(ਸਮਾਜ ਵੀਕਲੀ)
ਗਰਮੀਆਂ ਦੇ ਦਿਨ ਸਨ। ਰਾਤ ਦੇ ਨੌਂ ਕੁ ਵੱਜਣ ਵਾਲੇ ਸਨ। ਭੀਰੋ ਨੇ ਆਪਣੇ ਪਤੀ ਮੇਸ਼ੀ ਦੀ ਉਡੀਕ ਕਰਨ ਪਿੱਛੋਂ ਆਪਣੇ ਦੋਹਾਂ ਬੱਚਿਆਂ ਨੂੰ ਰੋਟੀ ਖੁਆ ਕੇ ਆਪ ਵੀ ਰੋਟੀ ਖਾ ਲਈ । ਅਚਾਨਕ ਕਮਰੇ ਦਾ ਦਰਵਾਜ਼ਾ ਖੜਕਿਆ। ਭੀਰੋ ਨੇ ਦਰਵਾਜ਼ਾ ਖੋਲ੍ਹ ਕੇ ਵੇਖਿਆ, ਉਸ ਦਾ ਪਤੀ ਮੇਸ਼ੀ ਸ਼ਰਾਬ ਨਾਲ ਰੱਜਿਆ ਖੜ੍ਹਾ ਸੀ। ਉਹ ਡਿੱਗਦਾ, ਢਹਿੰਦਾ ਅੰਦਰ ਆ ਕੇ ਮੰਜੇ ਤੇ ਬੈਠ ਗਿਆ। ਉਸ ਨੇ ਭੀਰੋ ਨੂੰ ਰੋਟੀ ਲਿਆਉਣ ਦਾ ਹੁਕਮ ਕੀਤਾ। ਭੀਰੋ ਨੇ ਮਸਰਾਂ ਦੀ ਦਾਲ ਕੌਲੀ ਵਿੱਚ ਪਾ ਕੇ ਅਤੇ ਚਾਰ ਰੋਟੀਆਂ ਪਲੇਟ ਵਿੱਚ ਰੱਖ ਕੇ ਪਲੇਟ ਉਸ ਦੇ ਅੱਗੇ ਰੱਖ ਦਿੱਤੀ। ਉਹ ਮਸਰਾਂ ਦੀ ਦਾਲ ਨੂੰ ਵੇਖ ਕੇ ਅੱਗ ਬਬੂਲਾ ਹੋ ਗਿਆ ਤੇ ਉੱਚੀ ਆਵਾਜ਼ ਵਿੱਚ ਬੋਲਿਆ,” ਰੋਜ਼ੇ ਮਸਰਾਂ ਦੀ ਦਾਲ ਬਣਾ ਲੈਂਨੀ ਆਂ, ਕੋਈ ਸਬਜ਼ੀ ਨ੍ਹੀ ਬਣਾ ਹੁੰਦੀ।”
” ਤੂੰ ਕਿਹੜਾ ਮੈਨੂੰ ਨੋਟ ਦੇ ਕੇ ਗਿਆ ਸੀ, ਜਿਨ੍ਹਾਂ ਦੀ ਮੈਂ ਸਬਜ਼ੀ ਲੈ ਲੈਂਦੀ,” ਭੀਰੋ ਨੇ ਆਖਿਆ।
” ਮੇਰੇ ਅੱਗੇ ਤੋਂ ਪਲੇਟ ਚੱਕ ਕੇ ਲੈ ਜਾ, ਨਹੀਂ ਤਾਂ ਮੈਂ ਸਾਰਾ ਕੁਛ ਚੱਕ ਕੇ ਬਾਹਰ ਮਾਰਨਾ,” ਉਹ ਫੇਰ ਗਰਜਿਆ।
” ਆਪੇ ਸਿੱਟ ਦੇ, ਜਿੱਥੇ ਸਿੱਟਣੀ ਆਂ। ਜੇ ਤੂੰ ਸਾਰੀ ਰਾਤ ਭੁੱਖਾ ਰਹਿਣਾ, ਤਾਂ ਵੀ ਤੇਰੀ ਮਰਜ਼ੀ ਆ। ਅਸੀਂ ਸਾਰੇ ਤਾਂ ਰੋਟੀ ਖਾ ਚੁੱਕੇ ਆਂ।”
ਮੇਸ਼ੀ ਦੇ ਦਿਮਾਗ ਵਿੱਚ ਇਹ ਗੱਲ ਆ ਵੜੀ ਕਿ ਉਸ ਨੇ ਤਾਂ ਦੁਪਹਿਰੇ ਵੀ ਰੋਟੀ ਨਹੀਂ ਸੀ ਖਾਧੀ। ਉਸ ਨੇ ਸੋਚਿਆ, ਜੇ ਉਸ ਨੇ ਹੁਣ ਵੀ ਰੋਟੀ ਨਾ ਖਾਧੀ, ਤਾਂ ਉਸ ਨੂੰ ਭੁੱਖੇ ਨੂੰ ਨੀਂਦ ਨਹੀਂ ਆਉਣੀ। ਇਹ ਸੋਚ ਕੇ ਉਹ ਚੁੱਪ ਕਰਕੇ ਰੋਟੀ ਖਾਣ ਲੱਗ ਪਿਆ।
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ 9915803554
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly