦਿੜ੍ਹਬਾ, ਲੌਂਗੋਵਾਲ, ਪਾਤੜਾਂ,ਮਹਿਲ ਕਲਾਂ ਨਵੀਆਂ ਇਕਾਈਆਂ ਬਣਾਈਆਂ ਤੇ ਬਹੁਤ ਸਾਰੇ ਨਵੇਂ ਪਾਠਕ ਬਣਾਏ। ਹਰ ਕਸਬੇ ਵਿੱਚ ਬੁੱਕ ਸਟਾਲਾਂ ਤੇ ਮੈਗਜ਼ੀਨ ਪਹੁੰਚਾਏ ਜਾਂਦੇ।ਪਿਛਲੇ 15 ਸਾਲਾਂ ਤੋਂ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੇ ਜਥੇਬੰਦਕ/ਪ੍ਰਧਾਨ ਜ਼ਿਮੇਂਵਾਰੀ ਪੂਰੀ ਤਨਦੇਹੀ ਨਾਲ ਨਿਭਾ ਰਿਹਾ ਹਾਂ। ਕਰੋਨਾ ਮਹਾਂਮਾਰੀ ਤੋਂ ਪਹਿਲਾਂ ਤਕਰੀਬਨ ਆਏ ਸਾਲ ਤਰਕਸ਼ੀਲ ਨਾਟਕ ਮੇਲਾ ਕਰਵਾਉਂਦੇ ਆ ਰਹੇ ਹਾਂ ਤੇ ਤਰਕਸ਼ੀਲ ਪ੍ਰੋਗਰਾਮਾਂ,ਵਿਚਾਰ ਗੋਸ਼ਟੀਆਂ,ਸੈਮੀਨਾਰਾਂ, ਤਰਕਸ਼ੀਲ ਮੀਟਿੰਗਾਂ ਵਿੱਚ ਲਗਾਤਾਰਤਾ ਰੱਖ ਕੇ ਸਿਖਣ ਸਿਖਾਉਣ ਦਾ ਸਿਲਸਿਲਾ ਜਾਰੀ ਹੈ।
ਵਿਦਿਆਰਥੀ ਚੇਤਨਾ ਪਰਖ ਪਰੀਖਿਆ ਕਰਵਾ ਵਿਦਿਆਰਥੀਆਂ ਵਿੱਚ ਵਿਗਿਆਨਕ ਚੇਤਨਾ ਵਿਕਸਤ ਕੀਤੀ ਜਾ ਰਹੀ ਹੈ। ਲੋਕਾਂ ਦਾ ਦਰਿਸ਼ਟੀ ਕੋਣ ਵਿਗਿਆਨਕ ਬਣਾਉਣ ਲਈ ਤਰਕਸ਼ੀਲ ਸਾਹਿਤ ਵੈਨ ਰਾਹੀਂ ਸੰਗਰੂਰ ਇਲਾਕੇ ਦੇ ਪਿੰਡਾਂ, ਸਿਖਿਆ ਤੇ ਸਿਹਤ ਸੰਸਥਾਵਾਂ ਵਿੱਚ ਵਿਗਿਆਨਕ ਵਿਚਾਰਾਂ ਵਾਲਾ ਸਾਹਿਤ ਵੱਧ ਤੋਂ ਵੱਧ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤਰਕਸ਼ੀਲ ਸੁਸਾਇਟੀ ਕਾਰਕੁੰਨਾ ਰਾਹੀਂ ਠੀਕ ਹੋਣ ਵਾਲੇ ਕੇਸਾਂ ਤੋਂ ਪੀੜਤ ਪਰਿਵਾਰਾਂ ਨੂੰ ਨਿਜ਼ਾਤ ਦਵਾਉਣ ਦੀ ਹਮੇਸ਼ਾ ਕੋਸਿਸ਼ ਹੁੰਦੀ ਹੈ।400ਦੇ ਕਰੀਬ ਤਰਕਸ਼ੀਲ ਮੈਗਜ਼ੀਨ ਦੇ ਪਾਠਕਾਂ ਦੇ ਬਹੁਤੇ ਮੈਗਜ਼ੀਨ ਨਿਜੀ ਤੌਰ ਤੇ ਸਮੇਂ ਸਿਰ ਪਹੁੰਚਾਏ ਜਾਂਦੇ ਹਨ। ਪਰਿਵਾਰਕ ਸਾਂਝ ਲਈ ਪਰਿਵਾਰਕ ਮਿਲਣੀਆਂ ਵੀ ਹੁੰਦੀਆਂ ਹਨ। ਮੈਂ ਆਪਣੇ ਵੱਲੋਂ ਤਰਕਸ਼ੀਲ ਸੁਸਾਇਟੀ ਲੲੀ ਵੱਧ ਤੋਂ ਵੱਧ ਸਮਾਂ ਦੇਣ ਦੀ ਕੋਸ਼ਿਸ਼ ਵਿੱਚ ਹੁੰਦਾ ਹਾਂ। ਮੇਰੀ ਪਹਿਲ ਸੁਸਾਇਟੀ ਦੇ ਕੰਮ ਲਈ ਹੁੰਦੀ ਹੈ।
ਮੈਨੂ ਪਰਿਵਾਰਕ ਮੈਂਬਰਾਂ ਤੋਂ ਪੂਰਾ ਸਹਿਯੋਗ ਮਿਲ ਰਿਹਾ ਹੈ ।ਮੇਰੀ ਜੀਵਨ ਸਾਥਣ ਸੁਨੀਤਾ ਰਾਣੀ ਤੋਂ ਪੂਰਾ ਸਹਿਯੋਗ ਮਿਲਣ ਸਦਕਾ ਹੀ ਸੁਸਾਇਟੀ ਦੇ ਕੰਮਾਂ ਲਈ ਇੰਨਾਂ ਸਮਾਂ ਕੱਢ ਸਕਦਾ ਹਾਂ ਤੇ ਕੱਢ ਰਿਹਾ ਹਾਂ। ਮੇਰੇ ਤਰਕਸ਼ੀਲ ਸਾਥੀ ਸਵਰਨਜੀਤ ਸਿੰਘ, ਮਨਧੀਰ ਸਿੰਘ, ਲੈਕਚਰਾਰ ਕ੍ਰਿਸ਼ਨ ਸਿੰਘ, ਗੁਰਦੀਪ ਸਿੰਘ ਲਹਿਰਾ, ਸੁਖਦੇਵ ਸਿੰਘ ਕਿਸ਼ਨਗੜ੍ਹ,ਸੁਰਿੰਦਰਪਾਲ, ਤਰਸੇਮ ਚੰਦ ਕਾਨਗੜ੍ਹ, ਚਮਕੌਰ ਸਿੰਘ ਮਹਿਲਾਂ, ਧਰਮਵੀਰ ਸਿੰਘ, ਨਿਰਮਲ ਸਿੰਘ ਦੁੱਗਾਂ,ਨਛੱਤਰ ਸਿੰਘ,ਚਰਨ ਕਮਲ,ਪਰਗਟ ਸਿੰਘ ਬਾਲੀਆਂ ਪੂਰਾ ਪੂਰਾ ਸਹਿਯੋਗ ਦੇ ਰਹੇ ਹਨ। ਉਨ੍ਹਾਂ ਦੇ ਸਹਿਯੋਗ ਸਦਕਾ ਹੀ ਅਸੀਂ ਵਿਗਿਆਨਕ ਵਿਚਾਰਾਂ ਦੇ ਪ੍ਰਚਾਰ ਹਿੱਤ ਇਨਾਂ ਕੁੱਝ ਕਰ ਰਹੇ ਹਾਂ। ਖ਼ਾਸ ਮੌਕਿਆਂ ਤੇ ਤਰਕਸ਼ੀਲ ਪਾਠਕਾਂ ਵੱਲੋਂ ਮੰਗਿਆ ਪੂਰਾ ਪੂਰਾ ਸਹਿਯੋਗ ਮਿਲਦਾ ਹੈ। ਸਾਰੇ ਸਾਥੀਆਂ ਦੀ ਇਕਸੁਰਤਾ ਕਰਕੇ ਅਸੀਂ ਤਰਕਸ਼ੀਲਤਾ ਤੋਂ ਅੱਗੇ ਵਿਵੇਕਸ਼ੀਲਤਾ ਵਲ ਵਧਦੇ ਹੋਏ ਨੈਤਿਕ ਕਦਰਾਂ-ਕੀਮਤਾਂ ਤੇ ਭਾਈਚਾਰਕ ਸਾਂਝਾਂ ਵਿੱਚ ਮਿਠਾਸ ਘੋਲ ਰਹੇ ਹਾਂ।
ਪਰਮ ਵੇਦ ਸੰਗਰੂਰ
ਏ-86 ਅਫਸਰ ਕਲੋਨੀ ਸੰਗਰੂਰ
9417422349
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly