ਕਪੂਰਥਲਾ(ਕੌੜਾ)– ਵਿਧਾਨ ਸਭਾ 2022 ਦੀਆਂ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਵਿਭਾਗਾਂ ਤੋਂ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਨੂੰ ਚੋਣ ਅਮਲੇ ਵਿੱਚ ਤਾਇਨਾਤ ਕੀਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਪਹਿਲਾਂ ਮੁਲਾਜ਼ਮਾਂ ਨੂੰ ਦਿੱਤੇ ਗਏ ਡਿਊਟੀ ਪੱਤਰਾਂ ਅਨੁਸਾਰ ਉਨ੍ਹਾਂ ਦੀ ਚੋਣ ਰਿਹਰਸਲ ਉਨ੍ਹਾਂ ਦੇ ਹੋਮ ਬਲਾਕਾਂ ਵਿੱਚ ਹੀ ਕਰਵਾਈ ਗਈ ਸੀ।ਉਸ ਸਮੇਂ ਮੁਲਾਜ਼ਮਾਂ ਨੂੰ ਆਸ ਸੀ ਕਿ ਕੋਵਿਡ ਦੇ ਚੱਲਦਿਆਂ ਉਨ੍ਹਾਂ ਦੀਆਂ ਚੋਣ ਡਿਊਟੀਆਂ ਹੋਮ ਬਲਾਕਾਂ ਵਿੱਚ ਹੀ ਲੱਗਣਗੀਆਂ। ਮੁਲਾਜ਼ਮ ਜਥੇਬੰਦੀਆਂ ਨੇ ਇਸ ਸਬੰਧੀ ਪ੍ਰਸ਼ਾਸਨ ਤੋਂ ਜ਼ੋਰ ਨਾਲ ਮੰਗ ਵੀ ਕੀਤੀ ਸੀ ਕਿ ਸਮੇਂ ਨੂੰ ਧਿਆਨ ਵਿੱਚ ਰੱਖਦਿਆਂ ਚੋਣ ਡਿਊਟੀਆਂ ਹੋਮ ਬਲਾਕਾਂ ਵਿੱਚ ਲਗਾਈਆ ਜਾਣ।ਪਰ ਅੱਜ ਮੁਲਾਜ਼ਮ ਉਸ ਸਮੇਂ ਹੱਕੇ ਬੱਕੇ ਰਹਿ ਗਏ ਜਦੋਂ ਪ੍ਰਸ਼ਾਸਨ ਵੱਲੋਂ ਅਗਲੀ ਚੋਣ ਰਿਹਰਸਲ ਜ਼ਾਰੀ ਕੀਤੀਆਂ ਚੋਣ ਡਿਊਟੀਆਂ 70-70 ਕਿਲੋਮੀਟਰ ਦੂਰ ਦੂਸਰੇ ਹਲਕਿਆਂ ਵਿੱਚ ਲਾ ਦਿੱਤੀਆਂ ਗਈਆਂ। ਸਾਂਝੇ ਮੁਲਾਜ਼ਮ ਫਰੰਟ ਦੇ ਆਗੂਆਂ ਸੁਖਚੈਨ ਸਿੰਘ ਬੱਧਨ, ਨਰੇਸ਼ ਕੋਹਲੀ,ਰਵੀ ਵਾਹੀ, ਹਰਵਿੰਦਰ ਸਿੰਘ ਅੱਲੂਵਾਲ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਤੋਂ ਵੱਡੀ ਗਿਣਤੀ ਵਿਚ ਮੁਲਾਜ਼ਮਾਂ ਨੂੰ ਫਗਵਾੜਾ ਅਤੇ ਭੁਲੱਥ ਹਲਕਿਆਂ ਵਿੱਚ ਚੋਣ ਡਿਊਟੀ ਲਈ ਤਾਇਨਾਤ ਕਰ ਦਿੱਤਾ ਹੈ,ਜੋ ਸਰਾਸਰ ਬੇਇਨਸਾਫ਼ੀ ਹੈ। ਆਗੂਆਂ ਨੇ ਕਿਹਾ ਕਿ ਵੱਡੀ ਗਿਣਤੀ ਤਾਇਨਾਤ ਕੀਤੀਆਂ ਗਈਆਂ ਔਰਤ ਮੁਲਾਜ਼ਮਾਂ ਇੰਨੀ ਦੂਰ ਕਿਸ ਤਰ੍ਹਾਂ ਡਿਊਟੀ ਨਿਭਾ ਸਕਣਗੀਆ। ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਕਈ ਵਾਰ ਲਿਖਤੀ ਤੌਰ ਤੇ ਵੀ ਜਾਣੂ ਕਰਵਾਇਆ ਜਾ ਚੁੱਕਾ ਹੈ ਕਿ ਔਰਤ ਮੁਲਾਜ਼ਮਾਂ ਨੂੰ ਚੋਣ ਡਿਊਟੀ ਤੋਂ ਛੋਟ ਨਹੀਂ ਦੇਣੀ ਤਾਂ ਘੱਟੋ-ਘੱਟ ਉਨ੍ਹਾਂ ਨੂੰ ਹੋਮ ਬਲਾਕਾਂ ਵਿੱਚ ਚੋਣ ਡਿਊਟੀ ਲਈ ਤਾਇਨਾਤ ਕੀਤਾ ਜਾਵੇ।ਪਰ ਕੁੱਝ ਅੜੀਅਲ ਅਫ਼ਸਰਸ਼ਾਹੀ ਇਸ ਵੱਲ ਧਿਆਨ ਨਹੀਂ ਦਿੰਦੀ।ਇਸ ਮੌਕੇ ਯੂਨੀਅਨ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਪ੍ਰਸ਼ਾਸਨ ਨੇ ਇਸ ਸਬੰਧੀ ਕੋਈ ਹੱਲ ਨਾ ਕੱਢਿਆ ਤਾਂ ਇਸ ਦਾ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ।ਇਸ ਤਰ੍ਹਾਂ ਕਿਸਾਨ ਆਗੂ ਪਰਮਜੀਤ ਸਿੰਘ ਖਾਲਸਾ, ਸੁਖਪ੍ਰੀਤ ਸਿੰਘ ਪੱਸਨ, ਹਾਕਮ ਸਿੰਘ ਸ਼ਾਹਜਹਾਨ ਪੁਰ, ਲਖਵਿੰਦਰ ਸਿੰਘ ਸੰਧਾ ਨੇ ਵੀ ਮੁਲਾਜ਼ਮਾਂ ਨੂੰ ਚੋਣ ਡਿਊਟੀ ਲਈ ਤੰਗ ਪ੍ਰੇਸਾਨ ਕੀਤੇ ਜਾਣ ਤੇ ਪ੍ਰਸ਼ਾਸਨ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਮੁਲਜ਼ਮ ਜਥੇਬੰਦੀਆਂ ਇਸ ਦਾ ਵਿਰੋਧ ਕਰਦੀਆਂ ਹਨ ਤਾਂ ਕਿਸਾਨਾਂ ਵੱਲੋਂ ਉਨ੍ਹਾਂ ਦਾ ਡੱਟ ਕੇ ਸਾਥ ਦਿੱਤਾ ਜਾਵੇਗਾ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly