ਪਿਛੋਂ ਯਾਦਾਂ ਰਹਿ ਜਾਣੀਆ
(ਸਮਾਜ ਵੀਕਲੀ) ਸਵੇਰੇ ਸਵੇਰੇ ਆਏ ਫੋਨ ਨੇ ਝੰਝੋੜ ਕੇ ਰੱਖ ਦਿੱਤਾ ਸੀ ਮਾਸਟਰ ਦਰਸ਼ਨ ਸਿੰਘ ਚੰਦੀ ਝੁਗੀਆਂ ਵਾਲੇ ਨਹੀਂ ਰਹੇ। ਇਕ ਦਮ ਉਨ੍ਹਾਂ ਦੀ ਸਾਰੀ ਜ਼ਿੰਦਗੀ ਰੀਲ ਵਾਗ ਅੱਖਾਂ ਅੱਗੇ ਘੁੰਮਣ ਲੱਗੀ, ਕਾਸ਼ ਇਹ ਖ਼ਬਰ ਝੂਠ ਹੋਵੇ। ਇਸ ਤੋਂ ਪਹਿਲਾਂ ਮੈਂ ਇਸ ਦੀ ਪੁਸ਼ਟੀ ਕਰਦਾ ਪਿੰਡ ਝੁਗੀਆਂ ਤੇ ਮੇਰੇ ਅਜ਼ੀਜ਼ ਮਿਤਰ ਮੰਗਤ ਰਾਮ ਵੱਲੋਂ ਇਸ ਦੀ ਪੁਸ਼ਟੀ ਕਰ ਦਿੱਤੀ। ਮੰਗਤ ਰਾਮ ਪਿੰਡ ਝੁਗੀਆਂ ਤੋਂ ਹੀ ਤਾਂ ਹੈ ਉਸ ਨੇ ਸ਼ੋਕ ਸੰਦੇਸ਼ ਦਿੰਦਿਆਂ ਦੱਸਿਆ ਕਿ ਆਪਣੇ ਮਾਸਟਰ ਦਰਸ਼ਨ ਸਿੰਘ ਚੰਦੀ ਪਿੰਡ ਝੁਗੀਆਂ ਵਾਲੇ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਮਨ ਨੂੰ ਸੁਣਕੇ ਬਹੁਤ ਦੁਖ ਲਗਿਆ। ਬਚਪਨ ਵਿਚ ਮਹਿਤਪੁਰ ਦੇ ਨਿੰਮ ਵਾਲੇ ਸਕੂਲ ਵਿੱਚ ਮਾਸਟਰ ਦਰਸ਼ਨ ਸਿੰਘ ਜੀ ਤੋਂ ਪੜ੍ਹਨ ਵਾਲਿਆਂ ਵਿਚ ਮੇਰਾ ਨਾਮ ਵੀ ਆਉਂਦਾ ਹੈ। ਸੁੰਦਰ ਦਸਤਾਰ ਪਤਲਾ ਤੇ ਲੰਮਾਂ ਕੱਦ ਹੱਸੂ ਹੱਸੂ ਕਰਦਾ ਚਿਹਰਾ ਮਿਠ ਬੋਲੜਾ ਤੇ ਮਿਲਾਪੜੇ ਤੇ ਨਿੱਘੇ ਸੁਭਾਅ ਦੇ ਮਾਲਕ ਸਨ ਸਾਡੇ ਪਿਆਰੇ ਟੀਚਰ ਮੈਂ ਉਨ੍ਹਾਂ ਨੂੰ ਚਾਚਾ ਜੀ ਆਖ ਕੇ ਸੰਬੋਧਨ ਕਰਦਾ ਦਰਅਸਲ ਮਾਸਟਰ ਦਰਸ਼ਨ ਸਿੰਘ ਚੰਦੀ ਮੇਰੇ ਦਾਦੇ (ਸਰਪੰਚ) ਸਰਦਾਰ ਸੁਦਾਗਰ ਸਿੰਘ ਚੰਦੀ ਦੇ ਪਿੰਡ ਇਸਮਾਇਲ ਪੁਰ ਦੇ ਵਸਨੀਕ ਹੀ ਤਾਂ ਸਨ ਇਸ ਦੇ ਨਾਲ ਉਹ ਸਾਡੇ ਲਾਣੇ ਭਾਵ ਸ਼ਰੀਕੇ ਵਿਚੋਂ ਦੂਜੇ ਬਾਬਿਓ ਵੀ ਸਨ ਇਸ ਨਾਤੇ ਉਹ ਮੇਰੇ ਚਾਚਾ ਜੀ ਵੀ ਲਗਦੇ ਸਨ। ਉਨ੍ਹਾਂ ਦੀ ਧਰਮ ਪਤਨੀ ਭਾਵ ਸਾਡੀ ਚਾਚੀ ਜੀ ਪਹਿਲਾਂ ਹੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਸਨ । ਉਨ੍ਹਾਂ ਦੀ ਬੇ ਵਕਤੀ ਮੌਤ ਨੇ ਚਾਚਾ ਜੀ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਚਾਚਾ ਜੀ ਦੀ ਵੱਡੀ ਬੇਟੀ ਜੋ ਠੀਕ ਨਹੀਂ ਰਹਿੰਦੇਂ ਸਨ ਉਹ ਵੀ ਚਲ ਵਸੇ ਸਨ । ਉਨ੍ਹਾਂ ਦਾ ਬੇਟਾ ਰਣਧੀਰ ਸਿੰਘ ਰਾਣਾ ਪ੍ਰਦੇਸ਼ (ਅਮੇਰਿਕਾ) ਵਿਚ ਜ਼ਿੰਦਗੀ ਦੀ ਕਾਮਯਾਬੀ ਲਈ ਸੰਘਰਸ਼ ਕਰ ਰਿਹਾ ਹੈ ਉਹ ਭਾਰਤ ਨਹੀਂ ਆ ਸਕਦਾਂ ਸੀ । ਕੁਝ ਸਮਾਂ ਪਹਿਲਾਂ ਹੀ ਚਾਚਾ ਜੀ ਆਪਣੀ ਬੇਟੀ ਅਤੇ ਬੇਟੇ ਨੂੰ ਮਿਲ ਕੇ ਵਤਨ ਪਰਤੇ ਸਨ। ਉਹ ਪਿੰਡ ਝੁਗੀਆਂ ਵਿਖੇ ਘਰ ਦੇ ਇਕ ਕਮਰੇ ਵਿਚ ਇਕੱਲੇ ਰਹਿੰਦੇ ਸਨ ਤੇ ਸਾਹਮਣੇ ਵਾਲੀ ਜਿਥੇ ਕਦੇ ਰੋਣਕਾਂ ਲੱਗੀਆਂ ਰਹਿੰਦੀਆਂ ਸਨ ਖਾਣ ਨੂੰ ਆਉਂਦੀ ਹੈ ਇਕ ਪੁਰਾਣੀ ਕਹਾਵਤ ਹੈ ਕੱਲਾ ਤਾਂ ਰੁਖ਼ ਵੀ ਨਾ ਹੋਵੇ। ਜ਼ਿੰਦਗੀ ਵੀ ਕੀ ਪਹੇਲੀ ਹੈ, ਅੰਦਰੋਂ ਅੰਦਰੀ ਆਏ ਦੁਖ ਨੇ ਚਾਚਾ ਜੀ ਦਾ ਪਹਾੜ ਜਿੱਡਾ ਜੇਰਾ ਢੇਹ ਢੇਰੀ ਕਰ ਦਿੱਤਾ ਸੀ। ਅਚਾਨਕ ਇਕ ਦਿਨ ਐਸੀ ਤਬੀਅਤ ਵਿਗੜੀ ਕਿ ਫਿਰ ਜ਼ਿੰਦਗੀ ਲੀਹ ਤੇ ਨਾ ਆਈ ਤੇ ਮੁਰਾਦ ਬਿਮਾਰੀ ਦੀ ਜਿੱਤ ਹੋ ਗਈ। ਚਾਚਾ ਜੀ ਦੇ ਕੁੜਮ ਸਾਹਬ ਤੇ ਕਨੇਡਾ ਵਾਲੀ ਬੇਟੀ ਦੀ ਕੀਤੀ ਭੱਜ ਦੋੜ ਦੀ ਕੋਈ ਵਾਹ ਪੇਸ਼ ਨਾ ਚੱਲੀ । ਅੱਜ ਮਿਤੀ 13 ਮਈ ਨੂੰ ਉਨ੍ਹਾਂ ਨਮਿਤ ਰੱਖੇ ਸਹਿਜ ਪਾਠ ਦਾ ਭੋਗ ਪੈ ਰਿਹਾ ਹੈ। ਸਭ ਹੋਣਗੇ ਨਹੀਂ ਹੋਣਗੇ ਤਾਂ ਸਾਡੇ ਪਰਮ ਪੂਜਯ ਟੀਚਰ ਦਰਸ਼ਨ ਸਿੰਘ ਜੀ, ਮੈਂ ਅੱਜ ਆਪਣੇ ਭਰੇ ਮਨ ਨਾਲ ਆਪਣੇ ਪਰਮ ਪੂਜਯ ਗੁਰੂ ਮਾਸਟਰ ਦਰਸ਼ਨ ਸਿੰਘ ਚੰਦੀ ਝੁਗੀਆਂ ਵਾਲਿਆਂ ਨੂੰ ਉਨ੍ਹਾਂ ਦੇ ਪੜਾਏ ਤਮਾਮ ਵਿਦਿਆਰਥੀਆਂ ਦੀ ਤਰਫੋਂ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ। ਅਤੇ ਪਰਮਾਤਮਾ ਦੇ ਚਰਨਾਂ ਵਿਚ ਅਰਦਾਸ ਕਰਦਾ ਹਾਂ ਕਿ ਉਨ੍ਹਾਂ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ । ਅੱਜ ਇਹ ਬੋਲ ਅੱਖਰ ਅੱਖਰ ਸੱਚ ਹੋ ਨਿੱਬੜੇ
ਨਹੀਓਂ ਲੱਭਣੇ ਲਾਲ ਗੁਆਚੇ ਮਿੱਟੀ ਨਾ ਫਰੋਲ ਜੋਗੀਆ।
ਪੱਤਰਕਾਰ ਹਰਜਿੰਦਰ ਸਿੰਘ ਚੰਦੀ ਮਹਿਤਪੁਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



