ਸ਼ਹੀਦੀ ਦਿਵਸ ‘ਤੇ ਵਿਸ਼ੇਸ਼
(ਸਮਾਜ ਵੀਕਲੀ) ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹਾਦਤ ਬਾਰੇ ਵਿਭਿੰਨ ਵਿਦਵਾਨਾਂ ਦੇ ਕੀ ਵਿਚਾਰ ਹਨ , ਇਸ ਬਾਰੇ ਡਾ. ਸੁਖਦਿਆਲ ਸਿੰਘ ਨੇ ਬੜੇ ਵਿਸਥਾਰ ਨਾਲ ਚਰਚਾ ਕੀਤੀ ਹੈ।ਉਨ੍ਹਾਂ ਅਨੁਸਾਰ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨਾਲ ਸੰਬੰਧਤ ਸਾਡੇ ਪਾਸ ਦੋ ਸਮਕਾਲੀ ਗਵਾਹੀਆਂ ਹਨ। ਇਨ੍ਹਾਂ ਦੋਵੇਂ ਸਮਕਾਲੀ ਗਵਾਹੀਆਂ ਨਾਲ ਗੁਰੂ ਜੀ ਨੂੰ ਸ਼ਹੀਦ ਕੀਤੇ ਜਾਣ ਦੀ ਗੱਲ ਪੂਰੀ ਤਰ੍ਹਾਂ ਸਪੱਸ਼ਟ ਹੋ ਜਾਂਦੀ ਹੈ। ਪਹਿਲੀ ਗਵਾਹੀ ਬਾਦਸ਼ਾਹ ਜਹਾਂਗੀਰ ਦੀ ਆਪਣੀ ਲਿਖਤ ਹੈ ਜੋ ਤੁਜ਼ਕੇ ਜਹਾਂਗੀਰੀ ਵਿੱਚ ਦਰਜ ਹੈ। ਇਹ ਭਾਵੇਂ ਜਹਾਂਗੀਰ ਦੀ ਆਪਣੀ ਲਿਖਤ ਹੈ ਤੇ ਭਾਵੇਂ ਉਸ ਦੇ ਕਿਸੇ ਦਰਬਾਰੀ ਦੀ ਪਰ ਇਹ ਜੋ ਕੁਝ ਵੀ ਹੈ ਸਾਡੇ ਲਈ ਇੱਕ ਸਮਕਾਲੀ ਗਵਾਹੀ ਦਾ ਦਰਜਾ ਰੱਖਦੀ ਹੈ। ਦੂਜੀ ਲਿਖਤ ਫਾਦਰ ਜੈਰੋਮ ਜ਼ੇਵੀਅਰ ਦਾ 25 ਸਤੰਬਰ, 1606 ਈ. ਦਾ ਲਿਖਿਆ ਹੋਇਆ ਉਹ ਖ਼ਤ ਹੈ ਜਿਹੜਾ ਉਸ ਨੇ ਬਾਦਸ਼ਾਹ ਜਹਾਂਗੀਰ ਦੇ ਦਰਬਾਰ ਵਿੱਚੋਂ ਗੋਆ ਦੇ ਕਿਸੇ ਅਧਿਕਾਰੀ ਨੂੰ ਲਿਖਿਆ ਸੀ। ਇਸ ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬਾਰੇ ਅੱਖੀਂ ਦੇਖੇ ਅਤੇ ਕੰਨੀਂ ਸੁਣੇ ਹਾਲਾਤ ਹਨ। ਇਨ੍ਹਾਂ ਦੋਵਾਂ ਸਮਕਾਲੀ ਦਸਤਾਵੇਜ਼ਾਂ ਤੋਂ ਇਲਾਵਾ ਇੱਕ ਹੋਰ ਲਿਖਤ ਜੁਲਿਫਕਾਰ ਅਰਧਿਸਤਾਨੀ ਮੋਬੀਦ (ਮਹਿਸਿਨ ਫਾਨੀ) ਦੀ ਹੈ ਜਿਸ ਵਿੱਚ ਭਾਵੇਂ ਵੇਰਵਾ ਬਹੁਤ ਸੰਖੇਪ ਹੈ ਪਰ ਹੈ ਇਹ ਵੀ ਬਹੁਤ ਸਹਾਇਕ। ਇਹ ਲੇਖਕ ਗੁਰੂ ਹਰਿਗੋਬਿੰਦ ਸਾਹਿਬ ਦਾ ਸਮਕਾਲੀ ਸੀ। ਇਸ ਗਵਾਹੀ ਤੋਂ ਉਪਰਲੀਆਂ ਦੋਵੇਂ ਗਵਾਹੀਆਂ ਦੀ ਪ੍ਰੋੜਤਾ ਕੀਤੇ ਜਾਣ ਦੀ ਸਹਾਇਤਾ ਲਈ ਜਾ ਸਕਦੀ ਹੈ। ਪ੍ਰੋੜਤਾ ਕਰਨ ਲਈ ਹੀ ਗੁਰਮੁਖੀ ਦੀਆਂ ਕੁਝ ਮੁੱਢਲੀਆਂ ਲਿਖਤਾਂ ਹਨ ਜਿਨ੍ਹਾਂ ਤੋਂ ਕੁਝ ਸਾਵਧਾਨੀ ਨਾਲ ਇਸ ਵਿਸ਼ੇ ਸੰਬੰਧੀ ਮਦਦ ਲਈ ਜਾ ਸਕਦੀ ਹੈ।
ਜਹਾਂਗੀਰ ਦੀ ਲਿਖਤ ਇਸ ਪ੍ਰਕਾਰ ਹੈ :- “ਗੋਇੰਦਵਾਲ ਵਿਖੇ, ਜਿਹੜਾ ਕਿ ਦਰਿਆ ਬਿਆਸ ਦੇ ਕਿਨਾਰੇ ਉੱਪਰ ਸਥਿਤ ਹੈ, ਪੀਰ ਅਤੇ ਸ਼ੇਖ਼ ਦੇ ਬੁਰਕੇ ਵਿੱਚ ਇੱਕ ਅਰਜਨ ਨਾਂ ਦਾ ਹਿੰਦੂ ਰਹਿੰਦਾ ਹੈ। ਉਸ ਨੇ ਆਪਣੇ ਤੌਰ ਤਰੀਕਿਆਂ ਰਾਹੀਂ ਆਪਣੇ ਬਾਰੇ ਧਾਰਮਿਕ ਅਤੇ ਸੰਸਾਰਕ ਨੇਤਾ ਦਾ ਐਸਾ ਰੌਲਾ ਪੁਆ ਰੱਖਿਆ ਹੈ ਕਿ ਕਈ ਸਿੱਧੇ-ਸਾਧੇ ਦਿਲ ਵਾਲੇ ਹਿੰਦੂ, ਇੱਥੋਂ ਤੱਕ ਕਿ ਮੂਰਖ ਅਤੇ ਬੁੱਧੂ ਕਿਸਮ ਦੇ ਮੁਸਲਮਾਨਾਂ ਨੂੰ ਵੀ ਆਪਣੀ ਵੱਲ ਖਿੱਚ ਰੱਖਿਆ ਹੈ। ਉਹ ਉਸ ਨੂੰ ਗੁਰੂ ਕਹਿੰਦੇ ਹਨ। ਸਾਰੀਆਂ ਦਿਸ਼ਾਵਾਂ ਤੋਂ ਮੂਰਖ ਅਤੇ ਮੂਰਖਾਂ ਦੀ ਪੂਜਾ ਕਰਨ ਵਾਲੇ ਲੋਕ ਉਸ ਵੱਲ ਖਿੱਚੇ ਆਉਂਦੇ ਹਨ ਅਤੇ ਉਸ ਵਿੱਚ ਪੂਰਾ ਵਿਸ਼ਵਾਸ ਪ੍ਰਗਟ ਕਰਦੇ ਹਨ। ਤਿੰਨ ਜਾਂ ਚਾਰ ਪੀੜੀਆਂ ਤੋਂ ਇਹ ਦੁਕਾਨ ਗਰਮ ਚੱਲੀ ਆ ਰਹੀ ਹੈ। ਕੁਝ ਸਾਲਾਂ ਤੋਂ ਇਹ ਵਿਚਾਰ ਮੇਰੇ ਮਨ ਵਿੱਚ ਚਲਦਾ ਆ ਰਿਹਾ ਹੈ ਕਿ ਜਾਂ ਤਾਂ ਮੈਨੂੰ ਇਸ ਝੂਠ ਦੀ ਦੁਕਾਨ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਜਾਂ ਫਿਰ ਉਸ ਨੂੰ ਇਸਲਾਮ ਦੇ ਦਾਇਰੇ ਵਿੱਚ ਲੈ ਆਉਣਾ ਚਾਹੀਦਾ ਹੈ।”
“ਆਖ਼ਰਕਾਰ ਜਦੋਂ ਖੁਸਰੋ ਇਸ ਰਸਤੇ ਰਾਹੀਂ ਲੰਘਿਆ ਸੀ ਤਾਂ ਇਸ ਨਾਚੀਜ਼ ਨੇ ਉਸ ਨੂੰ ਮਿਲਣ ਲਈ ਆਪਣਾ ਮਨ ਬਣਾਇਆ। ਜਿੱਥੇ ਇਹ ਰਹਿੰਦਾ ਸੀ ਉੱਥੇ ਖੁਸਰੋ ਠਹਿਰਿਆ ਸੀ। ਇਹ ਉੱਥੇ ਪਹੁੰਚਿਆ, ਉਸ ਨੂੰ ਮਿਲਿਆ ਅਤੇ ਆਪਣੇ ਮਨ ਵਿੱਚ ਪਹਿਲੋਂ ਹੀ ਸੋਚੀਆਂ ਕੁਝ ਗੱਲਾਂ ਉਸ ਨੂੰ ਦੱਸੀਆਂ, ਉਸ ਦੇ ਮੱਥੇ ‘ਤੇ ਉਂਗਲੀਆਂ ਦੇ ਨਿਸ਼ਾਨ ਵਾਲਾ ਕੇਸਰ ਲਗਾਇਆ। ਇਸ ਨੂੰ ਹਿੰਦੂ ਸ਼ਬਦਾਵਲੀ ਵਿੱਚ ਕਸ਼ਕਾ ਕਿਹਾ ਜਾਂਦਾ ਹੈ ਅਤੇ ਬਹੁਤ ਅੱਛਾ ਸ਼ਗਨ ਮੰਨਿਆ ਜਾਂਦਾ ਹੈ। ਜਦੋਂ ਇਹ ਸਭ ਕੁਝ ਮੇਰੇ ਕੰਨਾਂ ਤੱਕ ਪਹੁੰਚਿਆ ਅਤੇ ਮੈਂ ਪਹਿਲੋਂ ਹੀ ਇਸ ਦੇ ਫਰੇਬ ਨੂੰ ਪੂਰੀ ਤਰ੍ਹਾਂ ਜਾਣਦਾ ਸੀ ਤਾਂ ਮੈਂ ਇਸ ਨੂੰ ਮੇਰੇ ਸਾਹਮਣੇ ਪੇਸ਼ ਕਰਨ ਦਾ ਹੁਕਮ ਦਿੱਤਾ ਅਤੇ ਉਸ ਦੇ ਘਰ, ਰਿਹਾਇਸ਼ੀ ਥਾਵਾਂ ਅਤੇ ਬੱਚਿਆਂ ਨੂੰ ਮੁਰਤਜ਼ਾ ਖ਼ਾਨ ਦੇ ਹਵਾਲੇ ਕਰਕੇ ਉਸ ਦੇ ਧਨ ਮਾਲ ਨੂੰ ਜ਼ਬਤ ਕਰ ਲਿਆ। ਮੈਂ ਹੁਕਮ ਕੀਤਾ ਸੀ ਕਿ ਉਸ ਨੂੰ ਤਸੀਹੇ ਦੇ ਕੇ ਮਾਰ ਦਿੱਤਾ ਜਾਣਾ ਚਾਹੀਦਾ ਹੈ”।
ਇਨ੍ਹਾਂ ਲਾਈਨਾਂ ਤੋਂ ਇਹ ਗੱਲ ਪੂਰੀ ਤਰ੍ਹਾਂ ਸਪੱਸ਼ਟ ਹੋ ਜਾਂਦੀ ਹੈ ਕਿ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਲਈ ਜਹਾਂਗੀਰ ਦਾ ਮਨੋਰਥ ਕੀ ਸੀ। ਖੁਸਰੋ ਨਾਲ ਮੁਲਾਕਾਤ ਜਾਂ ਉਸ ਦੇ ਮੱਥੇ ‘ਤੇ ਟਿੱਕਾ ਲਗਾਉਣਾ ਤਾਂ ਇੱਕ ਸਿਰਫ਼ ਬਹਾਨਾ ਹੀ ਬਣਾਇਆ ਗਿਆ ਸੀ। ਅਸਲੀ ਮਕਸਦ ਤਾਂ ਗੁਰੂ ਅਰਜਨ ਦੇਵ ਜੀ ਦੀ ਅਗਵਾਈ ਹੇਠ ਚਲ ਰਹੀ ਸਿੱਖ ਲਹਿਰ ਨੂੰ ਰੋਕਣ ਦਾ ਜਾਂ ਬੰਦ ਕਰਨ ਦਾ ਸੀ। ਇਸ ਦੇ ਨਾਲ ਹੀ ਇੱਕ ਗੱਲ ਹੋਰ ਇਸ ਲਿਖਤ ਬਾਰੇ ਮੰਨ ਕੇ ਚੱਲਣਾ ਚਾਹੀਦਾ ਹੈ ਕਿ ਇਸ ਲਿਖਤ ਵਿੱਚ ਲਿਖਿਆ ਗਿਆ ਇੱਕ ਇੱਕ ਲਫ਼ਜ਼ ਕਿਸੇ ਵੀ ਤਰ੍ਹਾਂ ਮੁਕੰਮਲ ਅਰਥ ਭਰਪੂਰ ਨਹੀਂ ਸਮਝ ਲੈਣਾ ਚਾਹੀਦਾ ਕਿਉਂਕਿ ਇਸ ਵਿੱਚ ਆਈਆਂ ਕਈ ਗੱਲਾਂ ਵੀ ਗਲਤ ਸਾਬਤ ਹੋ ਗਈਆਂ ਹਨ। ਗੁਰੂ ਜੀ ਦੇ ਬਾਲ-ਬੱਚੇ ਨੂੰ ਮੁਰਤਜ਼ਾ ਖ਼ਾਨ ਦੇ ਹਵਾਲੇ ਕਰਨ ਦੀ ਗੱਲ ਗਲਤ ਹੈ। ਭਾਵੇਂ ਤਾਂ ਹੁਕਮ ਕਰਕੇ ਵਾਪਸ ਲੈ ਲਏ ਗਏ ਹੋਣ ਤੇ ਭਾਵੇਂ ਹੁਕਮ ਦੀ ਤਾਮੀਲ ਹੀ ਨਾ ਹੋਈ ਹੋਵੇ ਤੇ ਭਾਵੇਂ ਇਹ ਗੱਲ ਐਵੇਂ ਹੀ ਲਿਖ ਦਿੱਤੀ ਗਈ ਹੋਵੇ। ਨਾ ਹੀ ਗੁਰੂ ਸਾਹਿਬ ਦੀ ਸੁਪਤਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਨਾ ਹੀ ਉਨ੍ਹਾਂ ਦੇ ਸਪੁੱਤਰ ਨੂੰ। ਇਸ ਕਰਕੇ ਇਸ ਲਿਖਤ ਬਾਰੇ ਵੀ ਇਉਂ ਲੱਗਦਾ ਹੈ ਜਿਵੇਂ ਕਿ ਇਹ ਬਿਲਕੁਲ ਬੇਪਰਵਾਹੀ ਨਾਲ ਲਿਖੀ ਗਈ ਹੋਵੇ ਤੇ ਜਾਂ ਫਿਰ ਸ਼ਰਾਬ ਦੇ ਨਸ਼ੇ ਵਿੱਚ ਲਿਖੀ ਗਈ ਹੋਵੇ।ਸ਼ਰਾਬੀ ਤਾਂ ਜਹਾਂਗੀਰ ਹੈ ਹੀ ਸੀ। ਇਸ ਲਈ ਇਸ ਲਿਖਤ ਦੇ ਸਿਰਫ਼ ਭਾਵ-ਅਰਥ (ਕੇਂਦਰੀ ਨੁਕਤੇ) ਨੂੰ ਹੀ ਲੈਣਾ ਚਾਹੀਦਾ ਹੈ। ਇਸ ਦੇ ਅੱਖਰੀ ਅਰਥਾਂ ਨੂੰ ਨਹੀਂ।ਤੀਜਾ, ਇਸ ਬਿਆਨ ਵਿੱਚ ਸਿਰਫ਼ ਮੌਤ ਦੀ ਸਜ਼ਾ ਬਾਰੇ ਕੀਤਾ ਗਿਆ ਫ਼ੈਸਲਾ ਹੀ ਹੈ ਅਤੇ ਸ਼ਹੀਦ ਕੀਤੇ ਜਾ ਚੁੱਕੇ ਦਾ ਜਾਂ ਗੁਰੂ ਜੀ ਨੂੰ ਚੰਦੂ ਦੇ ਹਵਾਲੇ ਕੀਤੇ ਜਾਣ ਦਾ ਕੋਈ ਵੇਰਵਾ ਨਹੀਂ ਹੈ। ਇਸ ਲਈ ਇਹ ਬਿਆਨ ਸਿਰਫ਼ ਇਨੀ ਕੁ ਗੱਲ ਹੀ ਸਪੱਸ਼ਟ ਕਰਦਾ ਹੈ ਕਿ ਜਹਾਂਗੀਰ ਦਾ ਅਸਲ ਮਕਸਦ ਧਾਰਮਿਕ ਸੀ ਅਤੇ ਇਸੇ ਧਾਰਮਿਕ ਸਾੜੇ ਕਾਰਨ ਹੀ ਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ ਸੀ।
ਦੂਜੀ ਗਵਾਹੀ ਫਾਦਰ ਜੈਰੋਮ ਜ਼ੈਵੀਅਰ ਦੇ ਪੱਤਰ ਦੀ ਹੈ ਜੋ ਇਸ ਤਰ੍ਹਾਂ ਹੈ : “ਸ਼ਾਹਸ਼ਾਦਾ ਖੁਸਰੋ ਆਗਰੇ ਤੋਂ ਭੱਜਿਆ ਆ ਰਿਹਾ ਸੀ ਉਸੇ ਰਸਤੇ ਉੱਪਰ ਇੱਕ ਹਿੰਦੂ ਰਹਿੰਦਾ ਸੀ ਜਿਸ ਨੂੰ ਗੁਰੂ ਕਿਹਾ ਜਾਂਦਾ ਸੀ। ਇਸ ਨੂੰ ਸਾਰੇ ਹਿੰਦੂਆਂ ਵਿੱਚ, ਸਾਡੇ ਪੋਪ ਵਾਂਗ ਸਤਿਕਾਰਿਆ ਜਾਂਦਾ ਸੀ। ਉਸ ਨੂੰ ਧਾਰਮਿਕ ਵਿਅਕਤੀ ਮੰਨਿਆ ਜਾਂਦਾ ਸੀ ਅਤੇ ਇਸੇ ਤਰ੍ਹਾਂ ਦਾ ਮਾਣ ਦਿੱਤਾ ਜਾਂਦਾ ਸੀ। ਉਸ ਦੀ ਪ੍ਰਸਿੱਧੀ ਅਤੇ ਪ੍ਰਤਿਸ਼ਠਤਾ ਨੂੰ ਵੇਖ ਕੇ ਸ਼ਾਹਜ਼ਾਦਾ ਉਸ ਤੋਂ ਚੰਗੇ ਭਵਿੱਖ ਦੀ ਆਸ਼ੀਰਵਾਦ ਲੈਣ ਲਈ ਉਸ ਕੋਲ ਪਹੁੰਚਿਆ। ਗੁਰੂ ਨੇ ਉਸ ਨੂੰ ਸੁਤੰਤਰਤਾ ਪ੍ਰਾਪਤ ਕਰਨ ਦੀ ਮੁਬਾਰਕਬਾਦ ਦਿੱਤੀ ਅਤੇ ਉਸ ਦੇ ਮੱਥੇ ‘ਤੇ ਤਿੰਨ ਨਿਸ਼ਾਨ ਲਗਾਏ। ਭਾਵੇਂ ਗੁਰੂ ਇੱਕ ਕਾਫ਼ਰ ਸੀ ਅਤੇ ਸ਼ਾਹਜ਼ਾਦਾ ਇੱਕ ਮੁਸਲਮਾਨ ਫਿਰ ਵੀ ਉਹ ਸ਼ਾਹਜ਼ਾਦੇ ਦੇ ਮੱਥੇ ਉੱਤੇ ਟਿੱਕਾ ਲਗਾ ਕੇ ਖੁਸ਼ ਸੀ। ਇਹ ਹਿੰਦੂ ਨਿਸ਼ਾਨ ਸ਼ਹਿਜ਼ਾਦੇ ਦੀ ਸ਼ੁਰੂ ਕੀਤੀ ਜੱਦੋ-ਜਹਿਦ ਦੀ ਸਫ਼ਲਤਾ ਲਈ ਚੰਗਾ ਸਮਝਿਆ ਜਾਂਦਾ ਸੀ। ਕਿਉਂਕਿ ਸ਼ਾਹਜ਼ਾਦਾ ਹਿੰਦੂ ਮਾਂ ਦਾ ਪੁੱਤਰ ਸੀ। ਸ਼ਾਹਜ਼ਾਦੇ ਨੇ, ਗੁਰੂ ਦੀ ਪਵਿੱਤਰਤਾ ਦੀ ਪ੍ਰਸਿੱਧੀ ਹੋਣ ਕਰਕੇ ਹੀ ਇਹ ਟਿੱਕਾ ਲਗਵਾਇਆ ਸੀ। ਬਾਦਸ਼ਾਹ ਨੂੰ ਇਸ ਦਾ ਪਤਾ ਲੱਗ ਗਿਆ। ਸ਼ਾਹਜ਼ਾਦੇ ਨੂੰ ਬੰਦੀ ਬਣਾ ਕੇ ਰੱਖਣ ਦੇ ਨਾਲ, ਬਾਦਸ਼ਾਹ ਨੇ ਗੁਰੂ ਨੂੰ ਆਪਣੇ ਸਾਹਮਣੇ ਹਾਜ਼ਰ ਹੋਣ ਦਾ ਹੁਕਮ ਦਿੱਤਾ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
“ਕੁਝ ਹਿੰਦੂਆਂ ਨੇ ਬਾਦਸ਼ਾਹ ਅੱਗੇ ਉਸ ਨੂੰ ਛੱਡ ਦੇਣ ਦੀ ਬੇਨਤੀ ਕੀਤੀ ਕਿਉਂਕਿ ਉਹ ਉਨ੍ਹਾਂ ਦਾ ਧਾਰਮਿਕ ਸੰਤ ਸੀ। ਅਖ਼ੀਰ ‘ਤੇ ਇਹ ਤਹਿ ਹੋ ਗਿਆ ਕਿ ਉਸ ਨੂੰ ਇੱਕ ਲੱਖ ਰੁਪਿਆ (ਪੁਰਤਗਾਲੀ) ਜੁਰਮਾਨੇ ਦੇ ਤੌਰ ‘ਤੇ ਅਦਾ ਕਰਨਾ ਚਾਹੀਦਾ ਹੈ। ਇਹ ਕੰਮ ਇੱਕ ਅਮੀਰ ਹਿੰਦੂ ਵੱਲੋਂ ਜ਼ਮਾਨਤ ਦੇਣ ਪਿੱਛੋਂ ਕੀਤਾ ਗਿਆ। ਉਸ (ਅਮੀਰ ਹਿੰਦੂ) ਨੇ ਸੋਚਿਆ ਸੀ ਕਿ ਇਹ ਜੁਰਮਾਨਾ ਜਾਂ ਤਾਂ ਬਾਦਸ਼ਾਹ ਮੁਆਫ਼ ਹੀ ਕਰ ਦੇਵੇਗਾ, ਜਾਂ ਇਹ ਗੁਰੂ ਅਦਾ ਕਰ ਦੇਵੇਗਾ ਜਾਂ ਇਤਨੀ ਰਕਮ ਉਹ ਉਧਾਰੀ ਕਰ ਲਵੇਗਾ ਪਰ ਇਸ ਵਿੱਚ ਉਹ ਅਮੀਰ ਹਿੰਦੂ ਨਿਰਾਸ਼ ਹੀ ਹੋਇਆ। ਉਸ ਨੇ ਗੁਰੂ ਦੇ ਘਰ ਦਾ ਸਾਰਾ ਸਾਮਾਨ ਮੰਗਵਾ ਲਿਆ, ਜਿਸ ਵਿੱਚ ਘਰ ਦਾ ਸਾਜੋ-ਸਾਮਾਨ, ਗੁਰੂ ਦੀ ਪਤਨੀ ਅਤੇ ਬੱਚਿਆਂ ਦੇ ਕੱਪੜੇ ਸ਼ਾਮਲ ਸਨ। ਪਰ ਇਸ ਸਾਰੇ ਸਾਮਾਨ ਨਾਲ ਵੀ ਉਸ ਦੀ ਰਕਮ ਪੂਰੀ ਨਹੀਂ ਹੁੰਦੀ ਸੀ। ਹਿੰਦੂ ਲੋਕਾਂ ਵਿੱਚ ਉਸ ਦਾ ਜਾਂ ਉਸ ਦੇ ਪਿਤਾ ਦਾ ਬਹੁਤਾ ਸਤਿਕਾਰ ਨਹੀਂ ਸੀ। ਉਸ (ਅਮੀਰ ਹਿੰਦੂ) ਨੇ ਉਸ ਦੇ ਸਾਰੇ ਧਨ ਮਾਲ ਨੂੰ ਹੜੱਪਣ ਦੇ ਨਾਲ ਨਾਲ ਉਸ ਨੇ ਗੁਰੂ ਨੂੰ ਹਰ ਰੋਜ਼ ਨਵੀਂ ਤੋਂ ਨਵੀਂ ਬੇਇੱਜ਼ਤੀ ਨਾਲ ਦੁਖੀ ਕਰਨਾ ਸ਼ੁਰੂ ਕਰ ਦਿੱਤਾ। ਉਸ ਨਿਰਬਲ ਸੰਤ ਦੇ ਚੇਹਰੇ ਉੱਪਰ ਵੀ ਕਈ ਵਾਰ ਲੱਤਾਂ ਮਾਰੀਆਂ ਗਈਆਂ ਅਤੇ ਉਸ ਨੂੰ ਉਸ ਸਮੇਂ ਤੱਕ ਖਾਣ ਤੋਂ ਵੀ ਰੋਕਿਆ ਗਿਆ ਜਦੋਂ ਤੱਕ ਕਿ ਉਹ ਹੋਰ ਧਨ ਨਹੀਂ ਅਦਾ ਕਰਦਾ ਸੀ।
“ਉਸ (ਅਮੀਰ ਹਿੰਦੂ) ਨੂੰ ਇਹ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ ਕਿ ਉਸ (ਗੁਰੂ) ਕੋਲ ਕੋਈ ਧਨ ਨਹੀਂ ਸੀ ਭਾਵੇਂ ਕਿ ਉਸ ਕੋਲ ਬਿਲਕੁਲ ਕੁਝ ਵੀ ਨਹੀਂ ਸੀ ਅਤੇ ਕੋਈ ਹੋਰ ਵੀ ਉਸ ਨੂੰ ਦੇਣ ਲਈ ਤਿਆਰ ਨਹੀਂ ਸੀ। ਇਸ ਤਰ੍ਹਾਂ ਉਸ (ਅਮੀਰ ਹਿੰਦੂ) ਰਾਹੀਂ ਦਿੱਤੇ ਗਏ ਜ਼ਖ਼ਮਾਂ, ਦੁੱਖਾਂ ਅਤੇ ਬੇਇਜ਼ਤੀ ਕਰਨ ਵਾਲੇ ਵਿਵਹਾਰ ਸਦਕਾ ਉਹ ਨਿਰਬਲ ਗੁਰੂ ਮਰ (ਸ਼ਹੀਦ ਹੋ) ਗਿਆ।
“ਇਹ ਜ਼ਮਾਨਤ ਦੇਣ ਵਾਲਾ (ਅਮੀਰ ਹਿੰਦੂ) ਭੱਜ ਕੇ ਬਚਣਾ ਚਾਹੁੰਦਾ ਸੀ ਪਰ ਆਖ਼ਰਕਾਰ ਇਸ ਨੂੰ ਪਕੜ ਲਿਆ ਗਿਆ ਅਤੇ ਉਸ ਦੀ ਸਾਰੀ ਜਾਇਦਾਦ ਨੂੰ ਜ਼ਬਤ ਕਰ ਲਿਆ ਗਿਆ”।
ਇਸ ਪੱਤਰ ਵਿੱਚ ਕੁਝ ਗੱਲਾਂ ਖ਼ਾਸ ਧਿਆਨ ਮੰਗਦੀਆਂ ਹਨ। ਇੱਕ ਤਾਂ ਇਹ ਕਿ ਗੁਰੂ ਜੀ ਨੂੰ ਇੱਕ ਅਮੀਰ ਹਿੰਦੂ ਦੇ ਜ਼ੁਰਮਾਨੇ ਦੀ ਰਕਮ ਅਦਾ ਕਰਨ ਦੀ ਜ਼ਾਮਨੀ ਦੇ ਕੇ ਆਪਣੀ ਹਿਰਾਸਤ ਵਿੱਚ ਲੈ ਲਿਆ ਸੀ। ਭਾਵੇਂ ਇਸ ਅਮੀਰ ਹਿੰਦੂ ਦਾ ਨਾਂ ਨਹੀਂ ਦਿੱਤਾ ਗਿਆ। ਪਰ ਮੁੱਢਲੀਆਂ ਸਿੱਖ ਲਿਖਤਾਂ ਵਿੱਚ ਗੁਰੂ ਜੀ ਦੀ ਸ਼ਹਾਦਤ ਦਾ ਮੁੱਖ ਜ਼ਿੰਮੇਵਾਰ ਇੱਕ ਅਮੀਰ ਹਿੰਦੂ ਚੰਦੂ ਸ਼ਾਹ ਨੂੰ ਦੱਸਿਆ ਗਿਆ ਹੈ। ਇਹ ਲਾਹੌਰ ਦਾ ਦੀਵਾਨ ਸੀ ਜਿਸ ਦੀ ਸਰਕਾਰੇ ਦਰਬਾਰੇ ਚੰਗੀ ਚੱਲਦੀ ਸੀ। ਇਹ ਅਮੀਰ ਹਿੰਦੂ ਇਸੇ ਚੰਦੂ ਸ਼ਾਹ ਨੂੰ ਮੰਨਿਆ ਜਾਣਾ ਚਾਹੀਦਾ ਹੈ।
ਮਹਿਮਾ ਪ੍ਰਕਾਸ਼ ਜੋ 1870 ਵਿਆਂ ਦੀ ਲਿਖਤ ਹੈ, ਵੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ, ਇਸ ਅਨੁਸਾਰ :-
ਸਤਿਗੁਰ ਮਹਿਮਾ ਦੇਖਿ ਕਰ ਚੰਦੂ ਹਿਰਦਾ ਜਰਾਇ।
ਕਰਮ ਕਾਲ ਕੇ ਬਸ ਭਯਾ ਪੁਨ ਚੁਗਲੀ ਕੀਨੀ ਜਾਇ।
ਤਬੀ ਦੁਸ਼ਟ ਇਕ ਮਕਰ ਬਨਾਇਆ।
ਜਹਾਂਗੀਰ ਕੋ ਲੋਭ ਦਿੜਾਇਆ।
ਜੋ ਸਪੁਰਦ ਹਮਰੀ ਕਰ ਦੀਜੈ।
ਦੁਇ ਲਾਖ ਰੁਪਯਾ ਹਮ ਸੌ ਲੀਜੈ।
ਜਬ ਬਾਦਸ਼ਾਹ ਲੋਭ ਮਨ ਕਰੇ।
ਧਰਮ ਅਦਾਲਤ ਸਭ ਪਰਹਰੇ।
ਤਬ ਲਿਖਾਏ ਚੰਦੂ ਸੋ ਲੀਨਾ।
ਸਪੁਰਦ ਮਾਮਲਾ ਤਾ ਕੋ ਕੀਤਾ।
1870 ਵਿਆਂ ਦੀ ਹੀ ਇੱਕ ਹੋਰ ਕਨੱਈਆ ਲਾਲ ਦੀ ਲਿਖਤ ਤਾਰੀਖ-ਇ-ਪੰਜਾਬ ਵੀ ਇਸ ਗੱਲ ਦੀ ਇੰਨ-ਬਿੰਨ ਪ੍ਰੋੜਤਾ ਕਰਦੀ ਹੈ। ਇਸ ਅਨੁਸਾਰ ਬਾਦਸ਼ਾਹ ਬਿਗੜ ਗਿਆ ਤੇ ਲਾਹੌਰ ਵਿੱਚ ਗੁਰੂ ਜੀ ਨੂੰ ਤਲਬ ਕੀਤਾ ਗਿਆ। ਉਨ੍ਹਾਂ ਨੂੰ ਚੰਦੂ ਦੀ ਸਪੁਰਦਗੀ ਵਿੱਚ ਰੱਖਿਆ ਗਿਆ। ਚੰਦੂ ਨੇ ਗੁਰੂ ਜੀ ਦਾ ਡੇਰਾ ਆਪਣੇ ਮਕਾਨ ਵਿੱਚ ਕਰਵਾਇਆ… ਬਾਦਸ਼ਾਹ ਉਨ੍ਹਾਂ ਦਿਨਾਂ ਵਿੱਚ ਕਸ਼ਮੀਰ ਚਲਾ ਗਿਆ ਸੀ ਤੇ ਗੁਰੂ ਜੀ ਉਸੇ ਤਰ੍ਹਾਂ ਚੰਦੂ ਦੇ ਹਵਾਲੇ ਰਹੇ : “ਇਸ ਲਈ ਚੰਦੂ ਨੇ ਗੁਰੂ ਜੀ ਨੂੰ ਲਗਾਤਾਰ ਤਸੀਹੇ ਦੇਣੇ ਸ਼ੁਰੂ ਕੀਤੇ ਤੇ ਅਜਿਹੇ ਅਤਿਆਚਾਰ ਕੀਤੇ ਜਿਨ੍ਹਾਂ ਨੂੰ ਕਲਮ ਬਿਆਨ ਨਹੀਂ ਕਰ ਸਕਦੀ ਤੇ ਜ਼ਬਾਨ ਦੱਸ ਨਹੀਂ ਸਕਦੀ”। ਗਯਾਨੀ ਗਯਾਨ ਸਿੰਘ ਵੀ ਇਸੇ ਤਰ੍ਹਾਂ ਲਿਖਦਾ ਹੈ : “ਚੰਦੂ ਦੁਸ਼ਟ ਮੌਕਾ ਪਾਕਰ ਸੇਵਾ ਕਰਨ ਦੇ ਬਹਾਨੇ ਜ਼ਮਾਨਤ ਪਰ ਗੁਰੂ ਜੀ ਨੂੰ ਆਪਣੇ ਘਰ ਲੈ ਗਿਆ।” ਇਸ ਤਰ੍ਹਾਂ ਇਸ ਗੱਲ ਦੀ ਬੜੀ ਸਪੱਸ਼ਟਤਾ ਨਾਲ ਪੁਸ਼ਟੀ ਹੋ ਜਾਂਦੀ ਹੈ ਕਿ ਬਾਦਸ਼ਾਹ ਨੇ ਗੁਰੂ ਜੀ ਨੂੰ ਇੱਕ ਹਿੰਦੂ ਅਹਿਲਕਾਰ ਚੰਦੂ ਦੇ ਹਵਾਲੇ ਕਰ ਦਿੱਤਾ ਸੀ ਅਤੇ ਇਸ ਨੇ ਹੀ ਗੁਰੂ ਜੀ ਨੂੰ ਤਸੀਹੇ ਦਿੱਤੇ ਸਨ।
ਦੂਜੀ ਗੱਲ ਹੈ, ਸ਼ਾਹਜ਼ਾਦਾ ਖੁਸਰੋ ਨੂੰ ਗੁਰੂ ਜੀ ਵੱਲੋਂ ਆਸ਼ੀਰਵਾਦ ਦੇਣ ਦੀ। ਇਸ ਦੀ ਪੁਸ਼ਟੀ ਬਾਦਸ਼ਾਹ ਦੀ ਆਪਣੀ ਲਿਖਤ ਤੋਂ ਵੀ ਹੋ ਜਾਂਦੀ ਹੈ ਅਤੇ ਗੁਰੂ ਹਰਿਗੋਬਿੰਦ ਸਾਹਿਬ ਦੇ ਸਮਕਾਲੀ ਲੇਖਕ ਮੁਹਸਿਨ ਫਾਨੀ ਦੀ ਲਿਖਤ ਤੋਂ ਵੀ। ਮੁੱਢਲੀਆਂ ਸਿੱਖ ਲਿਖਤਾਂ ਵੀ ਇਸ ਗੱਲ ਦੀ ਪ੍ਰੋੜਤਾ ਕਰਦੀਆਂ ਹਨ।
ਤੀਜੀ ਗੱਲ ਹੈ ਕਿ ਗੁਰੂ ਜੀ ਨੂੰ ਭਾਰੀ ਜੁਰਮਾਨਾ ਕਰਨ ਦੀ। ਇਸ ਗੱਲ ਦੀ ਪੁਸ਼ਟੀ ਮੋਹਸਿਨਫਾਨੀ ਦੀ ਲਿਖਤ ਤੋਂ ਹੋ ਜਾਂਦੀ ਹੈ “ਜ਼ੁਰਮਾਨੇ ਦੀ ਇੱਕ ਭਾਰੀ ਰਕਮ ਗੁਰੂ ਉੱਤੇ ਥਾਪੀ ਗਈ ਅਤੇ ਗੁਰੂ ਇਸ ਨੂੰ ਅਦਾ ਕਰਨ ਤੋਂ ਅਸਮਰੱਥ ਸੀ”।
ਚੌਥੀ ਗੱਲ ਹੈ ਕਿ ਇਹ ਅਮੀਰ ਹਿੰਦੂ (ਚੰਦੂ) ਗੁਰੂ ਜੀ ਦੀ ਸ਼ਹਾਦਤ ਪਿੱਛੋਂ ਭੱਜ ਕੇ ਬੱਚਣਾ ਚਾਹੁੰਦਾ ਸੀ। ਭੱਜਣ ਦੇ ਕਈ ਕਾਰਨ ਹੋ ਸਕਦੇ ਸਨ। ਇੱਕ ਤਾਂ ਇਹ ਹੋ ਸਕਦਾ ਸੀ ਕਿ ਜਿਹੜਾ ਜ਼ੁਰਮਾਨਾ ਤਾਰਨ ਦੀ ਜਾਮਨੀ ਅਮੀਰ ਹਿੰਦੂ ਨੇ ਬਾਦਸ਼ਾਹ ਨੂੰ ਦਿੱਤੀ ਸੀ ਉਹ ਗੁਰੂ ਜੀ ਦੇ ਸ਼ਹੀਦ ਹੋ ਜਾਣ ਕਰਕੇ ਉਸ ਨੂੰ ਆਪ ਤਾਰਨੀ ਪੈਣੀ ਸੀ। ਇਹ ਵੀ ਹੋ ਸਕਦਾ ਸੀ ਕਿ ਉਹ ਗੁਰੂ ਜੀ ਨੂੰ ਸ਼ਹੀਦ ਕਰਨ ਕਰਕੇ ਬਾਦਸ਼ਾਹ ਤੋਂ ਡਰ ਗਿਆ ਹੋਵੇ ਜਾਂ ਉਹ ਸਿੱਖਾਂ ਕੋਲੋਂ ਡਰ ਗਿਆ ਹੋਵੇ।
ਇਸ ਤਰ੍ਹਾਂ ਅਸੀਂ ਪੱਤਰ ਨੂੰ ਮੁੱਢਲੀ ਜਾਣਕਾਰੀ ਦੇਣ ਵਾਲਾ ਇੱਕ ਅਤੀ ਅਹਿਮ ਦਸਤਾਵੇਜ਼ ਜਾਂ ਗਵਾਹੀ ਕਹਿ ਸਕਦੇ ਹਾਂ। ਜਹਾਂਗੀਰ ਦੇ ਬਿਆਨ ਨਾਲੋਂ ਇਸ ਪੱਤਰ ਵਿੱਚ ਦਿੱਤੀ ਗਈ ਜਾਣਕਾਰੀ ਦਾ ਇਹ ਫਰਕ ਹੈ ਕਿ ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਜੀ ਨੂੰ ਬਾਦਸ਼ਾਹ ਨੇ ਕਿਸੇ ਅਮੀਰ ਹਿੰਦੂ ਦੇ ਹਵਾਲੇ ਕਰ ਦਿੱਤਾ ਸੀ ਅਤੇ ਦੂਜਾ ਇਹ ਕਿ ਗੁਰੂ ਸਾਹਿਬ ਅਨੇਕਾਂ ਤਸੀਹੇ ਸਹਿੰਦੇ ਹੋਏ ਸ਼ਹੀਦ ਹੋ ਗਏ ਸਨ।
ਕੁਝ ਇਤਿਹਾਸਕਾਰ ਜਿਵੇਂ ਕਿ ਡਾ. ਗੰਡਾ ਸਿੰਘ, ਇਸ ਪੱਤਰ ਦੀ ਇਹ ਗੱਲ ਰੱਦ ਕਰਦੇ ਹਨ ਕਿ ਗੁਰੂ ਜੀ ਨੂੰ ਬਾਦਸ਼ਾਹ ਨੇ ਕੋਈ ਜ਼ੁਰਮਾਨਾ ਨਹੀਂ ਕੀਤਾ ਸੀ। ਇਸ ਨੂੰ ਰੱਦ ਕਰਨ ਦਾ ਆਧਾਰ ਉਨ੍ਹਾਂ ਦਾ ਇਹ ਹੀ ਹੈ ਕਿ ਜ਼ੁਰਮਾਨਾ ਕਰਨ ਦੀ ਗੱਲ ਕਿਉਂਕਿ ਬਾਦਸ਼ਾਹ ਦੀ ਆਪਣੀ ਲਿਖਤ ਵਿੱਚ ਨਹੀਂ ਹੈ। ਪਰ ਡਾ. ਸਾਹਿਬ ਖੁਦ ਹੀ ਇਹ ਲਿਖੀ ਹੋਈ ਗੱਲ ਨੂੰ ਰੱਦ ਕਰ ਚੁੱਕੇ ਹਨ ਕਿ ਗੁਰੂ ਜੀ ਨੇ ਖੁਸਰੋ ਨੂੰ ਆਸ਼ੀਰਵਾਦ ਦਿੱਤਾ ਸੀ। ਇਸੇ ਹੀ ਲਿਖਤ ਦੀ ਦੂਜੀ ਗੱਲ ਮੁਰਤਜ਼ਾ ਖ਼ਾਨ ਦੇ ਹਵਾਲੇ ਕਰਨ ਵਾਲੀ ਗਲਤ ਸਾਬਤ ਹੋ ਗਈ ਹੈ ਫਿਰ ਜੇ ਬਾਦਸ਼ਾਹ ਨੇ ਜ਼ੁਰਮਾਨਾ ਕਰਨ ਵਾਲੀ ਗੱਲ ਆਪਣੇ ਬਿਆਨ ਵਿੱਚ ਸ਼ਾਮਲ ਨਹੀਂ ਕੀਤੀ ਕੀ ਇਸ ਨਾਲ ਇਹ ਸਾਬਤ ਹੋ ਜਾਵੇਗਾ ਕਿ ਗੁਰੂ ਜੀ ਨੂੰ ਜ਼ੁਰਮਾਨਾ ਕੀਤਾ ਹੀ ਨਹੀਂ ਗਿਆ ਸੀ ? ਪਹਿਲਾਂ ਵੀ ਲਿਖਿਆ ਜਾ ਚੁੱਕਿਆ ਹੈ ਕਿ ਜਹਾਂਗੀਰ ਦੀ ਲਿਖਤ ਕੋਈ ਰੱਬ ਤੋਂ ਉਤਰੀ ਹੋਈ ਲਿਖਤ ਨਹੀਂ ਜਿਸ ਦਾ ਅੱਖਰ ਅੱਖਰ ਸੱਚ ਹੋਵੇ। ਇਹ ਲਿਖਤ ਪੂਰੀ ਬੇਪਰਵਾਹੀ ਨਾਲ ਲਿਖੀ ਹੋਈ ਹੈ। ਫਾਦਰ ਜ਼ੇਵੀਅਰ ਨੇ ਜਿੰਨੇ ਸਪੱਸ਼ਟ ਤਰੀਕੇ ਨਾਲ ਇਸ ਗੱਲ ਬਾਰੇ ਲਿਖਿਆ ਹੈ ਉਨੀ ਸਪੱਸ਼ਟਤਾ ਜਹਾਂਗੀਰ ਦੀ ਆਪਣੀ ਲਿਖਤ ਦੀ ਵੀ ਨਹੀਂ ਹੈ।
ਇਸ ਕਰਕੇ ਸਿੱਟੇ ਦੇ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਗੁਰੂ ਅਰਜਨ ਦੇਵ ਜੀ ਨੂੰ ਇੱਕ ਧਾਰਮਿਕ ਸਾੜੇ ਦੇ ਕਾਰਨ ਪਕੜਿਆ ਗਿਆ ਸੀ। ਬਹਾਨਾ ਭਾਵੇਂ ਸ਼ਾਹਜ਼ਾਦਾ ਖੁਸਰੋ ਨੂੰ ਆਸ਼ੀਰਵਾਦ ਦੇਣ ਦਾ ਬਣਾਇਆ ਗਿਆ ਸੀ। ਇਹ ਬਹਾਨਾ ਸੌਖਾ ਹੀ ਬਣ ਸਕਦਾ ਸੀ ਕਿਉਂਕਿ ਸ਼ਾਹਜ਼ਾਦਾ ਖੁਸਰੋ ਦੀਆਂ ਫੌਜਾਂ ਦੀ ਬਾਦਸ਼ਾਹ ਦੀਆਂ ਫੌਜਾਂ ਨਾਲ ਲੜਾਈ, ਗੋਇੰਦਵਾਲ ਸਾਹਿਬ ਦੇ ਨੇੜਲੇ ਖੇਤਰ ਵਿੱਚ ਹੀ ਹੋਈ ਸੀ। ਬਾਦਸ਼ਾਹ ਦੀਆਂ ਫੌਜਾਂ ਦੀ ਅਗਵਾਈ ਮੁਰਤਜ਼ਾ ਖ਼ਾਨ ਕਰ ਰਿਹਾ ਸੀ। ਇਸ ਦਾ ਪੂਰਾ ਨਾਂ ਸ਼ੇਖ ਫਰੀਦ ਬੁਖਾਰੀ ਸੀ। ਇਹ ਸਰਹਿੰਦ ਦੇ ਮੁਜ਼ੱਦਦ ਅਲਫ ਸਾਨੀ ਦਾ ਮੁਰੀਦ ਸੀ। ਗੁਰੂ ਅਰਜਨ ਦੇਵ ਜੀ ਦਾ ਡੇਰਾ ਗੋਇੰਦਵਾਲ ਵਿਖੇ ਹੀ ਸੀ। ਇਸ ਕਰਕੇ ਗੁਰੂ ਸਾਹਿਬ ਦੇ ਵਿਰੋਧੀ ਅਜਿਹਾ ਬਹਾਨਾ ਸੌਖਿਆਂ ਹੀ ਬਣਾ ਸਕਦੇ ਸਨ। ਨਹੀਂ ਤਾਂ ਜੇਕਰ ਦੇਖਿਆ ਜਾਵੇ ਤਾਂ ਖੁਸਰੋ ਦਾ ਮਸਲਾ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੱਕ ਨਿਬੜ ਚੁੱਕਿਆ ਸੀ। ਖੁਸਰੋ ਨੂੰ 26 ਅਪ੍ਰੈਲ, 1606 ਨੂੰ ਫੜ੍ਹ ਕੇ ਕਾਫ਼ੀ ਹੱਦ ਤੱਕ ਅੰਨ੍ਹਾ ਕੀਤਾ ਜਾ ਚੁੱਕਿਆ ਸੀ ਅਤੇ ਉਸ ਦੇ ਮਦਦਗਾਰਾਂ ਅਤੇ ਹਮਾਇਤੀਆਂ ਨੂੰ ਤੁਰੰਤ ਹੀ ਸਜਾਵਾਂ ਦਿੱਤੀਆਂ ਜਾ ਚੁੱਕੀਆਂ ਸਨ। ਇਹ ਸਭ ਝੱਟ-ਪੱਟ ਹੀ ਬਾਦਸ਼ਾਹ ਨੇ ਆਪਣੀ ਹਾਜ਼ਰੀ ਵਿੱਚ ਕੀਤਾ ਸੀ ਅਤੇ ਖੁਸਰੋ ਦੀਆਂ ਅੱਖਾਂ ਸਾਹਮਣੇ ਕੀਤਾ ਗਿਆ ਸੀ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ 30 ਮਈ ਨੂੰ ਹੋਈ ਸੀ। ਇਸ ਸਮੇਂ ਜਹਾਂਗੀਰ ਲਾਹੌਰ ਤੋਂ ਕਸ਼ਮੀਰ ਵੱਲ ਜਾ ਚੁੱਕਿਆ ਸੀ। ਜਹਾਂਗੀਰ, ਗੁਰੂ ਜੀ ਨੂੰ ਖ਼ਤਮ ਕਰਨਾ ਚਾਹੁੰਦਾ ਸੀ ਪਰ ਜੋ ਦਿਲਚਸਪੀ ਉਸ ਨੇ ਖੁਸਰੋ ਦੇ ਹਮਾਇਤੀਆਂ ਨੂੰ ਸਜਾਵਾਂ ਦੇਣ ਵਿੱਚ ਲਈ ਸੀ ਉਸ ਤਰ੍ਹਾਂ ਦੀ ਦਿਲਚਸਪੀ ਉਸ ਨੇ ਗੁਰੂ ਅਰਜਨ ਦੇਵ ਜੀ ਦੇ ਮਾਮਲੇ ਵਿੱਚ ਨਹੀਂ ਲਈ ਸੀ। ਗੁਰੂ ਅਰਜਨ ਦੇਵ ਜੀ ਨੂੰ ਉਹ ਚੰਦੂ ਦੇ ਹਵਾਲੇ ਕਰਕੇ ਆਪ ਕਸ਼ਮੀਰ ਨੂੰ ਚਲਾ ਗਿਆ ਸੀ। ਗੁਰੂ ਸਾਹਿਬ ਦੇ ਮਾਮਲੇ ਵਿੱਚ ਉਸ ਦੀ ਮੁੱਖ ਦਿਲਚਸਪੀ ਪੈਸਾ ਹੜੱਪਣ ਦੀ ਸੀ ਜਿਹੜਾ ਉਸ ਨੇ ਚੰਦੂ ਦੀ ਜ਼ਾਮਨੀ ਦੇ ਰੂਪ ਵਿੱਚ ਲੈ ਲਿਆ ਸੀ। ਇਸ ਲਈ ਖੁਸਰੋ ਦਾ ਬਹਾਨਾ ਤਾਂ ਸਿਰਫ਼ ਗੁਰੂ ਅਰਜਨ ਦੇਵ ਜੀ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਨੂੰ ਰਾਜਸੀ ਬਗ਼ਾਵਤ ਦੀ ਰੰਗਤ ਦੇਣ ਤੱਕ ਹੀ ਸੀਮਤ ਸੀ। ਨਾ ਗੁਰੂ ਜੀ ਪਾਸ ਕੋਈ ਸੈਨਾ ਸੀ, ਨਾ ਹੀ ਗੁਰੂ ਜੀ ਕੋਈ ਲੜਾਕੂ ਰੁਚੀਆਂ ਰੱਖਣ ਵਾਲੇ ਨੇਤਾ ਸਨ ਅਤੇ ਨਾ ਹੀ ਗੁਰੂ ਜੀ ਦਾ ਕੋਈ ਰਾਜਸੀ ਨਿਸ਼ਾਨਾ ਹੀ ਸੀ। ਜੇ ਖੁਸਰੋ ਗੁਰੂ ਜੀ ਨੂੰ ਮਿਲਿਆ ਹੋਵੇਗਾ ਤਾਂ ਸਿਰਫ਼ ਆਮ ਯਾਤਰੀਆਂ ਦੀ ਤਰ੍ਹਾਂ। ਆਮ ਯਾਤਰੀਆਂ ਦੀ ਤਰ੍ਹਾਂ ਹੀ ਗੁਰੂ ਜੀ ਨੇ ਉਸ ਨੂੰ ਆਸ਼ੀਰਵਾਦ ਦਿੱਤਾ ਹੋਵੇਗਾ। ਇਹ ਵੀ ਧਿਆਨ ਰੱਖਣ ਯੋਗ ਗੱਲ ਹੈ ਕਿ ਖੁਸਰੋ ਪੰਜਾਬ ਵਿੱਚ ਆਉਣ ਤੋਂ ਪਹਿਲਾਂ ਆਪਣੀ ਲੜਾਈ ਹਾਰ ਚੁੱਕਿਆ ਸੀ। ਪੰਜਾਬ ਵਿੱਚ ਸਿਰਫ਼ ਉਹ ਕਾਬਲ ਨੂੰ ਭੱਜਿਆ ਜਾਂਦਾ ਹੀ ਆਇਆ ਸੀ। ਲੜਾਈ ਵਿੱਚੋਂ ਹਾਰੇ ਹੋਏ ਨੂੰ ਅਤੇ ਬਾਦਸ਼ਾਹੀ ਫੌਜਾਂ ਮੂਹਰੇ ਭੱਜੇ ਜਾਂਦੇ ਹੋਏ ਵਿਅਕਤੀ ਨੂੰ ਕੋਈ ਹੰਡਿਆ ਵਰਤਿਆ ਨੇਤਾ ਕਦੇ ਵੀ ਤਖ਼ਤ ਪ੍ਰਾਪਤ ਕਰਨ ਦੀ ਜਾਂ ਸੁਤੰਤਰਤਾ ਪ੍ਰਾਪਤ ਕਰਨ ਦੀ ਆਸ਼ੀਰਵਾਦ ਕਿਵੇਂ ਦੇ ਸਕਦਾ ਹੈ ? ਗੁਰੂ ਸਾਹਿਬ ਇੱਕ ਲਹਿਰ ਦੇ ਨੇਤਾ ਸਨ ਅਤੇ ਇੱਕ ਨਵੀਂ ਸਿਰਜੀ ਜਾਣ ਵਾਲੀ ਕੌਮ ਦੇ ਰਹਿਬਰ ਸਨ। ਉਹ ਸਿੱਧਾ ਬਾਦਸ਼ਾਹ ਨਾਲ ਵਿਰੋਧ ਵਿੱਚ ਆ ਕੇ ਕਦੇ ਵੀ ਆਪਣੀ ਨਵ-ਸਿਰਜੀ ਜਾ ਰਹੀ ਕੌਮ ਨੂੰ ਖਤਰੇ ਵਿੱਚ ਨਹੀਂ ਪਾ ਸਕਦੇ ਸਨ।
ਅਮੀਰ ਹਿੰਦੂ (ਚੰਦੂ) ਨੇ ਗੁਰੂ ਸਾਹਿਬ ਤੋਂ ਜ਼ੁਰਮਾਨੇ ਦੀ ਰਕਮ ਵਸੂਲਣ ਲਈ ਤਰ੍ਹਾਂ ਤਰ੍ਹਾਂ ਦੇ ਦਰਦਨਾਕ ਤਸੀਹੇ ਦਿੱਤੇ ਪਰ ਗੁਰੂ ਜੀ ਜ਼ੁਰਮਾਨਾ ਦੇਣਾ ਨਾ ਮੰਨੇ। ਇਨ੍ਹਾਂ ਤਸੀਹਿਆਂ ਵਿੱਚ ਇੱਕ ਢੰਗ ਇਹ ਵੀ ਸੀ ਕਿ ਗੁਰੂ ਸਾਹਿਬ ਨੂੰ ਕੜਕਦੀ ਧੁੱਪ ਵਿੱਚ ਕਿਲ੍ਹੇ ਦੇ ਇੱਕ ਬੁਰਜ਼ ਦੀ ਛੱਤ ਉੱਤੇ ਬਿਠਾਇਆ ਗਿਆ। ਉਨ੍ਹਾਂ ਦੇ ਹੇਠਾਂ ਅੱਗ ਵਾਂਗ ਤਪਦੀ ਤੱਤੀ ਰੇਤ ਰੱਖ ਗਈ। ਇਹ ਉਨ੍ਹਾਂ ਦੇ ਸਰੀਰ ਉਪਰ ਵੀ ਪਾਈ ਗਈ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦਾ ਸਰੀਰ ਛਾਲਿਆਂ ਨਾਲ ਭਰ ਗਿਆ ਸੀ। ਇਨ੍ਹਾਂ ਛਾਲਿਆਂ ਨਾਲ ਭਰੇ ਸਰੀਰ ਨੂੰ ਹੋਰ ਤੜਪਾਉਣ ਲਈ ਉਨ੍ਹਾਂ ਨੂੰ ਦਰਿਆ ਦੇ ਪਾਣੀ ਵਿੱਚ ਲਮਕਾਇਆ ਜਾਂਦਾ ਸੀ। ਰਾਵੀ ਦਰਿਆ ਉਸ ਸਮੇਂ ਲਾਹੌਰ ਦੇ ਕਿਲ੍ਹੇ ਦੀ ਕੰਧ ਦੇ ਨਾਲ ਲੱਗਵਾਂ ਹੀ ਵੱਗਦਾ ਸੀ। ਇਸ ਕਿਰਿਆ ਵਿੱਚ ਗੁਰੂ ਜੀ ਸ਼ਹੀਦ ਹੋ ਗਏ।
ਗੁਰੂ ਜੀ ਦੇ ਅੰਤਮ ਸਮੇਂ ਨਾਲ ਸੰਬੰਧਤ ਇੱਕ ਗੱਲ ਦਾ ਖ਼ਾਸ ਜ਼ਿਕਰ ਆਉਂਦਾ ਹੈ ਇਸ ਬਾਰੇ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ। ਇਹ ਜ਼ਿਕਰ ਹੈ ਕਿ ਗੁਰੂ ਜੀ ਅੰਤਮ ਸਮੇਂ ਦਰਿਆ ਵਿੱਚ ਰੁੜ ਗਏ ਸਨ। ਦਰਿਆ ਵਿੱਚ ਰੁੜਨ ਦੇ ਜਾਂ ਡੁੱਬਣ ਦੇ ਕਈ ਕਾਰਨ ਵੀ ਦਿੱਤੇ ਗਏ ਹਨ। ਇਸ ਬਾਰੇ ਮੁੱਖ ਵਿਚਾਰ ਇਹ ਦਿੱਤਾ ਜਾਂਦਾ ਹੈ ਕਿ ਗੁਰੂ ਜੀ ਨੇ ਗਊ ਦੀ ਕੱਚੀ ਖੱਲ ਵਿੱਚ ਮੜੇ ਜਾਣ ਤੋਂ ਬਚਣ ਲਈ ਜਾਂ ਹੋਰ ਤਸੀਹਿਆਂ ਤੋਂ ਬਚਣ ਲਈ ਦਰਿਆ ਵਿੱਚ ਡੁੱਬ ਕੇ ਆਤਮ ਹੱਤਿਆ ਕਰ ਲਈ। ਇਹ ਗੱਲ ਗਲਤ ਹੈ। ਫਾਦਰ ਜੈਰੋਮ ਜ਼ੇਵੀਅਰ ਦੇ ਖ਼ਤ ਦੇ ਅਖ਼ੀਰ ਵਿੱਚ ਲਿਖਿਆ ਹੋਇਆ ਹੈ ਕਿ ਗੁਰੂ ਜੀ ਦੀ ਮੌਤ ਹੋ ਜਾਣ ਪਿੱਛੋਂ ਉਸ ਅਮੀਰ ਹਿੰਦੂ ਨੇ, ਜਿਸ ਨੇ ਗੁਰੂ ਜੀ ਨੂੰ ਤਸੀਹੇ ਦਿੱਤੇ ਸਨ, ਭੱਜ ਕੇ ਆਪਣੇ ਆਪ ਨੂੰ ਬਚਾਉਣਾ ਚਾਹਿਆ ਪਰ ਉਹ ਅਖ਼ੀਰ ਨੂੰ ਪਕੜਿਆ ਗਿਆ ਅਤੇ ਮਾਰ ਦਿੱਤਾ ਗਿਆ। ਇਸ ਦੀ ਰੌਸ਼ਨੀ ਵਿੱਚ ਹੀ ਗੁਰੂ ਜੀ ਦੀ ਸ਼ਹੀਦੀ ਨੂੰ ਦੇਖਿਆ ਜਾਣਾ ਚਾਹੀਦਾ ਹੈ। ਜਿਸ ਬੰਦੇ ਦੇ ਹਵਾਲੇ ਗੁਰੂ ਜੀ ਨੂੰ ਬਾਦਸ਼ਾਹ ਨੇ ਆਪ ਕੀਤਾ ਹੋਵੇ ਉਸ ਨੂੰ ਭੱਜਣ ਦੀ ਕੀ ਜ਼ਰੂਰਤ ਹੋ ਸਕਦੀ ਸੀ ? ਇਸ ਵਿੱਚ ਅਸਲ ਗੱਲ ਇਹ ਹੀ ਹੋ ਸਕਦੀ ਹੈ ਕਿ ਚੰਦੂ (ਅਮੀਰ ਹਿੰਦੂ) ਨੇ ਗੁਰੂ ਜੀ ਨੂੰ ਆਪਣੀ ਜ਼ਾਮਨੀ ਦੇ ਕੇ ਆਪਣੀ ਸਪੁਰਦਗੀ ਵਿੱਚ ਲਿਆ ਸੀ। ਉਸ ਨੂੰ ਉਮੀਦ ਸੀ ਕਿ ਉਹ ਗੁਰੂ ਜੀ ਕੋਲੋਂ ਜ਼ੁਰਮਾਨਾ ਵਸੂਲ ਪਾ ਲਵੇਗਾ। ਪਰ ਜਦੋਂ ਗੁਰੂ ਜੀ ‘ਤੇ ਉਸ ਦੇ ਦਬਾਅ ਦਾ ਕੋਈ ਅਸਰ ਨਾ ਹੋਇਆ ਤਾਂ ਉਸ ਨੇ ਗੁਰੂ ਜੀ ਨੂੰ ਭਾਂਤ ਭਾਂਤ ਦੇ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ। ਅੱਗ ਨਾਲ ਸਾੜੈ ਹੋਏ ਸਰੀਰ ਉੱਪਰ ਪਾਣੀ ਪਾਉਣਾ ਜਾਂ ਕਿਲ੍ਹੇ ਦੇ ਬੁਰਜ ਉਪਰੋਂ ਹੀ ਗੁਰੂ ਜੀ ਨੂੰ ਦਰਿਆ ਵਿੱਚ ਲਮਕਾਉਣਾ, ਇਨ੍ਹਾਂ ਤਸੀਹਿਆਂ ਦਾ ਇੱਕ ਹੋਰ ਢੰਗ ਸੀ। ਜਦੋਂ ਅਜਿਹੀ ਕਾਰਵਾਈ ਕਰਦੇ ਹੋਏ ਗੁਰੂ ਜੀ ਸ਼ਹੀਦ ਹੋ ਗਏ ਤਾਂ ਉਸ ਚੰਦੂ ਨੇ ਬਾਦਸ਼ਾਹ ਤੋਂ ਜਾਂ ਮੁਰਤਜ਼ਾ ਖ਼ਾਨ ਤੋਂ ਡਰਦੇ ਹੋਏ ਨੇ ਗੁਰੂ ਜੀ ਨੂੰ ਦਰਿਆ ਵਿੱਚ ਹੀ ਰੋੜ ਦਿੱਤਾ ਤਾਂ ਕਿ ਇੱਕ ਤਾਂ ਉਸ ਵੱਲੋਂ ਦਿੱਤੇ ਗਏ ਤਸੀਹਿਆਂ ਦਾ ਪਤਾ ਨਾ ਲੱਗ ਸਕੇ ਅਤੇ ਦੂਸਰਾ ਉਹ ਇਹ ਬਹਾਨਾ ਬਣਾ ਸਕੇ ਕਿ ਉਸ ਨੇ ਤਾਂ ਗੁਰੂ ਨੂੰ ਸ਼ਹੀਦ ਨਹੀਂ ਕੀਤਾ ਸਗੋਂ ਗੁਰੂ ਜੀ ਖੁਦ ਹੀ ਦਰਿਆ ਵਿੱਚ ਰੁੜ ਕੇ ਜਾਂ ਡੁੱਬ ਕੇ ਖੁਦਕੁਸ਼ੀ ਕਰ ਗਏ। ਭਾਵ ਕਿ ਗੁਰੂ ਜੀ ਨਾਲ ਆਤਮਹੱਤਿਆ ਦੀ ਗੱਲ ਜੋੜ ਕੇ ਚੰਦੂ ਨੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਸੀ। ਗੁਰੂ ਜੀ ਤਾਂ ਸ਼ਹੀਦ ਹੋ ਗਏ ਸਨ। ਇਉਂ ਗੁਰੂ ਜੀ ਦਾ ਜੁਰਮਾਨਾ, ਜਿਸ ਦੀ ਕਿ ਚੰਦੂ ਨੇ ਜ਼ਾਮਨੀ ਦਿੱਤੀ ਸੀ, ਉਸ ਨੂੰ ਖੁਦ ਨੂੰ ਹੀ ਅਦਾ ਕਰਨਾ ਪੈਣਾ ਸੀ। ਉਹ ਆਪ ਜ਼ਾਮਨੀ ਦੇਣ ਕਰਕੇ ਹੁਣ ਝੂਠਾ ਪੈ ਰਿਹਾ ਸੀ। ਇਸ ਲਈ ਇੱਕ ਤਾਂ ਗੁਰੂ ਜੀ ਦੀ ਮੌਤ ਦੀ ਜ਼ਿੰਮੇਵਾਰੀ ਤੋਂ ਡਰਦਾ ਅਤੇ ਦੂੂਜਾ ਦੋ ਲੱਖ ਰੁਪਏ ਦੇ ਜ਼ੁਰਮਾਨੇ ਦੀ ਅਦਾਇਗੀ ਤੋਂ ਡਰਦਾ ਉਹ ਭੱਜ ਕੇ ਬਚਣਾ ਚਾਹੁੰਦਾ ਸੀ। ਪਰ ਉਹ ਭੱਜ ਨਾ ਸਕਿਆ ਅਤੇ ਮਾਰਿਆ ਗਿਆ।
ਮੁੱਢਲੀਆਂ ਸਿੱਖ ਲਿਖਤਾਂ ਵਿੱਚ ਇਸ ਗੱਲ ‘ਤੇ ਬਹੁਤ ਜ਼ੋਰ ਦਿੱਤਾ ਗਿਆ ਹੈ ਕਿ ਬਾਦਸ਼ਾਹ ਨੇ ਚੰਦੂ ਨੂੰ ਗੁਰੂ ਹਰਿਗੋਬਿੰਦ ਜੀ ਦੇ ਹਵਾਲੇ ਕਰ ਦਿੱਤਾ ਸੀ ਅਤੇ ਗੁਰੂ ਹਰਿਗੋਬਿੰਦ ਜੀ ਨੇ ਉਸ ਨੂੰ ਪੂਰੀ ਤਰ੍ਹਾਂ ਬੇਇੱਜ਼ਤ ਕਰਕੇ ਮਾਰਿਆ ਸੀ। ਇਨ੍ਹਾਂ ਲਿਖਤਾਂ ਦੀ ਇਸ ਗੱਲ ਨੂੰ ਜੇ ਪੂਰੀ ਤਰ੍ਹਾਂ ਨਾਂ ਵੀ ਮੰਨਿਆ ਜਾਵੇ ਤਾਂ ਵੀ ਇਸ ਗੱਲ ਵਿੱਚ ਇਹ ਤਾਂ ਸੱਚਾਈ ਹੈ ਕਿ ਚੰਦੂ ਨੂੰ ਜਾਂ ਉਹ ਅਮੀਰ ਹਿੰਦੂ ਨੂੰ ਪਿੱਛੋਂ ਮਾਰ ਦਿੱਤਾ ਗਿਆ ਸੀ। ਫਾਦਰ ਜ਼ੇਵੀਅਰ ਦੀ ਗਵਾਹੀ ਇਸ ਵਿੱਚ ਪ੍ਰਤੱਖ ਪ੍ਰਮਾਣ ਮੁਹੱਈਆ ਕਰਦੀ ਹੈ। ਇਸ ਤੋਂ ਮੁੱਢਲੀਆਂ ਸਿੱਖ ਲਿਖਤਾਂ ਵਿੱਚ ਕਹੀ ਗਈ ਗੱਲ ਨੂੰ ਕਾਫ਼ੀ ਬਲ ਮਿਲਦਾ ਹੈ।
ਡਾ. ਚਰਨਜੀਤ ਸਿੰਘ ਗੁਮਟਾਲਾ, 0019375739812(ਯੂ ਐਸ ਏ ),ਵਟਸ ਐਪ 919417533060, [email protected]
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly